ਪੰਜਾਬ ਵਕਫ ਬੋਰਡ ਦਾ ਗਠਨ ਛੇਤੀ ਕਰਨ ਦੀ ਮੁਸਲਿਮ ਭਾਈਚਾਰੇ ਦੀ ਮੁੱਖ ਮੰਤਰੀ ਨੂੰ ਅਪੀਲ

author
0 minutes, 2 seconds Read

ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਪੰਜਾਬ ਵਿੱਚੋਂ ਸੱਚੇ, ਇਮਾਨਦਾਰ, ਸੂਝਵਾਨ ਅਤੇ ਅਨੁਭਵੀਂ ਚੁਣੇ ਜਾਣ – ਮੁਹੰਮਦ ਜਮੀਲ ਐਡਵੋਕੇਟ

ਮਲੇਰਕੋਟਲਾ, 25 ਅਗਸਤ (ਬਿਉਰੋ): ਪੰਜਾਬ ਅੰਦਰ ਲੰਬੇ ਅਰਸੇ ਬਾਅਦ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧਕੇਲ ਕੇ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ । ਜਿੱਥੇ ਪੰਜਾਬ ਦੇ ਸਮੁੱਚੇ ਲੋਕਾਂ ਨੇ ਵੱਡੀਆਂ ਉਮੀਦਾਂ ਲਗਾ ਰੱਖੀਆਂ ਹਨ ਉੱਥੇ ਹੀ ਪੰਜਾਬ ਦੇ ਮੁਸਲਮਾਨਾਂ ਨੇ ਸਰਕਾਰ ਅਤੇ ਆਪਣੇ ਇਕਲੌਤੇ ਮੁਸਲਿਮ ਵਿਧਾਇਕ ਤੋਂ ਕੁਝ ਜ਼ਿਆਦਾ ਹੀ ਆਸਾਂ ਲਾ ਰੱਖੀਆਂ ਸਨ, ਅੱਜ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣੇ ਕਰੀਬ ਡੇਢ ਸਾਲ ਦਾ ਸਮਾਂ ਬੀਤ ਚੁੱਕਾ ਹੈ । ਪਰੰਤੂ ਪੰਜਾਬ ਦੇ ਮੁਸਲਮਾਨਾਂ ਨੂੰ ਸਰਕਾਰ ਤੋਂ ਨਿਰਾਸ਼ਾ ਹੀ ਮਿਲਦੀ ਨਜ਼ਰ ਆ ਰਹੀ ਹੈ । ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਸਰਕਾਰ ਬਨਣ ਤੋਂ ਸਾਲਾਂ ਬਾਅਦ ਤੱਕ ਮੁਸਲਮਾਨਾਂ ਦੇ ਅਦਾਰੇ ਪੰਜਾਬ ਵਕਫ ਬੋਰਡ ਦਾ ਗਠਨ ਨਹੀਂ ਕੀਤਾ ਗਿਆ ਅਤੇ ਪਿਛਲੇ 9 ਮਹੀਨੇ ਤੋਂ ਏ.ਡੀ.ਜੀ.ਪੀ. ਮੁਹੰਮਦ ਫੈਯਾਜ਼ ਫਾਰੂਕੀ (ਆਈ.ਪੀ.ਐਸ.) ਨੂੰ ਵਾਧੂ ਚਾਰਜ ਦੇ ਕੇ ਪ੍ਰਸ਼ਾਸਕ ਨਿਯੁੱਕਤ ਕੀਤਾ ਹੋਇਆ ਹੈ ਜੋ ਆਪਣੇ ਪੱਧਰ ਤੇ ਚੰਗਾ ਕੰਮ ਕਰ ਰਹੇ ਹਨ । ਪਰੰਤੂ ਪੰਜਾਬ ਦੇ ਮੁਸਲਮਾਨਾਂ ਦੀਆਂ ਸਮੱਸਿਆਵਾਂ ਨੂੰ ਜਮੀਨੀ ਪੱਧਰ ਤੇ ਸਥਾਨਕ ਲੋਕ ਹੀ ਜਾਣਦੇ ਹਨ । ਇਸ ਲਈ ਬੋਰਡ ਦਾ ਗਠਨ ਹੋਣਾ ਅਤਿ ਜਰੂਰੀ ਹੈ ਕਿਉਂਕਿ ਪੰਜਾਬ ਦੇ ਮੁਸਲਮਾਨਾਂ ਦੀਆਂ ਅਨੇਕਾਂ ਸਮੱਸਿਆਵਾਂ ਦੇ ਹੱਲ ਲਈ ਇੱਕ ਅਨੁਭਵੀ ਟੀਮ ਦੀ ਲੋੜ ਹੈ ਜੋ ਹਰ ਵਰਗ ਦੇ ਲੋਕਾਂ ਵਿੱਚ ਵਿਚਰਦੀ ਹੋਵੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਐਨਾ ਲੰਬਾ ਸਮਾਂ ਬੋਰਡ ਦਾ ਗਠਨ ਕਰਨ ‘ਚ ਦੇਰੀ ਹੋਈ ਹੈ । ਇਸ ਵਿੱਚੋਂ ‘ਆਪ’ ਸਰਕਾਰ ਦੀ ਅਨੁਭਵਹੀਣਤਾ ਸਾਫ ਨਜ਼ਰ ਆ ਰਹੀ ਹੈ । ਸਰਕਾਰ ਦੀ ਸੁਸਤੀ ਤੋਂ ਮਾਯੂਸ ਲੋਕ ਤਾਂ ਇਹ ਵੀ ਕਹਿਣ ਲੱਗੇ ਹਨ ਕਿ ਮੌਜੂਦਾ ਸਰਕਾਰ ਵਕਫ ਬੋਰਡ ਨੂੰ ਆਪਣੇ ਸਿਆਸੀ ਮੁਫਾਦ ਲਈ ਇਸਤੇਮਾਲ ਕਰ ਰਹੀ ਹੈ । ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਮਲੇਰਕੋਟਲਾ ਵਿਖੇ ਹਸਪਤਾਲ ਹਜ਼ਰਤ ਹਲੀਮਾ ਚੱਲ ਰਿਹਾ ਹੈ ਜਿਸ ਵਿੱਚ ਇਲਾਜ ਕਰਵਾਉਣਾ ਕਿਸੇ ਪ੍ਰਾਈਵੇਟ ਹਸਪਤਾਲ ਦੇ ਬਰਾਬਰ ਹੀ ਹੈ, 7 ਸਕੂਲ ਚੱਲ ਰਹੇ ਹਨ ਜਿੱਥੇ ਸਿੱਖਿਆ ਦਾ ਮਿਆਰ ਬਿਲਕੁਲ ਡਿੱਗ ਚੁੱਕਾ ਹੈ, ਇੱਕ ਗਰਲਜ਼ ਕਾਲਜ ਜੋ ਕਿ ਸਕੂਲ ਦੀ ਹੀ ਇਮਾਰਤ ਵਿੱਚ ਚੱਲ ਰਿਹਾ ਹੈ ਉਸ ਲਈ ਇਮਾਰਤ ਬਣਾਉਣ ਦੀ ਲੋੜ ਹੈ । ਹਜ਼ਾਰਾਂ ਜਰੂਰਤਮੰਦ ਲੋਕਾਂ ਨੂੰ ਪੈਂਨਸ਼ਨਾਂ ਲਗਾਉਣ ਦੀ ਲੋੜ ਹੈ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਜ਼ੀਫਿਆਂ ਦੀ ਲੋੜ ਹੈ, ਸਕੂਲਾਂ, ਮਦਰਸਿਆਂ ਅਤੇ ਮਸਜਿਦਾਂ ਨੂੰ ਵਿਸ਼ੇਸ਼ ਇਮਦਾਦ ਦੀ ਜਰੂਰਤ ਹੈ ਜੋ ਹਰ ਕੋਈ ਵੱਡੇ ਪੁਲਿਸ ਅਧਿਕਾਰੀ ਕੋਲ ਪਹੁੰਚ ਨਹੀਂ ਕਰ ਸਕਦਾ । ਪੰਜਾਬ ਦੇ ਮੁਸਲਮਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਸਿੱਖਿਆ ਦੇ ਖੇਤਰ ਵਿੱਚ ਸਮੇਂ ਦਾ ਹਾਣੀ ਬਣਾਉਣ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਅਦਾਰਿਆਂ ਨੂੰ ਬਿਹਤਰ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਬੋਰਡ ਦਾ ਗਠਨ ਹੋਣਾ ਲਾਜ਼ਮੀ ਹੈ । ਵੈਸੇ ਵੀ ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਇਸ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਬੇਵਜ੍ਹਾ ਜਾਪਦੀ ਹੈ ।

ਮੁਸਲਿਮ ਭਾਈਚਾਰੇ ਵੱਲੋਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਕਫ ਬੋਰਡ ਦਾ ਗਠਨ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਪੰਜਾਬ ਵਿੱਚੋਂ ਸੂਝਵਾਨ, ਪੜ੍ਹੇਲਿਖੇ, ਅਨੁਭਵੀਂ ਮੈਂਬਰ ਚੁਣਕੇ ਜਲਦੀ ਕੀਤਾ ਜਾਵੇ ਅਤੇ ਚੇਅਰਮੈਨ ਕਿਸੇ ਸੱਚੇ, ਇਮਾਨਦਾਰ ਪੰਜਾਬੀ ਨੂੰ ਹੀ ਚੁਣਿਆ ਜਾਵੇ ਅਤੇ ਪੰਜਾਬ ਵਕਫ ਬੋਰਡ ਵਿੱਚ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਤਾਂ ਜੋ ਬੋਰਡ ਬੇਹੱਦ ਪੱਛੜ ਚੁੱਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਸਕੇ ।

Similar Posts

Leave a Reply

Your email address will not be published. Required fields are marked *