- ਹਰ ਸਾਲ 25 ਗੁਰਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਕੀਤਾ ਜਾਵੇਗਾ ਤਿਆਰ- ਐਡਵੋਕੇਟ ਧਾਮੀ
ਅੰਮ੍ਰਿਤਸਰ/ਮਲੇਰਕੋਟਲਾ, 4 ਮਾਰਚ (ਅਬੂ ਜ਼ੈਦ ਬਿਉਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਨੌਜੁਆਨ ਵਿਦਿਆਰਥੀਆਂ ਨੂੰ ਭਾਰਤ ਦੀਆਂ ਉੱਚ ਆਈਏਐਸ, ਆਈਪੀਐਸ ਅਤੇ ਪੀਸੀਐਸ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਚੰਡੀਗੜ੍ਹ ਦੇ ‘ਨਿਸ਼ਚੈ ਇੰਸਟੀਚਿਊਟ’ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਤਹਿਤ ਹਰ ਸਾਲ 25 ਗੁਰਸਿੱਖ ਬੱਚਿਆਂ ਦਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਇਆ ਕਰੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਥੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਕੀਤਾ ।
ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ 25 ਗੁਰਸਿੱਖ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਉਕਤ ਅਕੈਡਮੀ ਅੰਦਰ ਮੈਰਿਟ ਅਨੁਸਾਰ ਤਿਆਰੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਕਾਰਜ ਇਸੇ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਸਾਲ ਜਾਰੀ ਰਹੇਗਾ । ਉਨ੍ਹਾਂ ਦੱਸਿਆ ਕਿ ਇਸ ਵਾਰ 25 ਬੱਚਿਆਂ ਤੋਂ ਇਲਾਵਾ 10 ਹੋਰ ਬੱਚਿਆਂ ਦਾ ਯੂਨਾਈਟਡ ਸਿੰਘ ਸਭਾ ਫਾਊਂਡੇਸ਼ਨ ਦੇ ਆਗੂ ਭਾਈ ਰਾਮ ਸਿੰਘ ਵੱਲੋਂ ਖਰਚਾ ਚੁੱਕਣ ਦੀ ਸਹਿਮਤੀ ਦਿੱਤੀ ਗਈ ਹੈ, ਜਿਸ ਅਨੁਸਾਰ ਪਹਿਲੇ ਸਾਲ 35 ਗੁਰਸਿੱਖ ਬੱਚੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ । ਉਨ੍ਹਾਂ ਦੱਸਿਆ ਕਿ ਇਸ ਦਾ ਮੰਤਵ ਗੁਰਸਿੱਖ ਬੱਚਿਆਂ ਨੂੰ ਉੱਚ ਅਹੁਦਿਆਂ ’ਤੇ ਪਹੁੰਚਾਉਣਾ ਹੈ । ਸ੍ਰੋਮਣੀ ਕਮੇਟੀ ਦੇ ਇਸ ਕਦਮ ਦੀ ਸਿੱਖ ਸਮਾਜ ਵਿੱਚ ਖੂਬ ਸ਼ਲਾਘਾ ਹੋ ਰਹੀ ਹੈ ਕਿ ਭਾਵੇਂ ਦੇਰ ਨਾਲ ਹੀ ਲਿਆ ਗਿਆ ਪਰੰਤੂ ਫੈਸਲਾ ਕਮਾਲ ਹੈ । ਇਸ ਨਾਲ ਗੁਰਸਿੱਖ ਬੱਚੇ ਦੇਸ਼ ਦੇ ਉੱਚ ਅਹੁੱਦਿਆਂ ਤੇ ਸਫਲ ਹੋ ਕੇ ਸਿੱਖੀ ਦੀ ਅਸਲੀ ਤਸਵੀਰ ਦੁਨੀਆ ਸਾਹਮਣੇ ਪੇਸ਼ ਕਰ ਸਕਣਗੇ ।



