ਬਾਪੂ ਸੂਰਤ ਸਿੰਘ ਦੀ ਵਸੀਅਤ ਨੇ ਵਿਸ਼ਵ ਭਰ ਦੇ ਸਿੱਖਾਂ ਦਾ ਹਿਰਦੇ ਵਲੂਧਰੇ
ਮੋਹਾਲੀ/ਮਲੇਰਕੋਟਲਾ, 09 ਅਪ੍ਰੈਲ (ਅਬੂ ਜ਼ੈਦ ਬਿਉਰੋ): ਕੇਂਦਰ ਦੀ ਮੋਦੀ ਸਰਕਾਰ ਮੁਨੱਖੀ ਅਧਿਕਾਰਾਂ ਦੇ ਘਾਣ ਲਈ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ । ਲੰਬੇ ਸਮੇਂ ਤੋਂ ਪੰਜਾਬ ਅੰਦਰ ਰਿਵਾਇਤੀ ਪਾਰਟੀਆਂ ਦੇ ਘਟੀਆ ਰਾਜਨੀਤੀ ਨੂੰ ਨਕਾਰਦਿਆਂ ਮਾਰਚ 2022 ‘ਚ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਲਿਆਂਦਾ ਸੀ । ਪਰੰਤੂ ਇੱਕ ਸਾਲ ਵਿੱਚ ਹੀ ‘ਆਪ’ ਸਰਕਾਰ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਦੇ ਨਾਦਰਸ਼ਾਹੀ ਹੁਕਮਾਂ ਦੀ ਨਿੰਦਾ ਕਰਦਿਆਂ ਕੌਮੀ ਇਨਸਾਫ ਮੋਰਚਾ (ਕੌਇਮੋ) ਮੋਹਾਲੀ ਦੀ ਤਰਫ ਤੋਂ ਬਾਪੂ ਗੁਰਚਰਨ ਸਿੰਘ, ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਵਸੀਹਤ ਬਾਰੇ ਜਾਣਕਾਰੀ ਦਿੱਤੀ । ਉਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਣੇ ਮੂੰਹ ਤੇ ਕਾਲਖ ਮਲ ਲਈ ਹੈ ਕਿ ਬਾਪੂ ਸੂਰਤ ਸਿੰਘ ਨੂੰ ਗੈਰ ਕਾਨੂੰਨੀ ਡਿਟੇਨ ਕੀਤਾ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲਸ ਨੇ ਮੋਰਚਾ ਪ੍ਰਬੰਧਕਾਂ ਨਾਲ ਵਾਅਦਾ ਕੀਤਾ ਸੀ ਕਿ ਬਾਪੂ ਸੂਰਤ ਸਿੰਘ ਨੂੰ 15 ਦਿਨਾਂ ਲਈ ਘਰ ਇਲਾਜ ਤੋਂ ਬਾਦ ਮੋਰਚੇ ਵਿੱਚ ਲੈ ਜਾ ਸਦਕੇ ਹਨ । ਪਰੰਤੂ ਅੱਜ ਡੇਢ ਮਹੀਨਾ ਬੀਤ ਜਾਣ ਤੇ ਵੀ ਉਨਾਂ ਨੂੰ ਮੋਰਚੇ ਵਿੱਚ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ । ਇਸ ਲਈ ਉਨਾਂ ਆਪਣੀ ਵਸੀਅਤ ਲਿਖੀ ਹੈ ਕਿ ਮੇਰੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਇਸ ਲਈ ਮੈਂ ਆਪਣੀ ਮ੍ਰਿਤਕ ਦੇਹ ਮੋਰਚੇ ਨੂੰ ਸੌਂਪ ਦਿੱਤੀ ਹੈ ਕਿਉਂਕਿ ਮਰਨ ਤੋਂ ਬਾਦ ਮੇਰੇ ਤੇ ਸਟੇਟ ਦਾ ਕਾਨੂੰਨ ਲਾਗੂ ਨਹੀਂ ਹੋਵੇਗਾ । ਮਨੁੱਖੀ ਅਧਿਕਾਰਾਂ ਦੇ ਇਹਿਤਾਸ ਦਾ ਕਾਲਾ ਦਿਨ ਸਾਬਤ ਹੋਇਆ ਹੈ । ਪ੍ਰੈਸ ਕਾਨਫਰੰਸ ਵਿੱਚ ਭਾਈ ਬਲਵਿੰਦਰ ਸਿੰਘ ਨੇ ਬਾਪੂ ਸੂਰਤ ਸਿੰਘ ਦੀ ਵਸੀਅਤ ਪੜ੍ਹ ਕੇ ਸੁਣਾਈ ।
