ਸਮਾਣਾ/ਮਲੇਰਕੋਟਲਾ, 16 ਨਵੰਬਰ (ਬਿਉਰੋ): ਭਾਰਤ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਪੂਰੇ ਵਿਸ਼ਵ ਤੋਂ ਵੱਧ ਹੋ ਰਹੀਆਂ ਹਨ, ਆਏ ਦਿਨ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਬੇਅਦਬੀਆਂ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ । ਬੇਅਦਬੀ ਕਰਨ ਵਾਲਿਆਂ ਨੂੰ ਕੁਝ ਦਿਨਾਂ ਬਾਦ ਹੀ ਜਮਾਨਤ ਮਿਲ ਜਾਂਦੀ ਹੈ ਅਤੇ ਸਰਕਾਰਾਂ ਉਸ ਦੋਸ਼ੀ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀਆਂ ਹਨ । ਇਸੇ ਦੇ ਰੋਸ ਵਜੋਂ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਖਾਲਸਾ (ਖੇੜੀ ਨਗਾਈਆਂ) ਵੱਲੋਂ ਇੱਕ ਵੱਖਰੇ ਅੰਦਾਜ਼ ‘ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ । ਭਾਈ ਗੁਰਜੀਤ ਸਿੰਘ ਸਮਾਣਾ ਪੁਰਾਣੀ ਕਚਿਹਰੀ ਦੇ ਨੇੜਲੇ ਮਿਉਂਸਪਲ ਪਾਰਕ ‘ਚ ਲੱਗੇ ਬੀਐਸਐਨਐਲ ਦੇ 400 ਫੁੱਟ ਉੱਚੇ ਟਾਵਰ ਉੱਤੇ ਚੜ੍ਹ ਗਿਆ ਜਿਸਨੂੰ ਅੱਜ 35 ਦਿਨ ਹੋ ਗਏ ਹਨ । ਉਹਨਾਂ ਦੀ ਮੰਗ ਹੈ ਕਿ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦੇਣ ਦਾ ਕਾਨੂੰਨ ਤੁਰੰਤ ਬਣਾਇਆ ਜਾਵੇ ਤਾਂ ਜੋ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ । ਇਸ ਮੌਕੇ ਧਰਨੇ ਦੇ ਪ੍ਰਬੰਧਕ ਸਰੂਪ ਸਿੰਘ ਨੇ ਅਦਾਰਾ ਅਬੂ ਜ਼ੈਦ ਨਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਾਲਸਾ ਜੀ ਦੀ ਸਿਹਤ ਠੀਕ ਹੈ ਉਹ ਚੜ੍ਹਦੀ ਕਲਾ ‘ਚ ਹਨ । ਇੱਕ ਮਹੀਨਾ ਛੇ ਦਿਨ ਬੀਤ ਜਾਣ ‘ਤੇ ਵੀ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਬਿਲਕੁਲ ਖਾਮੋਸ਼ ਤਮਾਸ਼ਬੀਨ ਬਣਿਆ ਹੋਇਆ ਹੈ । ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲਾਂ ਖਾਲਸਾ ਜੀ ਨੂੰ ਨੀਚੇ ਉਤਾਰੋ ਫਿਰ ਕੋਈ ਗੱਲਬਾਤ ਕਰਾਂਗੇ ਪਰੰਤੂ ਖਾਲਸਾ ਜੀ ਆਪਣੀ ਮੰਗ ਉੱਤੇ ਅਟੱਲ ਹਨ ਕਿ ਜਦੋਂ ਤੱਕ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਨਹੀਂ ਬਣ ਜਾਂਦਾ ਉਹ ਥੱਲੇ ਨਹੀਂ ਆਉਣਗੇ । ਅੱਜ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਹਾਜੀ ਮੁਹੰਮਦ ਬਾਬੂ, ਚੌਧਰੀ ਲਿਆਕਤ ਅਲੀ, ਮੁਹੰਮਦ ਜਮੀਲ਼ ਐਡਵੋਕੇਟ ਦੀ ਅਗਵਾਈ ‘ਚ ਧਰਨਾ ‘ਚ ਹਾਜ਼ਰੀ ਦੇਣ ਲਈ ਪਹੁੰਚਿਆ ਅਤੇ ਅਪੀਲ ਕੀਤੀ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਵਿਸ਼ੇਸ਼ ਧਰਮ ਦਾ ਨਹੀਂ ਬਲਿਕ ਸਾਰੇ ਧਰਮਾਂ ਦਾ ਸਾਂਝਾ ਮੁੱਦਾ ਹੈ । ਪ੍ਰੈਸ ਦੇ ਮਾਧਿਅਮ ਰਾਹੀਂ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਕੱਲ ਯਾਨੀ 17 ਨਵੰਬਰ ਨੂੰ ਧਰਨੇ ਵਿੱਚ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਹਰ ਕੋਈ ਆਪਣਾ ਫਰਜ਼ ਸਮਝਕੇ ਧਰਨੇ ਵਿੱਚ ਸ਼ਾਮਲ ਹੋਵੇ ਤਾਂ ਜੋ ਸਰਕਾਰ ਨੂੰ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇ ।



