ਹਲਕਾ ਖਡੂਰ ਸਾਹਿਬ ‘ਚ ਤਾਂ “ਭਾਊ-ਭਾਊ” ਹੋਈ ਪਈ ਆ-ਬਾਬਾ ਹਿੰਦ ਸਿੰਘ ਖਾਲਸਾ
ਤਰਨਤਾਰਨ/ਮਲੇਰਕੋਟਲਾ, 20 ਮਈ (ਬਿਉਰੋ): ਅੱਜ ਦੇਸ਼ ਦੀ ਜਨਤਾ ਆਪਾ ਖੋਅ ਕੇ ਲੋਕ ਸਭਾ ਚੋਣਾਂ 2024 ਦੇ ਰੰਗ ‘ਚ ਰੰਗੇ ਹੋਏ ਹਨ । ਅੱਜ ਪੰਜਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ । ਸਿਆਸੀ ਆਗੂ ਜਨਤਾ ਨੂੰ ਲੁਭਾਉਣ ਲਈ ਲੱਛੇਦਾਰ ਭਾਸ਼ਣ, ਖਾਣ-ਪਾਣ ਅਤੇ ਕਾਗਜ਼ੀ ਗਰੰਟੀਆਂ ਦੇ ਕੇ ਮੰਤਰ ਮੁਗਧ ਕਰ ਰਹੇ ਹਨ । ਪਰੰਤੂ ਅਜਿਹੇ ਹਾਲਾਤ ਵਿੱਚ ਖਡੂਰ ਸਾਹਿਬ ਇੱਕ ਹਲਕਾ ਐਸਾ ਵੀ ਹੈ ਜਿੱਥੇ ਚੋਣਾਂ ਦਾ ਪ੍ਰਚਾਰ ਬਿਲਕੁਲ ਹੀ ਵੱਖਰੇ ਅੰਦਾਜ਼ ‘ਚ ਹੋ ਰਿਹਾ ਹੈ । ਨਾ ਕੋਈ ਹਲਕਾ ਇੰਚਾਰਜ, ਨਾ ਕੋਈ ਬਲਾਕ ਪ੍ਰਧਾਨ ਅਤੇ ਨਾ ਹੀ ਕੋਈ ਪ੍ਰਬੰਧਕ ਹੈ । ਸੰਗਤ ਖੁਦ ਹੀ ਚੋਣ ਮੀਟਿੰਗਾਂ ਦਾ ਪ੍ਰਬੰਧ ਕਰ ਰਹੀ ਹੈ । ਪਿੰਡ-ਪਿੰਡ ਦੇ ਗੁਰੁ ਘਰਾਂ, ਸੱਥਾਂ, ਚੋਰਾਹਿਆਂ ਵਿੱਚ ਇੱਕ ਹੀ ਚਰਚਾ ਹੈ “ਨਾ ਬੀੜੀ-ਸਿਗਰਟ, ਨਾ ਸ਼ਰਾਬ, ਨਾ ਖਾਣ-ਪਾਣ, ਨਾ ਹੀ ਮਾਲ, ਸਾਨੂੰ ਚਾਹੀਦੈ ਅੰਮ੍ਰਿਤਪਾਲ” । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਵਿੱਚ ਜੁੜੇ ਬਾਬਾ ਹਿੰਦ ਸਿੰਘ ਖਾਸਲਾ ਨੇ ਅਦਾਰਾ ‘ਅਬੂ ਜ਼ੈਦ ਨਿਊਜ਼’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਬਠਿੰਡਾ ਤੋਂ ਲੱਖਾ ਸਿਧਾਨਾ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਸਲਾ ਸਮੇਤ ਪੂਰੇ ਪੰਜਾਬ ਵਿੱਚ ਇਸ ਵਾਰ ਪੰਥਕ ਲਹਿਰ ਚੱਲ ਰਹੀ ਹੈ । ਪੰਜਾਬ ਦੀ ਜਨਤਾ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਪੰਥਕ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਵੀ ਕਰ ਰਹੀ ਹੈ ਅਤੇ ਹਰ ਪੱਖੋਂ ਸਹਿਯੋਗ ਵੀ ਦੇ ਰਹੀ ਹੈ । ਇਸ ਵਾਰ ਪੰਜਾਬ ਦੀ ਜਨਤਾ ਮੁਫਤ ਦੀਆਂ ਰਿਉੜੀਆਂ ਦਾ ਸੱਚ ਸਮਝ ਚੁੱਕੀ ਹੈ ਅਤੇ ਲੀਡਰਾਂ ਦੇ ਝਾਂਸੇ ਵਿੱਚ ਨਹੀਂ ਆਵੇਗੀ ਅਤੇ ਪੰਥਕ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਲਵਾਏਗੀ । ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਚੋਣ ਪ੍ਰਚਾਰ ‘ਚ ਸਿਮਰਨਜੀਤ ਸਿੰਘ ਮਾਨ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬੀਬੀ ਖਾਲੜਾ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਹਰਪਾਲ ਸਿੰਘ ਖਾਰਾ, ਇਮਾਨ ਸਿੰਘ ਖਾਰਾ, ਭਾਈ ਕੰਵਰ ਚੜ੍ਹਤ ਸਿੰਘ, ਭਾਈ ਚਮਕੌਰ ਸਿੰਘ, ਲੱਖਾ ਸਿਧਾਨਾ, ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਸਮੇਤ ਪੰਥ ਦਰਦੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ ।
ਉਹਨਾਂ ਕਿਹਾ ਕਿ ਅੱਜ 20 ਮਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਲਈ ਜੱਥਾ ਜਮਾਲਪੁਰ 2.00 ਵਜੇ, ਦਿਆਲਪੁਰਾ 2.20, ਅਕਬਰਪੁਰਾ 2.40, ਮਾਣਕਪੁਰਾ 3.00, ਪਰਾਗਪੁਰਾ 3.20, ਠੱਠਾ 3.40, ਮਾਨ 4.00, ਮੱਖੀ ਕਲਾਂ 4.20, ਤਤਲੇ 4.40, ਸੁੱਗਾ 5.00 ਵਜੇ ਪਹੁੰਚੇਗਾ । ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਮਿੱਥੇ ਸਮੇਂ ਅਨੁਸਾਰ ਪੁੱਜਣ ।



