ਮਲੇਰਕੋਟਲਾ, 23 ਜੂਨ (ਬਿਉਰੋ): ਸਾਊਦੀ ਹਕੂਮਤ ਵਿਸ਼ਵ ਦੀ ਇਕਲੌਤੀ ਅਜਿਹੀ ਹਕੂਮਤ ਹੈ ਜੋ ਹੱਜ ਬੈਤੁੱਲਾ ਦੌਰਾਨ ਵਿਸ਼ਵ ਦੇ ਸਭ ਤੋਂ ਵੱਡੇ ਇਜ਼ਤਮਾਅ ਦਾ ਪ੍ਰਬੰਧ ਬਾਖੂਬੀ ਕਰਦੀ ਹੈ । ਹੱਜ ਦੇ ਵਿਸ਼ੇਸ਼ 5 ਦਿਨਾਂ ਦੌਰਾਨ ਲੱਖਾਂ ਦੀ ਗਿਣਤੀ ‘ਚ ਹੱਜ ਯਾਤਰੀ ਇਕੋ ਸਥਾਨ ਸਾਊਦੀ ਅਰਬ ਦੇ ਸ਼ਹਿਰ ਮੱਕਾ ਅਲ ਮੁਕੱਰਮਾ ਦੇ ਨੇੜਲੇ ਮੈਦਾਨ ‘ਮਿਨਾ’, ਅਰਾਫਾਤ ਅਤੇ ਮੁਜ਼ਦਲਫਾ ਵਿਖੇ ਇਕੱਠੇ ਹੁੰਦੇ ਹਨ । ਐਨੇ ਵੱਡੇ ਇਕੱਠ ਹੋਣ ਦੇ ਬਾਵਜੂਦ ਕਦੇ ਉੱਥੇ ਪਾਣੀ ਜਾਂ ਖਾਧ ਸਮੱਗਰੀ ਦੀ ਘਾਟ ਮਹਿਸੂਸ ਨਹੀਂ ਹੋਈ ਬਲਿਕ ਹੱਜ ਦੌਰਾਨ ਜ਼ਿਆਦਾਤਰ ਪਾਣੀ, ਜੂਸ, ਦੁੱਧ, ਦਹੀ, ਬਿਸਕੁਟ, ਬਰੈਡ ਵਗੈਰਾ ਬਿਲਕੁਲ ਮੁਫਤ ਤਕਸੀਮ ਕੀਤੇ ਜਾਂਦੇ ਹਨ । ਐਨੇ ਵੱਡੇ ਪ੍ਰਬੰਧ ਨੂੰ ਨਿਵੇਕਲੇ ਢੰਗ ਨਾਲ ਚਲਾਉਣ ਲਈ ਸਾਊਦੀ ਹਕੂਮਤ ਮੁਬਾਰਕਬਾਦ ਦੀ ਹੱਕਦਾਰ ਹੈ, ਜਦੋਕਿ ਇਸ ਸਬੰਧੀ ਕਿਸੇ ਸਾਊਦੀ ਅਧਿਕਾਰੀ ਨਾਲ ਗੱਲਬਾਤ ਕਰੀਏ ਤਾਂ ਜਵਾਬ ਹੁੰਦਾ ਹੈ ਕਿ ਇਹ ਤਾਂ ਅੱਲ੍ਹਾ ਦੇ ਮਹਿਮਾਨਾਂ ਦਾ ਹਜ਼ੂਮ ਹੈ ਇਸ ਦਾ ਪ੍ਰਬੰਧ ਖੁਦ ਅੱਲ੍ਹਾ ਪਾਕ ਹੀ ਚਲਾਉਂਦੇ ਹਨ ।
ਹੱਜ 2023 ਲਈ ਦੁਨੀਆ ਭਰ ਦੇ 160 ਦੇਸ਼ਾਂ ਵਿੱਚੋਂ 20 ਲੱਖ ਤੋਂ ਜ਼ਿਆਦਾ ਹੱਜ ਯਾਤਰੀ ਸਾਊਦੀ ਅਰਬ ਪਹੁੰਚੇ ਹਨ ਜੋ ਅੱਜ ਸਾਰੇ ਹੀ ਮੱਕਾ ਵਿੱਚ ਮੌਜੂਦ ਹਨ । ਹੱਜ ਯਾਤਰੀਆਂ ਦੀ ਸੇਵਾ ਕਰਨ ਵਾਲੇ 32 ਹਜ਼ਾਰ ਤੋਂ ਜ਼ਿਆਦਾ ਸਿਹਤ ਸੇਵਾਵਾਂ ਕਰਮਚਾਰੀ ਮੌਜੂਦ ਹਨ । 17 ਟਰੇਨਾਂ ਰਾਹੀਂ ਹੱਜ ਯਾਤਰੀਆਂ ਨੂੰ ਪਵਿੱਤਰ ਸਥਾਨਾਂ ਤੇ ਲੈ ਕੇ ਜਾਣ ਲਈ 9 ਸਟੇਸ਼ਨ ਬਣੇ ਹੋਏ ਹਨ, 24 ਹਜ਼ਾਰ ਬਸਾਂ ਜੋ ਪ੍ਰਤੀ ਘੰਟਾ 72 ਹਜ਼ਾਰ ਯਾਤਰੀ ਲੈ ਕੇ ਜਾਂਦੀਆਂ ਹਨ, ਮਿਨਾ ਵਿਖੇ ਹੱਜ ਯਾਤਰੀਆਂ ਦੇ ਰਹਿਣ ਦੀ ਥਾਂ 2 ਮਿਲੀਅਨ ਅਤੇ 192 ਹਜ਼ਾਰ ਵਰਗਮੀਟਰ ਤੋਂ ਜ਼ਿਆਦਾ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ‘ਟੈਂਟ ਸਿਟੀ’ ਦੇ ਰੂਪ ਵਿੱਚ ਹੈ । ਅੰਤਾਂ ਦੀ ਗਰਮੀ ‘ਚ ਵਾਤਾਵਰਣ ਨੂੰ ਨਰਮ ਕਰਨ ਲਈ ਮੱਕਾ ਅਲ ਮੁਕੱਰਮਾ ਦੀ ਪਥਰੀਲੀ ਧਰਤੀ ਦੇ ਪਵਿੱਤਰ ਸਥਾਨਾਂ ਤੇ 1,30,000 ਤੋਂ ਵਧੇਰੇ ਰੁੱਖ ਲਗਾਏ ਗਏ ਹਨ ।



