ਜ਼ਿਲ੍ਹਾ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਟਾਊਨ ਸਕੂਲ ਦੀ ਬੱਲੇ-ਬੱਲੇ
ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਬੀਤੇ ਦਿਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ 14 ਸਾਲ ਵਰਗ ਅਤੇ 16 ਸਾਲ ਜੂਨੀਅਰ ਵਰਗ ਦੇ ਖਿਡਾਰੀਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ ਇਸ ਜ਼ਿਲ੍ਹਾ ਪ੍ਰਤੀਯੋਗਤਾ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ । ਜ਼ਿਆਦਾਤਰ ਈਵੈਂਟਸ ਵਿੱਚ ਟਾਊਨ ਸਕੂਲ ਦੇ ਖਿਡਾਰੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ । ਅਮਰਗੜ੍ਹ ਵਿਖੇ ਹੀ ਜੇਤੂ ਖਿਡਾਰੀਆਂ ਨੂੰ ਏਸ਼ਅਨ ਚੈਂਪੀਅਨ, ਅਰਜੁਨ ਐਵਾਰਡੀ ਪਦਮ ਸ੍ਰੀ ਸ੍ਰੀਮਤੀ ਸੁਨੀਤਾ ਰਾਣੀ (ਐਸ.ਐਸ.ਪੀ.) ਪੰਜਾਬ ਪੁਲਸ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ । ਖਿਡਾਰੀਆਂ ਦੀ ਇਸ ਸ਼ਾਨਮੱਤੀ ਕਾਮਯਾਬੀ ‘ਤੇ ਸਕੂਲ ਦੇ ਚੇਅਰਮੈਨ ਸ੍ਰੀ ਮੁਹੰਮਦ ਉਵੈਸ ਨੇ ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ । ਇਸ ਸਕੂਲ ਦੇ ਗੁਰਸਿਮਰਨ ਸਿੰਘ ਨੇ 14 ਸਾਲ ਵਰਗ ਵਿੱਚ 600 ਮੀਟਰ ਦੌੜ ‘ਚ ਪਹਿਲਾ ਅਤੇ 60 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ । 16 ਸਾਲ ਵਰਗ ਵਿੱਚ ਮੁਹੰਮਦ ਸ਼ਾਕਿਰ ਨੇ ਸ਼ਾਟਪੁੱਟ ਅਤੇ 80 ਮੀਟਰ ਦੌੜ ਵਿੱਚ (ਦੋਵਾਂ ‘ਚ) ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 1600 ਮੀਟਰ ਦੌੜ ‘ਚ ਦੂਸਰਾ ਸਥਾਨ ਪ੍ਰਾਪਤ ਕੀਤਾ । ਇਸੇ ਵਰਗ ‘ਚ ਗੁਰਲਵਲੀਨ ਸਿੰਘ ਨੇ 1600 ਮੀਟਰ ਰੇਸ ਵਿੱਚ ਪਹਿਲਾ ਅਤੇ 600 ਮੀਟਰ ਦੌੜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । 600 ਮੀਟਰ ਰੇਸ ਵਿੱਚ ਸਮਨ ਮੁਸ਼ਤਾਕ ਨੇ ਪਹਿਲਾ ਅਤੇ 80 ਮੀਟਰ ਦੌੜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਸਰਬਜੋਤ ਸਿੰਘ ਨੇ 80 ਮੀਟਰ ਹਰਡਲ ਵਿੱਚ ਪਹਿਲਾ ਅਤੇ ਅਬਦੁਲ ਸਮਦ ਨੇ 80 ਮੀਟਰ ਹਰਡਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਇਮਰਾਨ ਮਲਿਕ ਨੇ 600 ਮੀਟਰ ਦੌੜ ਵਿੱਚ ਦੂਸਰਾ ਅਤੇ ਮੁਹੰਮਦ ਮੁਆਜ਼ ਨੇ ਡਿਸਕਸ ਥ੍ਰੋ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਾਰੇ ਖਿਡਾਰੀਆਂ ਨੇ ‘ਦਾ ਟਾਊਨ’ ਸਕੂਲ, ਦਾ ਨਾਮ ਪੂਰੇ ਜ਼ਿਲ੍ਹੇ ਵਿੱਚ ਰੌਸ਼ਨ ਕੀਤਾ । ਇਹ ਜਾਣਕਾਰੀ ਖਿਡਾਰੀਆਂ ਦੇ ਸਕੂਲ ਪਹੁੰਚਣ ‘ਤੇ ਸਕੂਲ ਪ੍ਰਿੰਸੀਪਲ ਸ੍ਰੀ ਮੁਜਾਹਿਦ ਅਲੀ ਅਤੇ ਸਪੋਰਟਸ ਕੋਆਰਡੀਨੇਟਰ ਸ੍ਰੀ ਮੁਹੰਮਦ ਰਫੀਕ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਦਿੱਤੀ । ਸ੍ਰੀ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸਿਮਰਨ ਸਿੰਘ, ਮੁਹੰਮਦ ਸ਼ਾਕਿਰ, ਗੁਰਲਵਲੀਨ ਸਿੰਘ, ਸਮਨ ਮੁਸ਼ਤਾਕ, ਇਮਰਾਨ ਮਲਿਕ, ਸਰਬਜੋਤ ਸਿੰਘ, ਅਬਦੁਲ ਸਮਦ ਦੀ ਅਗਲੇ ਮਹੀਨੇ ਹੈਦਰਾਬਾਦ ਵਿਖੇ ਹੋ ਰਹੀ ਨੈਸ਼ਨਲ ਪ੍ਰਤੀਯੋਗਤਾ ਲਈ ਚੋਣ ਹੋਈ ਹੈ । ‘ਦਾ ਟਾਊਨ’ ਸਕੂਲ ਦੇ ਐਥਲੈਟਿਕ ਕੋਚ ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਨੈਸ਼ਨਲ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਦਾ ਕੋਚਿੰਗ ਕੈਂਪ ਲਗਾਕੇ ਨੈਸ਼ਨਲ ਖੇਡਾਂ ‘ਚ ਭਾਗ ਲੈਣ ਲਈ ਤਿਆਰੀ ਕਰਵਾਈ ਜਾਵੇਗੀ । ਇਸ ਮੌਕੇ ਸਪੋਰਟਸ ਇਨਚਾਰਜ ਸ੍ਰੀ ਗੁਰਜੰਟ ਸਿੰਘ ਅਤੇ ਸੁਖਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
ਫੋਟੋ ਕੈਪਸ਼ਨ: ਜੇਤੂ ਖਿਡਾਰੀ ਨਾਲ ਕੌਮਾਂਤਰੀ ਖਿਡਾਰੀ ਅਰਜੁਨ ਐਵਾਰਡੀ ਏਸ਼ੀਅਨ ਚੈਂਪੀਅਨ ਸ੍ਰੀਮਤੀ ਸੁਨੀਤਾ ਅਤੇ ਪ੍ਰਿੰਸੀਪਲ ਸ੍ਰੀ ਮੁਜਾਹਿਦ ਅਲੀ ਅਤੇ ਸਪੋਰਟਸ ਕੋਆਰਡੀਨੇਟਰ ਸ੍ਰੀ ਮੁਹੰਮਦ ਰਫੀਕ ਅਤੇ ਹੋਰ ਪ੍ਰਬੰਧਕਾਂ ਨਾਲ ।