ਦੇਸ਼ ਦੀਆਂ ਘੱਟ-ਗਿਣਤੀਆਂ ਹਮੇਸ਼ਾ ਵੋਟ ਬੈਂਕ ਵਜੋਂ ਵਰਤਿਆ ਗਿਆ
ਮਲੇਰਕੋਟਲਾ, 19 ਸਤੰਬਰ (ਅਬੂ ਜ਼ੈਦ): ਭਾਰਤ ਦੀ ਕੋਈ ਵੀ ਸਰਕਾਰ ਦੇਸ਼ ਦੀਆਂ ਘੱਟਗਿਣਤੀਆਂ ਨੂੰ ਅਣਗੌਲਿਆਂ ਕਰਕੇ ਜ਼ਿਆਦਾ ਸਮਾਂ ਨਹੀਂ ਰਹਿ ਸਕਦੀ । ਕਿਸੇ ਵੀ ਸਿਆਸੀ ਜਮਾਤ ਨੂੰ ਸੱਤਾ ‘ਚ ਆਉਣ ਲਈ ਵੋਟਾਂ ਸਮੇਂ ਘੱਟਗਿਣਤੀਆਂ ਦੀ ਲੋੜ ਪੈਂਦੀ ਹੈ ਪਰੰਤੂ ਜਿਵੇਂ ਹੀ ਸੱਤਾ ਹਾਸਲ ਕੀਤੀ ਤਾਂ ਘੱਟਗਿਣਤੀਆਂ ਨੂੰ ਢੱਠੇ-ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ । ਅਜਿਹਾ ਹੀ ਮਾਮਲਾ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੀ ਮਲੇਰਕੋਟਲਾ ਜ਼ਿਲੇ ਵਿੱਚ ਹੋਈ ਮੀਟਿੰਗ ਵਿੱਚ ਦੇਖਣ ਨੂੰ ਮਿਲਿਆ ਜਦੋਂ ਇੱਕ ਅਹਿਮ ਮੀਟਿੰਗ ਵਿੱਚ ਮਿਨੋਰਟੀ ਸੈਲ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਿਛਲੇ 40 ਸਾਲ ਤੋਂ ਲਗਾਤਾਰ ਪਾਰਟੀ ਦੇ ਸੇਵਾ ਕਰ ਰਹੇ ਦਿਲਾਵਰ ਖਾਨ ਚੇਅਰਮੈਨ ਮਿਨੋਰਟੀ ਸੈਲ ਨੂੰ ਪੰਜਾਬ ਵਿੱਚ ਲਗਾਏ ਗਏ ਅਬਜ਼ਰਬਰਾਂ ਵਿੱਚ ਸ਼ਾਮਲ ਕੀਤਾ ਗਿਆ । ਮਿਨੋਰਟੀ ਸੈਲ ਜੋ ਮੁਸਲਿਮ, ਇਸਾਈ, ਬੋਧ ਅਤੇ ਜੈਨ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਾ ਹੈ । ਜਿਸ ‘ਤੇ ਕਾਂਗਰਸ ਪਾਰਟੀ ਦੇ ਪੰਜਾਬ ਮਿਨੋਰਟੀ ਸੈਲ ਦੇ ਜਰਨਲ ਸਕੱਤਰ ਰਿਆਜ਼ ਖਾਨ ਨੇ ਆਪਣੀ ਹੀ ਪਾਰਟੀ ਵਿਰੁੱਧ ਸਖਤ ਇਤਰਾਜ਼ ਜਤਾਇਆ ਅਤੇ ਹਾਈਕਮਾਨ ਨੂੰ ਅਪੀਲ ਕੀਤੀ ਕਿ ਅਜਿਹੀ ਕੋਝੀਆਂ ਚਾਲਾਂ ਤੋਂ ਅਖੌਤੀ ਆਗੂਆਂ ਨੂੰ ਵਰਜਿਆ ਜਾਵੇ ।
ਅਦਾਰਾ ‘ਅਬੂ ਜ਼ੈਦ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਿਆਜ਼ ਖਾਨ ਨੇ ਦੱਸਿਆ ਕਿ ਦੇਸ਼ ਦੀਆਂ ਘੱਟਗਿਣਤੀਆਂ ਨੂੰ ਹਮੇਸ਼ਾ ਵੋਟ ਬੈਂਕ ਵਜੋਂ ਵਰਤਿਆ ਗਿਆ ਹੈ । ਉਹਨਾਂ ਪੰਜਾਬ ‘ਚ ਸਾਢੇ ਤਿੰਨ ਸਾਲ ਤੋਂ ਸੱਤਾ ਉੱਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ ‘ਆਪ’ ਸਰਕਾਰ ਨੇ ਦਹਾਕਿਆਂ ਤੋਂ ਚੱਲੀ ਆ ਰਹੀ ਮਲੇਰਕੋਟਲਾ ਦੇ ਇਕਲੌਤੇ ਮੁਸਲਿਮ ਵਿਧਾਇਕ ਨੂੰ ਮੰਤਰੀ ਬਣਾਉਣ ਦੀ ਰਿਵਾਇਤ ਤੋੜਕੇ ਆਪਣਾ ਮੁਸਲਿਮ ਅਤੇ ਘੱਟਗਿਣਤੀਆਂ ਵਿਰੋਧੀ ਚਿਹਰਾ ਜੱਗ-ਜਾਹਰ ਕਰ ਦਿੱਤਾ ਹੈ, ਜਦੋਂਕਿ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀਆਂ ਸਰਕਾਰਾਂ ਵਿੱਚ ਨੁਸਰਤ ਅਲੀ ਖਾਨ, ਚੌਧਰੀ ਅਬਦੁਲ ਗਫਾਰ, ਨੁਸਰਤ ਇਕਰਾਮ ਖਾਨ, ਰਜ਼ੀਆ ਸੁਲਤਾਨਾ, ਫਰਜ਼ਾਨਾ ਆਲਮ ਵਿਧਾਇਕਾਂ ਨੂੰ ਕੈਬਿਨਟ ਅਹੁੱਦੇ ਨਾਲ ਨਵਾਜ਼ਿਆ ਗਿਆ । ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਕਫ ਬੋਰਡ ਦਾ ਗਠਨ ਤਿੰਨ ਸਾਲ ਤੱਕ ਨਾ ਕੀਤਾ ਗਿਆ ਬਲਿਕ ਬੋਰਡ ਦੀ ਲੁੱਟ ਸਰਕਾਰ ਪ੍ਰਸ਼ਾਸਕ ਲਗਾਕੇ ਕਰਦੀ ਰਹੀ । 2008 ਤੋਂ ਸ੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਤੋਂ ਮੁਸਲਮਾਨਾਂ ਨੂੰ ਮਿਲੀ ਹੋਈ ‘ਹਿਬਾਨਾਮਾ’ ਦੀ ਸਹੂਲਤ ਮਿਲੀ ਜਿਸ ਰਾਹੀਂ ਆਰਥਿਕ ਪੱਖੋਂ ਕਮਜ਼ੋਰ ਮੁਸਲਿਮ ਸਮਾਜ ਦੇ ਲੋਕ ਆਪਣੀ ਜਾਇਦਾਦ ਮੁੰਨਤਕਿਲ ਕਰ ਸਕਦੇ ਹਨ, ‘ਆਪ’ ਸਰਕਾਰ ਦੇ 43 ਮਹੀਨੇ ਦੇ ਸਮੇਂ ਵਿੱਚ ਪਹਿਲਾਂ 19 ਮਹੀਨੇ ਅਤੇ ਹੁਣ 11 ਮਹੀਨੇ ਤੋਂ ਬੰਦ ਹੈ । 2021 ਤੋਂ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕਰਵਾਏ ਮਿਨੋਰਟੀ ਮੈਡੀਕਲ ਕਾਲਜ ਦਾ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਅਜੇ ਤੱਕ ਕੋਈ ਅਤਾ-ਪਤਾ ਨਹੀਂ ਹੈ ।
ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਸੂਬੇ ਦੀਆਂ ਘੱਟਗਿਣਤੀਆਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ । ਦੇਸ਼ ਦੀ ਹਰ ਪਾਰਟੀ ਘੱਟਗਿਣਤੀਆਂ ਦੇ ਵੋਟ ਹਾਸਲ ਕਰਨ ਲਈ ਹਰ ਵਾਰ ਨਵੇਂ ਲੁਭਾਉਣੇ ਵਾਅਦੇ ਲੈ ਕੇ ਆਉਂਦੇ ਨੇ ਅਤੇ ਭੋਲੇ-ਭਾਲੇ ਲੋਕ ਲੱਛੇਦਾਰ ਭਾਸ਼ਣਾਂ ਦੇ ਮੁਰੀਦ ਹੋ ਜਾਂਦੇ ਹਨ ਅਤੇ ਆਪਣੀ ਵੋਟ ਲੁਟਾ ਦਿੰਦੇ ਨੇ ਪਰੰਤੂ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਜਾਗਰੂਕ ਨਹੀਂ ਹੁੰਦੇ ।