ਮੈਂ ਸੂਰਤ ਸਿੰਘ (91) ਪੁੱਤਰ ਡਾ. ਸੰਤੋਖ ਸਿੰਘ ਪੁੱਤਰ ਸ੍ਰੀ ਧਿਆਨ ਸਿੰਘ ਵਾਸੀ ਪਿੰਡ ਹਸਨਪੁਰ ਤਹਿਸੀਲ ਅਤੇ ਜ਼ਿਲ੍ਹਾ ਲੁਧਿਆਣਾ ਅੱਜ ਮਿਤੀ 8-4-2023 ਨੂੰ ਆਪਣੇ ਘਰ ਪਿੰਡ ਹਸਨਪੁਰ ਵਿੱਚ ਅਤੇ ਕੁਝ ਪਤਵੰਤੇ ਬੰਦਿਆਂ ਦੀ ਹਾਜ਼ਰੀ ਵਿੱਚ ਆਪਣੀ ਵਸੀਅਤ ਲਿਖ ਰਿਹਾ ਹਾਂ ਕਿ ਮਿਤੀ 16-4-2023 ਤੋਂ ਮੇਰੇ ਘਰ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਪਾਠ ਸ਼ੁਰੂ ਕੀਤੇ ਜਾਣਗੇ ਅਤੇ 18-4-2023 ਨੂੰ ਭੋਗ ਪਾਏ ਜਾਣਗੇ । ਅਰਦਾਸ ਉਪਰੰਤ ਹੁੱਕਮਾਨਾਮਾ ਲੈ ਕੇ ਸਰਕਾਰ ਦੇ ਜ਼ਬਰ ਵਿਰੁੱਧ ਗੁਰੂ ਸਾਹਿਬ ਦੇ ਹੁੱਕਮ ਅਨੁਸਾਰ ਮੈਂ ਮਰਨ ਵਰਤ ਸ਼ੁਰੂ ਕਰਾਂਗਾ । ਮਰਨ ਤੋਂ ਬਾਦ ਮੇਰੀ ਆਖਰੀ ਇੱਛਾ ਹੈ ਕਿ ਮੇਰਾ ਸੰਸਕਾਰ ਅਤੇ ਮੇਰੀਆਂ ਅੰਤਿਮ ਰਸਮਾਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਿੱਚ ਕੀਤੀਆਂ ਜਾਣ । ਮੇਰੀ ਸਾਰੀ ਕੌਮ ਨੂੰ ਬੇਨਤੀ ਹੈ ਕਿ ਮੈਨੂੰ ਜਿਉਂਦੇ ਜੀਅ ਮੌਜੂਦਾ ਸਰਕਾਰ ਅੱਜ ਮੈਨੂੰ ਮੋਰਚੇ ਵਿੱਚ ਚੰਡੀਗੜ੍ਹ ਵਿੱਚ ਜਾਣ ਤੋਂ ਰੋਕ ਰਹੀ ਹੈ ਪਰ ਮੇਰੇ ਮਰਣ ਤੋਂ ਬਾਅਦ ਮੇਰੀ ਮ੍ਰਿਤਕ ਦੇਹ ਨੂੰ ਮੋਰਚੇ ਵਿੱਚ ਲੈ ਜਾਇਆ ਜਾਵੇ । ਮੇਰੀ ਅਪਣੀ ਕੌਮ ਤੇ ਸਿੱਖਾਂ ਤੇ ਸੰਗਤਾਂ ਨੂੰ ਇਹੀ ਆਖਰੀ ਬੇਨਤੀ ਹੈ । ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਬੇਨਤੀ ਪਰਵਾਨ ਕਰੋਗੇ । ਇਸ ਲਈ ਅੱਜ ਮੈਂ ਇਸ ਸਬੰਧੀ ਆਪਣੀ ਆਖਰੀ ਵਸੀਅਤ ਲਿਖ ਦਿੱਤੀ ਹੈ । ਮੇਰਾ ਪਰੀਵਾਰ ਅਤੇ ਮੇਰੇ ਮਿੱਤਰ ਜਾਂ ਸਬੰਧੀ ਇਸ ਵਿੱਚ ਦਖਲ ਅੰਦਾਜੀ ਨਾ ਕਰਨ, ਇਹ ਮੇਰੀ ਉਨਾਂ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਮੈਂ ਅਤੇ ਮੇਰਾ ਸਰੀਰ ਸਿਰਫ ਕੌਮ ਦੀ ਅਮਾਨਤ ਹੈ ।



