ਪੰਜਾਬ ਸਰਕਾਰ ਬੁੱਢੇ ਦਰਿਆ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ‘ਚ ਬਿਲਕੁਲ ਅਸਫਲ ਹੋਈ

author
0 minutes, 4 seconds Read

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹੋਂ ਬਾਣੀ ਦੇ ਸ਼ਬਦ ਸੁਣੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਭਾਵ ਹਵਾ ਗੁਰੁ, ਪਾਣੀ ਪਿਤਾ ਅਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਦਿਲ ਨੂੰ ਬੇਹੱਦ ਸਕੂਨ ਮਿਲਿਆ ਕਿ ਸਾਡੇ ਸੂਬੇ ਦਾ ਮੋਢੀ ਐਨੀ ਧਾਰਮਿਕ ਸਮਝ ਅਤੇ ਸ਼ਰਧਾ ਰੱਖਦਾ ਹੈ ਤਾਂ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਕੋਈ ਰੋਕ ਨਹੀਂ ਸਕੇਗਾ । ਹਰ ਧਰਮ ਮਾਨਵਤਾ ਦਾ ਮਾਰਗ ਦਰਸ਼ਨ ਹੀ ਕਰਦਾ ਹੈ । ਪੰਜਾਬ ਦੇ ਲੋਕਾਂ ਨੂੰ ਇੰਝ ਲੱਗਾ ਜਿਵੇਂ ਹੁਣ ਪੰਜਾਬ ਜੋ ਪੰਜ ਦਰਿਆਵਾਂ ਦੀ ਧਰਤੀ ਹੈ ਦਾ ਪਾਣੀ ਤਾਂ ਸਾਫ ਹੋ ਹੀ ਜਾਵੇਗਾ । ਪਰੰਤੂ ਤਿੰਨ ਸਾਲ ਦਾ ਸਮਾਂ ਬੀਤ ਜਾਣ ‘ਤੇ ਪਤਾ ਚੱਲਾ ਕਿ ਸਭ ਕੁਝ ਲੱਫਾਜੀ ਹੀ ਸੀ, ਭਾਵ ਕੋਈ ਸ਼ਰਧਾ ਵਾਲੀ ਗੱਲ ਨਹੀਂ ਸੀ ਬਲਿਕ ਵੋਟਰਾਂ ਨੂੰ ਲੁਭਾਉਣ ਲਈ ਸਿਰਫ ਅਤੇ ਸਿਰਫ ਲੱਛੇਦਾਰ ਭਾਸ਼ਣ ਹੀ ਸਨ । ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਕੈਬਿਨਟ ਮੰਤਰੀ ਅਤੇ ਸਾਰੇ ਵਿਧਾਇਕ ‘ਕਾਲੇ ਪਾਣੀ’ ਦੇ ਮੋਰਚੇ ਬਾਰੇ ਬਿਲਕੁਕ ਖਾਮੋਸ਼ ਹਨ । ਪਿਛਲੇ ਕਈ ਸਾਲਾਂ ਤੋਂ ਪ੍ਰਸਿੱਧ ਫਿਲਮੀ ਅਦਾਕਾਰ ਅਮਿਤੋਜ ਮਾਨ, ਸੂਫੀ ਗਾਇਕ ਕੰਵਰ ਗਰੇਵਾਲ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਸਮਾਜਸੇਵੀ ਲੱਖਾ ਸਿਧਾਨਾ ਸਮੇਤ ਅਨੇਕਾਂ ਵਾਤਾਵਰਣ ਪ੍ਰੇਮੀ ਬੁੱਢੇ ਦਰਿਆ ਦੇ ਦੂਸ਼ਿਤ ਹੋਏ ਪਾਣੀ ਦੇ ਸੁਧਾਰ ਲਈ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ ਪਰੰਤੂ ਪੰਜਾਬ ਸਰਕਾਰ ਅੰਨ੍ਹੀ, ਬੋਲੀ, ਗੂੰਗੀ ਹੋ ਕੇ ਇਸ ਮਾਮਲੇ ਤੋਂ ਕੰਨੀ ਕਤਰਾ ਰਹੀ ਹੈ । ਪਾਣੀਆਂ ਦੇ ਦੂਸ਼ਣ ਨੂੰ ਰੋਕਣ ਲਈ ਜਦੋਂ ਲੁਧਿਆਣਾ ਵਿੱਚ ਵੱਡਾ ਇਕੱਠ ਰੱਖਿਆ ਗਿਆ ਤਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੇ ਪੂਰੀ ਵਾਹ ਲਗਾ ਦਿੱਤੀ ਕਿ ਇਕੱਠ ਨੂੰ ਰੋਕਿਆ ਜਾਵੇ । ਇਸੇ ਮਾਮਲੇ ਦੇ ਹੱਲ ਲਈ ਕਿ ਜੋ ਲੁਧਿਆਣੇ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਅਤੇ ਸ਼ਹਿਰ ਦਾ ਗੰਦਾ ਸੀਵਰੇਜ ਦਾ ਪਾਣੀ ਬੁੱਢੇ ਨਾਲੇ ਵਿੱਚ ਸੁਟਿਆ ਜਾਂਦਾ ਹੈ ਉਸਨੂੰ ਰੋਕਿਆ ਜਾਵੇ ਤਾਂ ਜੋ ਇਹੀ ਬੁੱਢਾ ਨਾਲਾ ਜੋ ਅੱਗੇ ਜਾਕੇ ਸਤਲੁਜ ਦਰਿਆ ਵਿੱਚ ਮਿਲਕੇ ਅਬੋਹਰ, ਫਾਜਿਲਕਾ ਅਤੇ ਰਾਜਸਥਾਨ ਤੱਕ ਪੀਣ ਵਾਲੇ ਪਾਣੀ ਦੇ ਰੂਪ ਵਿੱਚ ਲੋਕਾਂ ਨੂੰ ਕੈਂਸਰ ਅਤੇ ਅਨੇਕਾਂ ਹੋਰ ਬੀਮਾਰੀਆਂ ਵੰਡ ਰਿਹਾ ਹੈ ਨੂੰ ਰੋਕਿਆ ਜਾ ਸਕੇ । ਇਸ ਤੋਂ ਇਲਾਵਾ ਜੋ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ ਉਸਨੇ ਪੰਜਾਬ  ਦੀਆਂ ਜਮੀਨਾਂ ਨੂੰ ਹੀ ਕੈਂਸਰ ਕਰ ਦਿੱਤਾ ਹੈ ।

ਬੁੱਢੇ ਦਰਿਆ ਦੇ ਦੂਸ਼ਿਤ ਹੋਏ ਪਾਣੀ ਸਬੰਧੀ ਇੱਕ ਰਿਪੋਟਰ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਹਰਮਨਦੀਪ ਸਿੰਘ ਨੇ ਕਵਰ ਕੀਤੀ ਜਿਸ ਰਾਹੀਂ ਤਫਸੀਲ ਨਾਲ ਇਸ ਮੁੱਦੇ ਦੇ ਪ੍ਰਭਾਵ ਅਤੇ ਸੁਧਾਰ ਲਈ ਲੋੜੀਂਦੇ ਉਪਾਅ ਵੀ ਦੱਸੇ ਗਏ ਹਨ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਬਿਆਨ ਵੀ ਦਰਜ ਕੀਤੇ । “ਸਾਨੂੰ ਖ਼ਤਮ ਕਰਨ ਦੇ ਲਈ ਜ਼ਹਿਰ ਸਾਡੇ ਵੱਲ ਧੱਕਿਆ ਜਾ ਰਿਹਾ ਹੈ, ਜਿਸ ਦਾ ਅਸਰ ਸਾਡੇ ਉੱਤੇ ਹੌਲੀ-ਹੌਲੀ ਹੋਣ ਵੀ ਲੱਗਾ ਹੈ।” ਸਤਲੁਜ ਦਰਿਆ ਵਿੱਚ ਪੈ ਰਹੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਸਬੰਧੀ ਇਹ ਟਿੱਪਣੀ ਲੁਧਿਆਣਾ ਜ਼ਿਲ੍ਹੇ ਦੇ ਵਲੀਪੁਰ ਕਲਾਂ ਪਿੰਡ ਦੇ ਕਿਸਾਨ ਜਗਵਿੰਦਰ ਸਿੰਘ ਢੇਸੀ ਦੀ ਹੈ । ਵਲੀਪੁਰ ਕਲਾਂ ਪਿੰਡ ਹੀ ਉਹ ਥਾਂ ਹੈ, ਜਿੱਥੇ ਬੁੱਢਾ ਨਾਲੇ ਦੇ ਕਾਲੇ ਪਾਣੀ ਦਾ ਸਤਲੁਜ ਦਰਿਆ ਵਿੱਚ ਸੁਮੇਲ ਹੁੰਦਾ ਹੈ । ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਕਈ ਕਿੱਲੋ ਮੀਟਰ ਤੱਕ ਕਾਲੇ ਰੰਗ ਦੀ ਧਾਰਾ ਦੇ ਰੂਪ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਇੱਥੇ ਚੱਲਦਾ ਦਿਖਾਈ ਦਿੰਦਾ ਹੈ। ਜਗਵਿੰਦਰ ਸਿੰਘ ਢੇਸੀ ਦੀ ਜ਼ਮੀਨ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਹੈ ਅਤੇ ਉਸ ਦੇ ਖੇਤ ਦੇ ਨੇੜੇ ਬੁੱਢਾ ਨਾਲਾ ਸਤਲੁਜ ਦਰਿਆ ਵਿੱਚ ਸ਼ਾਮਲ ਹੁੰਦਾ ਹੈ । 70 ਸਾਲਾ ਜਗਵਿੰਦਰ ਸਿੰਘ ਢੇਸੀ ਦੱਸਦੇ ਹਨ ਕਿ ਇੱਕ ਵਕਤ ਸੀ ਜਦੋਂ ਬੁੱਢੇ ਨਾਲੇ ਦਾ ਪਾਣੀ ਸਾਫ਼ ਹੁੰਦਾ ਸੀ ਅਤੇ ਉਹ ਇਹ ਪਾਣੀ ਖੇਤ ਦੀ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਸਨ । ਪਰ ਹੌਲੀ-ਹੌਲੀ ਇਸ ਵਿੱਚ ਲੁਧਿਆਣਾ ਦਾ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਅਤੇ ਹੁਣ ਸਥਿਤੀ ਇਹ ਹੈ ਕਿ ਇੱਥੇ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ । ਹਾਲਾਂਕਿ ਖੇਤ ਦੀ ਸਿੰਚਾਈ ਦੇ ਲਈ ਜਗਵਿੰਦਰ ਸਿੰਘ ਢੇਸੀ ਨੇ ਟਿਊਬਵੈੱਲ ਲਗਵਾਇਆ ਹੋਇਆ ਹੈ ਪਰ ਉਹ ਦੱਸਦੇ ਹਨ ਕਿ ਬੁੱਢੇ ਨਾਲੇ ਕਰ ਕੇ ਉਨ੍ਹਾਂ ਦੇ ਟਿਊਬਵੈੱਲ ਦਾ ਪਾਣੀ ਵੀ ਖ਼ਰਾਬ ਹੋ ਗਿਆ । ਇਸ ਦਾ ਅਸਰ ਖੇਤ ਦੀ ਉਪਜਾਊ ਸ਼ਕਤੀ ਉੱਤੇ ਕਾਫ਼ੀ ਪਿਆ ਹੈ, ਜਿਸ ਕਾਰਨ ਇੱਥੇ ਫ਼ਸਲ ਵੀ ਸਹੀ ਨਹੀਂ ਹੁੰਦੀ । ਲੁਧਿਆਣਾ ਵਿਚੋਂ ਦੀ ਹੋ ਕੇ ਬੁੱਢਾ ਨਾਲਾ ਆਸਪਾਸ ਦੇ ਕਈ ਪਿੰਡਾਂ ਦੇ ਵਿੱਚ ਦੀ ਲੰਘਦਾ ਹੈ, ਇਨ੍ਹਾਂ ਵਿਚੋਂ ਇੱਕ ਪਿੰਡ ਹੈ ਗੌਂਸਪੁਰ । ਗੌਂਸਪੁਰ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ। ਪਿੰਡ ਵਾਸੀਆਂ ਮੁਤਾਬਕ ਪਿਛਲੇ ਸਮੇਂ ਦੌਰਾਨ ਇੱਥੇ ਕਈ ਫ਼ੈਕਟਰੀਆਂ ਸਥਾਪਤ ਹੋਈਆਂ ਹਨ ।

ਬੀਬੀਸੀ ਦੀ ਟੀਮ ਨੇ ਦੇਖਿਆ ਕਿ ਕੁਝ ਫ਼ੈਕਟਰੀਆਂ ਬਿਲਕੁਲ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਹਨ । ਇਸੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਢੇ ਨਾਲੇ ਦੇ ਦੂਸ਼ਿਤ ਅਤੇ ਕਾਲੇ ਪਾਣੀ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹ ਆਖਦੇ ਹਨ ਕਿ ਨਾਲੇ ਕਾਰਨ ਜ਼ਮੀਨਦੋਜ਼ ਪਾਣੀ ਵੀ ਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਇੱਥੇ ਪੈਦਾ ਹੋਈਆਂ ਫ਼ਸਲਾਂ ਸਿਹਤ ਲਈ ਠੀਕ ਨਹੀਂ ਹਨ । 