ਮਲੇਰਕੋਟਲਾ ਤੋਂ ਵਫਦ ਸਮ੍ਰਿਤੀ ਇਰਾਨੀ ਘੱਟਗਿਣਤੀਆਂ ਮਾਮਲਿਆਂ ਦੀ ਮੰਤਰੀ ਨਾਲ ਮੁਲਾਕਾਤ ਕਰੇਗਾ-ਐਡਵੋਕੇਟ ਮੁਹੰਮਦ ਜਮੀਲ
ਮਲੇਰਕੋਟਲਾ, 22 ਮਈ (ਬਿਉਰੋ): ਮਲੇਰਕੋਟਲਾ ਦੇ ਸਮਾਜਸੇਵੀਆਂ ਵੱਲੋ ਇੱਕ ਮੰਗ ਪੱਤਰ ਕੇਂਦਰੀ ਮੰਤਰੀ ਅਤੇ ਚੇਅਰਮੈਨ ਹੱਜ ਕਮੇਟੀ ਆਫ ਇੰਡੀਆ ਨੂੰ ਭੇਜਿਆ ਗਿਆ। ਜਿਸ ਰਾਹੀਂ ਪੰਜਾਬ ਤੋਂ ਹੱਜ ਬੈਤੁੱਲਾ ਦੀ ਪਵਿੱਤਰ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਦੀ ਫਲਾਈਟ ਦਿੱਲੀ ਦੀ ਬਜਾਏ ਸਿੱਧੀ ਪੰਜਾਬ ਦੇ ਕੌਮਾਂਤਰੀ ਏਅਰਪੋਰਟ ਮੋਹਾਲੀ ਅਤੇ ਅੰਮ੍ਰਿਤਸਰ ਤੋਂ ਕਰਵਾਈ ਜਾਵੇ । ਇਸ ਸਬੰਧ ‘ਚ ਮਲੇਰਕੋਟਲਾ ਤੋਂ ਇੱਕ ਵਫਦ ਜਲਦੀ ਹੀ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਮਿਨਿਸਟਰ ਫਾਰ ਮਿਨਾਰਟੀ ਅਫੇਅਰਜ਼ ਅਤੇ ਚੇਅਰਮੈਨ ਹੱਜ ਕਮੇਟੀ ਆਫ ਇੰਡੀਆ ਨਾਲ ਵਿਸ਼ੇਸ਼ ਮੁਲਾਕਾਰ ਵੀ ਕਰੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਕੀਤਾ ।
ਉਹਨਾਂ ਦੱਸਿਆ ਕਿ ਪੰਜਾਬ ਦੇ ਹਾਜੀਆਂ ਦਾ ਕੋਟਾ 400 ਦੇ ਕਰੀਬ ਹੈ ਪਰੰਤੂ ਇਸ ਵਾਰ ਸਿਰਫ 249 ਹੱਜ ਯਾਤਰੀ ਹੀ ਜਾ ਰਹੇ ਹਨ । ਮਲੇਰਕੋਟਲਾ ਅੰਦਰ ਹਾਜੀਆਂ ਨੂੰ ਰਵਾਨਾ ਕਰਨ ਦੀ ਰਸਮ ਅਦਾ ਕਰਨ ਲਈ ਰੇਲਵੇ ਸਟੇਸ਼ਨ ਉੱਤੇ ਖੁਬ ਚਹਿਲ-ਪਹਿਲ ਦਾ ਮਾਹੌਲ ਹੈ । ਪੰਜਾਬ ਤੋਂ ਹੱਜ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਦੀ ਦਿੱਲੀ ਏਅਰਪੋਰਟ ਤੋਂ ਫਲਾਈਟ ਲੈਣ ਲਈ ਹੱਜ ਕਮੇਟੀ ਵੱਲੋਂ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਸਾਰੇ ਹਾਜੀ ਦੋ ਦਿਨ ਪਹਿਲਾਂ ਦਿੱਲੀ ਆ ਕੇ ਆਪਣੇ ਪਾਸਪੋਰਟ ਅਤੇ ਟਰੈਵਲ ਦਸਤਾਵੇਜ਼ ਹਾਸਲ ਕਰ ਲੈਣ । ਹਜ਼ਾਰਾਂ ਦੀ ਗਿਣਤੀ ‘ਚ ਹੱਜ ਯਾਤਰਾ ਲਈ ਜਾਣ ਵਾਲਿਆਂ ਦੇ ਪਰਿਵਾਰ ਦੇ ਮੈਂਬਰ ਸਖਤ ਗਰਮੀ ਦੇ ਮੌਸਮ ਵਿੱਚ ਦਿੱਲੀ ਲਈ ਰੇਲ, ਬਸ ਅਤੇ ਟੈਕਸੀਆਂ ਰਾਹੀਂ ਦਿੱਲੀ ਲਈ ਕੂਚ ਕਰ ਰਹੇ ਹਨ । ਇਸ ਸਫਰ ਲਈ ਦਿੱਲੀ ਤੋਂ ਫਲਾਈਟ ਹੋਣ ਕਾਰਣ ਮੁਸਲਿਮ ਭਾਈਚਾਰੇ ਜਿੱਥੇ ਲੱਖਾਂ ਰੁਪਏ ਦਾ ਖਰਚ ਹੁੰਦਾ ਹੈ ਉੱਥੇ ਹੀ ਹਾਜੀਆਂ ਨੂੰ ਵੀ 2-3 ਦਿਨ ਦਿੱਲੀ ਰੁਕਣ ਵਿੱਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਿਛਲੇ ਸਾਲ ਹੱਜ ਯਾਤਰੀ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਹਾਜੀਆਂ ਨੇ ਮਜ਼ਬੂਰੀਵਸ਼ ਸੜਕਾਂ ਕਿਨਾਰੇ ਗੁਸਲ ਕੀਤਾ ਜੋ ਕਿ ਬਹੁਤ ਹੀ ਸ਼ਰਮਨਾਕ ਸੀ, ਜਿਸ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ । ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਹੱਜ ਯਾਤਰਾ 2024 ਲਈ ਜਿਹਨਾਂ ਯਾਤਰੀਆਂ ਨੇ ਫਾਰਮ ਭਰੇ ਹਨ ਪਹਿਲਾਂ ਉਹਨਾਂ ਨੂੰ 11 ਮਈ ਦੀ ਫਲਾਈਟ ਲਈ ਸੰਦੇਸ਼ ਭੇਜ ਦਿੱਤਾ, ਫਿਰ ਉਸਨੂੰ ਰੱਦ ਕਰਕੇ 24 ਮਈ ਦਾ ਮੈਸਜ ਭੇਜ ਦਿੱਤਾ 22 ਮਈ ਨੂੰ ਉਹ ਵੀ ਰੱਦ ਹੋ ਗਈ ਅਤੇ ਹੁਣ 25 ਮਈ ਦਾ ਮੈਸਜ ਦੇ ਦਿੱਤਾ ਗਿਆ ਹੈ । ਸੂਬਾ ਹੱਜ ਕਮੇਟੀ ਪੰਜਾਬ ਅਤੇ ਹੱਜ ਕਮੇਟੀ ਆਫ ਇੰਡੀਆ ਦੇ ਹੱਜ ਯਾਤਰਾ ਦੇ ਪ੍ਰਬੰਧਾਂ ਤੋਂ ਹਾਜੀ ਸਾਹਿਬਾਨ ਡਾਹਢੇ ਪ੍ਰੇਸ਼ਾਨ ਹਨ ਜਿਸ ਦਾ ਕਾਰਣ ਦੋਵੇਂ ਹੱਜ ਕਮੇਟੀਆਂ ਦਾ ਆਪਣੀ ਜ਼ਿੰਮੇਵਾਰੀ ਨਾ ਨਿਭਾਉਣਾ ਹੈ ।
ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਅਤੇ ਚੇਅਰਮੈਨ ਹੱਜ ਕਮੇਟੀ ਆਫ ਇੰਡੀਆ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਦੇ ਹਾਜੀਆਂ ਲਈ ਮੋਹਾਲੀ ਅਤੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇ । ਉਹਨਾਂ ਹੱਜ ਕਮੇਟੀ ਪੰਜਾਬ ਨੂੰ ਵੀ ਅਪੀਲ ਕੀਤੀ ਕਿ ਹਾਜੀਆਂ ਦੇ ਸਫਰ ਸਹੂਲਤਾਂ ਲਈ ਬਿਹਤਰ ਸੇਵਾਵਾਂ ਦੇਣ ਲਈ ਉਪਰਾਲੇ ਕਰਨ ਨਾ ਕਿ ਹੱਜ ਕਮੇਟੀ ਦੇ ਪਲੇਟਫਾਰਮ ਨੂੰ ਸਿਆਸੀ ਮੰਚ ਵਜੋਂ ਵਰਤਿਆ ਜਾਵੇ ।