ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਵਾਧੂ ਸਰਕਲਾਂ ਦੇ ਕੰਮ ਫਿਰ ਤੋਂ ਸ਼ੁਰੂ ਕਰਨ ਲਈ ਪਟਵਾਰ ਯੂਨੀਅਨਾਂ ਦਾ ਲੋਕਾਂ ਵੱਲੋਂ ਧੰਨਵਾਦ
ਮਲੇਰਕੋਟਲਾ, 28 ਨਵੰਬਰ (ਅਬੂ ਜ਼ੈਦ): ਲੰਬੇ ਸਮੇਂ ਤੋਂ ਪਟਵਾਰੀਆਂ ਨਾਲ ਮੁੱਖ ਮੰਤਰੀ ਪੰਜਾਬ ਦੀ ਮੀਡੀਆਈ ਜੰਗ ਚੱਲ ਰਹੀ ਹੈ । ਕਈ ਮੰਚਾਂ ਉੱਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਟਵਾਰੀਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਚੁਟਲਕੇ ਵੀ ਸੁਣਾ ਦਿੱਤੇ ਪਰੰਤੂ ਇਸ ਨਾਲ ਸੂਬੇ ਅੰਦਰ ਮਾਲ ਮਹਿਕਮੇ ਦਾ ਨਿਜ਼ਾਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ । ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ । ਲੋਕ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਖੁਜਲ-ਖੁਆਰ ਹੋਣ ਲੱਗੇ । ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਖੇ “ਦੀ ਰੈਵੀਨਿਊ ਪਟਵਾਰ ਯੂਨੀਅਨ” ਮਾਲੇਰਕੋਟਲਾ ਅਤੇ “ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ” ਮਾਲੇਰਕੋਟਲਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ । ਰੋਸ ਮੁਜ਼ਾਹਰਾ ਜਿਲਾ ਦਫਤਰ ਮਾਲੇਰਕੋਟਲਾ ਵਿਖੇ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਅਤੇ ਕਾਨੂੰਗੋ ਯੂਨੀਅਨ ਦੇ ਪ੍ਰਧਾਨ ਵਿਜੈਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸਮੂਹ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਵੱਲੋਂ ਸੂਬਾ ਬਾਡੀ ਦੇ ਆਦੇਸ਼ ਮੁਤਾਬਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ । ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ ਗਿਆ । ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂਨੀਅਨ ਨੂੰ ਲੋਕ ਹਿਤਾਂ ਲਈ ਵਾਧੂ ਸਰਕਲਾਂ ਦਾ ਕੰਮ ਸ਼ੁਰੂ ਕਰਨ ਲਈ ਅਪੀਲ ਕੀਤੀ ਗਈ ਸੀ । ਜਿਸ ਕਾਰਨ ਅੱਜ ਤੋਂ ਵਾਧੂ ਸਰਕਲਾਂ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਬਾਡੀ ਦੇ ਆਦੇਸ਼ ਅਨੁਸਾਰ ਵਾਧੂ ਪਟਵਾਰ ਸਰਕਲਾਂ ਦਾ ਚਾਰਜ ਉਸੇ ਪਟਵਾਰੀ ਸਾਥੀ ਨੂੰ ਦਿੱਤਾ ਜਾਵੇ ਜੋ ਖੁੱਦ ਵਾਧੂ ਪਟਵਾਰ ਸਰਕਲ ਦਾ ਕੰਮ ਕਰਨ ਵਿੱਚ ਦਿਲਚਸਪੀ ਰੱਖਦਾ ਹੋਵੇ, ਕਿਸੇ ਵੀ ਪਟਵਾਰੀ ਨੂੰ ਵਾਧੂ ਸਰਕਲ ਦਾ ਚਾਰਜ ਜ਼ਬਰਦਸਤੀ ਨਾ ਥੋਪਿਆ ਜਾਵੇ । ਇਸ ਉਪਰੰਤ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀਮਤੀ ਪੱਲਵੀ ਚੌਧਰੀ ਨੂੰ ਮਿਲ ਕੇ ਜਿਹਨਾਂ ਪਟਵਾਰੀਆਂ ਦੇ ਦਫਤਰ ਪ੍ਰਾਈਵੇਟ ਜਗਾ ਤੇ ਹਨ, ਉਹਨਾਂ ਨੂੰ ਸਰਕਾਰੀ ਦਫਤਰ ਮੁਹੱਈਆ ਕਰਵਾਉਣ ਲਈ ਅਤੇ ਹੋਰ ਜਿਲਾ ਲੈਵਲ ਦੀਆਂ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਜਿਲਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ , ਖਜਾਨਚੀ ਪਰਮਜੀਤ ਸਿੰਘ , ਤਹਿਸੀਲ ਪ੍ਰਧਾਨ ਅਹਿਮਦਗੜ ਜਗਦੀਪ ਸਿੰਘ , ਤਹਿਸੀਲ ਪ੍ਰਧਾਨ ਮਾਲੇਰਕੋਟਲਾ ਹਰਜੀਤ ਸਿੰਘ ਰਾਹੀ, ਪ੍ਰੈਸ ਸਕੱਤਰ ਹਰਵੀਰ ਸਿੰਘ ਸਰਵਾਰੇ, ਪਟਵਾਰੀ ਕਰਨ ਅਜੈਪਾਲ ਸੋਪਲ, ਅਮ੍ਰਿਤਪਾਲ ਸਿੰਘ , ਸੁਰਿੰਦਰ ਸਿੰਘ ਅਤੇ ਸਦਰ ਕਾਨੂੰਗੋ ਰਣਜੀਤ ਸਿੰਘ , ਕਾਨੂੰਗੋ ਅਜੈ ਕੁਮਾਰ ਆਦਿਕ ਹਾਜਰ ਸਨ ।



