ਕੈਬਿਨਟ ਮੰਤਰੀ ਮੀਤ ਹੇਅਰ ਅਤੇ ਮੁੱਖ ਮੰਤਰੀ ਦੇ ਮਾਤਾ ਜੀ ਨੇ ਈਦਗਾਹ ਦੀ ਫਸੀਲ ਤੋਂ ਦਿੱਤੀ ਮੁਬਾਰਕਬਾਦ
ਮਲੇਰਕੋਟਲਾ, 11 ਅਪ੍ਰੈਲ (ਬਿਉਰੋ): ਰਮਜ਼ਾਨ ਉਲ ਮੁਬਾਰਕ ਦੇ 30 ਰੋਜ਼ੇ ਰੱਖਣ ਤੋਂ ਬਾਦ ਕੱਲ ਈਦ ਦਾ ਚੰਦ ਦੇਖਿਆ ਗਿਆ । ਅੱਜ ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਮਲੇਰਕੋਟਲਾ ਦੀ ਵੱਡੀ ਈਦਗਾਹ, ਈਦਗਾਹ ਸਲਫੀਆ, ਛੋਟੀ ਈਦਗਾਹ ਅਤੇ ਦਰਜਨਾਂ ਮਸਜਿਦਾਂ ਵਿਖੇ ਲੱਖਾਂ ਦੀ ਤਾਦਾਦ ‘ਚ ਈਦ ਦੀ ਨਮਾਜ਼ ਅਦਾ ਕੀਤੀ ਗਈ । ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਮੁਸਲਮਾਨਾਂ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਲੋਕ ਸਭਾ ਉਮੀਦਵਾਰ ਹਲਕਾ ਸੰਗਰੂਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਤਿਕਾਰਯੋਗ ਮਾਤਾ ਜੀ ਅਤੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੱਤੀ ।ਹਜ਼ਾਰਾਂ ਦੀ ਗਿਣਤੀ ਪੁੱਜੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਨਮਾਜ਼ ਮਰਹੂਮ ਕਾਰੀ ਮੁਨੱਵਰ ਆਲਮ ਦੇ ਸਾਹਿਬਜ਼ਾਦੇ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਅਸਦ ਨੇ ਕਰਵਾਈ ਅਤੇ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਦੁਆ ਕਰਵਾਈ। ਇਸ ਮੌਕੇ ਮੀਤ ਹੇਅਰ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਨਮਾਜ਼ ਵੀ ਅਦਾ ਕੀਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ । ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਅਨਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਅਤੇ ਕੈਬਿਨਟ ਮੰਤਰੀ ਮੀਤ ਹੇਅਰ ਨੂੰ ਜੀ ਆਇਆ ਕਿਹਾ, ਇਲਾਕੇ ਦੀਆਂ ਬੁਨਿਆਦੀ ਮੰਗਾਂ ਸਬੰਧੀ ਜਾਣੂ ਕਰਵਾਇਆ ਅਤੇ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰੀਆਂ ਕਰਨ ਦੀ ਬੇਨਤੀ ਕੀਤੀ । ਸਥਾਨਕ ਕੌਂਸਲਰ ਮੁਹੰਮਦ ਹਬੀਬ ਨੇ ਆਏ ਮਹਿਮਾਨਾਂ, ਈਦਗਾਹ ਪ੍ਰਬੰਧਕ ਕਮੇਟੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ।
ਫੋਟੋ ਕੈਪਸ਼ਨ: ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਨਮਾਜ਼ ਅਦਾ ਕਰਦੇ ਹੋਏ ਕੈਬਿਨਟ ਮੰਤਰੀ ਮੀਤ ਹੇਅਰ, ਵੱਡੀ ਈਦਗਾਹ ਵਿਖੇ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਪਤਵੰਤੇ ।



