ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਦੇ ਚੈਕ ਨਾਲ ਕੀਤਾ ਗਿਆ ਸਨਮਾਨਿਤ
ਮਲੇਰਕੋਟਲਾ, 21 ਜਨਵਰੀ (ਅਬੂ ਜ਼ੈਦ): ਜਦੋਂ ਮਲੇਰਕੋਟਲਾ ‘ਚ ਬੈਡਮਿੰਟਨ ਦਾ ਜ਼ਿਕਰ ਹੁੰਦੈ ਤਾਂ ਕੋਚ ਮੈਡਮ ਸ਼ਕੂਰਾ ਦਾ ਨਾਂਅ ਹਰ ਜ਼ਹਿਨ ਵਿੱਚ ਆਉਣਾ ਲਾਜ਼ਮੀ ਹੈ ਜਿਸ ਦੀ ਮਿਹਤਨ ਅਤੇ ਲਗਨ ਸਦਕਾ ਇਲਾਕੇ ਵਿੱਚ ਮੁਹੰਮਦ ਸਲੀਮ, ਤੌਸੀਫ ਅਹਿਮਦ ਜਿਹੇ ਕੌਮਾਂਤਰੀ ਖਿਡਾਰੀ ਬਣੇ । ਇਸੇ ਲੜੀ ਤਹਿਤ ਮਲੇਰਕੋਟਲਾ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸ਼ਹਿਰ ਦੀ ਧੀ ਲੀਜ਼ਾ ਟਾਂਕ ਪੁੱਤਰੀ ਦੀਪਕ ਕੁਮਾਰ ਨੇ 37ਵੀਆਂ ਨੈਸ਼ਨਲ ਖੇਡਾਂ ਵਿੱਚ ਬੈਡਮਿੰਟਨ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਸ਼ਹਿਰ, ਸਕੂਲ ਅਤੇ ਮਾਪਿਆਂ ਦਾ ਨਾਅ ਰੌਸ਼ਨ ਕੀਤਾ । ਲੀਜ਼ਾ ਦੀ ਇਸ਼ ਸ਼ਾਨਮੱਤੀ ਪ੍ਰਾਪਤੀ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਚੰਡੀਗੜ ਵਿਖੇ ਇੱਕ ਸਮਾਗਮ ਦੌਰਾਨ ਉਸ ਨੂੰ 2 ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ । ਲੀਜ਼ਾ ਨੇ ਗੋਆ ਵਿਖੇ ਹੋਈਆਂ 37ਵੀਆਂ ਨੈਸ਼ਨਲ ਖੇਡਾਂ 2023 ਵਿੱਚ ਬੈਡਮਿੰਟਨ ਵਿੱਚ ਕਾਂਸੀ ਦਾ ਤਮਗਾ ਜਿੱਤਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ । ਲੀਜ਼ਾ ਨੂੰ ਬਚਪਨ ਤੋਂ ਬੈਡਮਿੰਟਨ ਵਿੱਚ ਰੁਚੀ ਰੱਖਦੀ ਸੀ ਅਤੇ ਸਕੂਲ ਪੱਧਰ ਤੋਂ ਹੀ ਬੈਡਮਿੰਟਨ ਦੀ ਬੇਹਤਰੀਨ ਖਿਡਾਰੀ ਹੈ । ਸਕੂਲੀ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਚੁੱਕੀ ਹੈ । ਲੀਜ਼ਾ ਨੇ ਅਦਾਰਾ ਅਬੂ ਜ਼ੈਦ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਲਈ ਖੇਡ ਕੇ ਦੁਨੀਆ ਵਿੱਚ ਭਾਰਤ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ ਜਿਸ ਲਈ ਉਹ ਸਖਤ ਮਿਹਨਤ ਕਰ ਰਹੀ ਹੈ । ਲੀਜ਼ਾ ਦੀ ਇਸ ਸ਼ਾਨਮੱਤੀ ਪ੍ਰਾਪਤੀ ਲਈ ਕੌਮਾਂਤਰੀ ਬੈਡਮਿੰਟਨ ਖਿਡਾਰੀ ਮੁਹੰਮਦ ਸਲੀਮ, ਐਡਵੋਕੇਟ ਮਹਿਤਾਬ, ਮੁਹੰੰਮਦ ਸ਼ਰੀਫ ਫੁੱਟਬਾਲ ਖਿਡਾਰੀ ਏਅਰਫੋਰਸ, ਫੁੱਟਬਾਲ ਕੋਚ ਸਰਫਰਾਜ਼ ਖਾਨ, ਐਡਵੋਕੇਟ ਮੁਹੰਮਦ ਜਮੀਲ ਸਮੇਤ ਖੇਡ ਪ੍ਰੇਮੀਆਂ ਅਤੇ ਪਤਵੰਤਿਆਂ ਨੇ ਖਿਡਾਰੀ ਅਤੇ ਪਰੀਵਾਰ ਨੂੰ ਮੁਬਾਰਕਬਾਦ ਦਿੱਤੀ ।