ਮੋਹਾਲੀ/ਮਲੇਰਕੋਟਲਾ, 01 ਜਨਵਰੀ (ਅਬੂ ਜ਼ੈਦ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਪਿਛਲੇ ਇੱਕ ਸਾਲ ਤੋਂ ਪੱਕਾ ਮੋਰਚਾ ਲੱਗਾ ਹੋਇਆ ਹੈ । ਰੋਜ਼ਾਨਾ ਦੀ ਤਰ੍ਹਾਂ ਅੰਨ੍ਹੀਆਂ, ਬੋਲੀਆਂ, ਅਤੇ ਗੂੰਗੀਆਂ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਚੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਪ੍ਰਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ, ਇਹ ਜੱਥਾ ਪਿੰਡ ਦੁੜਾਣਾਂ ਜਿਲ੍ਹਾ ਜੀਂਦ ਹਰਿਆਣਾ ਤੋਂ ਉੱਚੇਚੇ ਤੌਰ ਤੇ ਪਹੁੰਚਿਆ। ਅੱਜ ਉਸ ਸਮੇਂ ਕੌਮੀ ਇਨਸਾਫ਼ ਮੋਰਚੇ ਚ ਵੱਖਰਾ ਮੋੜ ਆ ਗਿਆ ਜਦੋਂ ਸਵੇਰੇ 8 ਵਜੇ ਬਾਪੂ ਲਾਭ ਸਿੰਘ ਵੱਲੋਂ ਚੇਤਾਵਨੀ ਦੇ ਤੌਰ ਤੇ 48 ਘੰਟੇ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ । ਇਸ ਸਬੰਧੀ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਚੰਡੀਗੜ੍ਹ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਹੱਦ ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ਼, ਕੌਮੀ ਸੰਘਰਸ਼ ਅਤੇ ਖ਼ਾਲਸਾਈ ਜਾਹੋ ਜਹਾਲ ਨੂੰ ਬਹਾਲ ਕਰਨ ਵਾਲੇ ਜੇਲ੍ਹਾਂ ਚ ਡੱਕੇ ਗਏ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੁਰਾ ਅਤੇ ਬਹਿਬਲ ਕਲਾਂ ਵਿੱਖੇ ਸਿੱਖ ਨੌਜਵਾਨਾਂ ਦੇ ਲਹੁ ਨਾਲ ਖ਼ੂਨ ਦੀ ਹੋਲੀ ਖੇਡਣ ਵਾਲੇ ਸਿਆਸਤ ਦਾਨ ਅਤੇ ਦੋਸ਼ੀ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੱਕਾ ਮੋਰਚਾ ਲੱਗਾ ਹੋਇਆ ਹੈ । ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮੋਰਚੇ ਨੂੰ ਅਣਗੌਲਿਆਂ ਕਰ ਰਹੀਆਂ ਹਨ । ਸੱਤਾ ਦੇ ਨਸ਼ੇ ‘ਚ ਚੂਰ ਮੋਰਚੇ ਦੀਆਂ ਜਾਇਜ਼ ਮੰਗਾਂ ਵੀ ਹਾਲੇ ਤੱਕ ਨਹੀਂ ਮੰਨੀਆਂ ਗਈਆਂ । ਇਸੇ ਰੋਸ ਵਜੋਂ ਮੋਰਚੇ ਦੇ ਗੇਟ ‘ਤੇ ਇੱਕ ਸਾਲ ਤੋਂ ਸਰਪ੍ਰਸਤੀ ਕਰ ਰਹੇ ਬਾਪੂ ਲਾਭ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤਾ ਗਈ ਹੈ ।ਇਸ ਮੌਕੇ ਤੇ ਭਾਈ ਪਾਲ ਸਿੰਘ ਫਰਾਂਸ, ਭਾਈ ਇੰਦਰਬੀਰ ਸਿੰਘ, ਵਕੀਲ ਗੁਰਸ਼ਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਗੁਰਵਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਜੀਤ ਸਿੰਘ ਭਾਊ, ਭਾਈ ਸਰਬਜੀਤ ਸਿੰਘ ਆਦਿ ਮੌਜੂਦ ਸਨ ।
ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚੇ ਦੇ ਮੁੱਖ ਦੁਆਰ ਉੱਤੇ ਭੁੱਖ ਹੜਤਾਲ ਸ਼ੁਰੂ ਕਰਨ ਮੌਕੇ ਬਾਪੂ ਲਾਭ ਸਿੰਘ ਨਾਲ ਮੋਰਚੇ ਦੇ ਪ੍ਰਬੰਧਕ ।



