ਮਲੇਰਕੋਟਲਾ, 16 ਅਪ੍ਰੈਲ (ਬਿਉਰੋ): ਕੌਮੀ ਇਨਸਾਫ ਮੋਰਚੇ ‘ਕੌਇਮੋ’ ਵੱਲੋਂ ਮੋਹਾਲੀ ਵਿਖੇ ਪਿਛਲੇ 100 ਦਿਨਾਂ ਤੋਂ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਲੱਗੇ ਧਰਨੇ ‘ਚ ਦੇਸ਼ ਵਿਦੇਸ਼ ਤੋਂ ਸੰਗਤ ਹਾਜ਼ਰੀ ਲਗਵਾ ਰਹੀ ਹੈ ।
‘ਕੌਇਮੋ’ ਤੋਂ ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਪ੍ਰਬੰਧਕ ਅਤੇ ਬੇਬਾਕ ਬੁਲਾਰੇ ਭਾਈ ਪਲਵਿੰਦਰ ਸਿੰਘ ਤਲਵਾੜਾ ਨੇ ਕਿਹਾ ਕਿ ਪੰਥਕ ਮੋਰਚਾ ਚੜ੍ਹਦੀ ਕਲਾ ‘ਚ ਹੈ ਅਤੇ ਆਪਣੇ ਹੱਕਾਂ ਲਈ ਡਟੇ ਹੋਏ ਹਾਂ । ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਵੱਲੋਂ ਮੋਰਚੇ ਦੇ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ ਕਾਰਣ ਜੋ 31 ਮੈਂਬਰੀ ਜੱਥੇ ਜੋ ਮੋਰਚੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾ ਰਹੇ ਸਨ, ਬੰਦ ਕਰ ਦਿੱਤੇ ਸੀ ਉਹ ਸਰਕਾਰ ਦੇ ਆਪਣੇ ਵਾਅਦੇ ਤੋਂ ਮੁਕਰ ਜਾਣ ਤੋਂ ਬਾਦ ਫਿਰ ਸ਼ੁਰੂ ਕਰ ਦਿੱਤੇ ਗਏ ਹਨ ।
ਉਨਾਂ ਕਿ ਕਿ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰ ਅਤੇ ਜ਼ੁਲਮ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਬਿਨ੍ਹਾਂ ਕਿਸੇ ਗੱਲ ਤੋਂ ਸੂਬੇ ਅੰਦਰ ਪੈਰਾ ਮਿਲਟਰੀ ਫੋਰਸਾਂ ਅਤੇ ਕੇਂਦਰੀ ਏਜੰਸੀਆਂ ਬੁਲਾ ਕੇ ਪੰਜਾਬ ਦੀ ਨੌਜਵਾਨੀ ਅੰਦਰ ਸਹਿਮ ਦਾ ਮਾਹੌਲ ਪੈਦਾ ਕੀਤਾ ਅਤੇ 1984 ਦੇ ਕਾਲੇ ਦੌਰ ਵਾਂਗ ਦਰਜਨਾਂ ਨੌਜਵਾਨਾਂ ਨਾਜਾਇਜ਼ ਚੁੱਕਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸੁਟਿਆ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਪੰਜਾਬ ਅੰਦਰ ਤਸੀਹੇ ਦੇ ਕੇ ਧਮਕਾਇਆ ਜਾ ਰਿਹੈ ।
ਉਨਾਂ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪੰਜਾਬ ਦੇ ਜੁਝਾਰੂ ਲੋਕ ਆਮ ਆਦਮੀ ਪਾਰਟੀ ਨੂੰ ਸੂਬੇ ਨਾਲ ਕੀਤੀਆਂ ਵਧੀਕੀਆਂ ਦਾ ਬਦਲਾ ਜ਼ਰੂਰ ਲੈਣਗੇ ਜਿਵੇਂ ਇਸ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਤੇ ਇਨ੍ਹਾਂ ਦਾ ਮੱਖੂ ਠੱਪਿਆ ਸੀ ।ਉਨਾਂ ਮਾਣਯੋਗ ਅਦਾਲਤਾਂ ਤੇ ਭਰੋਸਾ ਜਤਾਉਂਦਿਆ ਕਿਹਾ ਕਿ ਸਰਕਾਰ ਵੱਲੋਂ ਨਾਜਾਇਜ਼ ਤੌਰ ਤੇ ਚੁੱਕੇ ਨੌਜਵਾਨ ਅਦਾਲਤਾਂ ਵੱਲੋਂ ਬਾਇੱਜ਼ਤ ਬਰੀ ਕੀਤੇ ਜਾਣਗੇ ।
ਸ. ਤਲਵਾੜਾ ਨੇ ਪੰਜਾਬ ਦੇ ਲੋਕਾਂ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਹਾੜੀ ਦੀ ਫਸਲ ਦਾ ਨਿਪਟਾਰਾ ਕਰਕੇ ਪਹਿਲਾਂ ਵਾਂਗ ਹੀ ਮੋਰਚੇ ਦੀਆਂ ਰੌਣਕਾਂ ਨੂੰ ਵਧਾਇਆ ਜਾਵੇ । ਹਰ ਪਿੰਡ ਵਿੱਚੋਂ ਇੱਕ ਟਰਾਲੀ ਤਾਂ ਮੋਰਚੇ ਲਈ ਜਰੂਰ ਸ਼ੁਰੂ ਕੀਤੀ ਜਾਵੇ ਜਿਸ ਨਾਲ ਗੂੰਗੀ, ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਪੰਥ ਦਾ ਦਰਦ ਮਹਿਸੂਸ ਕਰਵਾਇਆ ਜਾ ਸਕੇ ।