50 ਸਾਲਾ ਸੁਖਵਿੰਦਰ ਸਿੰਘ ਆਖਦੇ ਹਨ ਕਿ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਕਿਸੇ ਸਮੇਂ ਮੇਲਾ ਲੱਗਦਾ ਸੀ ਅਤੇ ਲੋਕ ਇਸ ਵਿੱਚ ਇਸ਼ਨਾਨ ਕਰਦੇ ਸਨ ਪਰ ਲੁਧਿਆਣੇ ਦੀਆਂ ਫ਼ੈਕਟਰੀਆਂ ਦੇ ਦੂਸ਼ਿਤ ਅਤੇ ਸੀਵਰੇਜ ਦੇ ਪਾਣੀ ਨੇ ਇਸ ਧਾਰਾ ਨੂੰ ਖ਼ਤਮ ਕਰ ਦਿੱਤਾ ਹੈ । ਸੁਖਵਿੰਦਰ ਸਿੰਘ ਮੁਤਾਬਕ ਬੁੱਢੇ ਨਾਲੇ ਦੇ ਕਾਰਨ ਉਨ੍ਹਾਂ ਦਾ ਪਿੰਡ ਇਸ ਕਦਰ ਬਦਨਾਮ ਹੋ ਗਿਆ ਹੈ, ਲੋਕ ਬੱਚਿਆਂ ਦੇ ਰਿਸ਼ਤੇ ਕਰਨ ਤੋਂ ਝਿਜਕਦੇ ਹਨ । ਗੌਂਸਪੁਰ ਪਿੰਡ ਦੇ ਦੌਰੇ ਦੌਰਾਨ ਬੀਬੀਸੀ ਦੀ ਟੀਮ ਨੇ ਦੇਖਿਆ ਕਿ ਨਾਲੇ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਅਤੇ ਇੱਥੇ ਜ਼ਿਆਦਾ ਦੇਰ ਖੜ੍ਹੇ ਹੋ ਸਕਣਾ ਵੀ ਮੁਸ਼ਕਿਲ ਸੀ । ਸੁਖਵਿੰਦਰ ਸਿੰਘ ਦਾ ਖੇਤ ਬੁੱਢੇ ਨਾਲੇ ਤੋਂ ਕੁਝ ਹੀ ਦੂਰੀ ਉੱਤੇ ਹੈ। ਉਨ੍ਹਾਂ ਮੁਤਾਬਕ ਦੂਸ਼ਿਤ ਪਾਣੀ ਦੇ ਅਸਰ ਕਾਰਨ ਉਨ੍ਹਾਂ ਦਾ ਸਿੰਚਾਈ ਵਾਸਤੇ ਵਰਤਿਆ ਜਾਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ। ਇਸੇ ਕਰਕੇ ਉਨ੍ਹਾਂ ਨੇ ਆਪਣੀ ਕੁਝ ਜ਼ਮੀਨ ਇੱਥੋਂ ਵੇਚ ਦਿੱਤੀ ਹੈ ਅਤੇ ਰਹਿੰਦੀ ਵੇਚਣ ਦੀ ਤਿਆਰੀ ਵਿੱਚ ਹਨ ।

ਬੁੱਢੇ ਨਾਲੇ ਦੀ ਉਲਝੀ ਤਾਣੀ

ਲੁਧਿਆਣਾ ਸ਼ਹਿਰ ਵਿੱਚੋਂ ਲੰਘਦਾ ਬੁੱਢਾ ਨਾਲਾ ਕਦੇ ਇਸ ਸ਼ਹਿਰ ਦੀ ਜੀਵਨ ਰੇਖਾ ਹੁੰਦਾ ਸੀ ਪਰ ਅੱਜ ਇਸ ਦਾ ਹਾਲ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀਆਂ ਚੁਣੌਤੀਆਂ ਦੀ ਇੱਕ ਗੁੰਝਲਦਾਰ ਕਹਾਣੀ ਵਾਂਗ ਹੋ ਗਿਆ ਹੈ । ਇਹ ਨਾਲਾ ਲੁਧਿਆਣਾ ਵਿਚੋਂ ਲੰਘਦਾ ਹੋਇਆ ਆਪਣੇ ਨਾਲ ਸ਼ਹਿਰ ਦੀ ਉਦਯੋਗਿਕ ਅਤੇ ਘਰੇਲੂ ਗੰਦਗੀ ਲੈ ਕੇ ਲੁਧਿਆਣਾ ਜ਼ਿਲ੍ਹੇ ਦੇ ਵਲੀਪੁਰ ਕਲਾਂ ਪਿੰਡ ਨੇੜੇ ਸਤਲੁਜ ਦਰਿਆ ਵਿੱਚ ਸ਼ਾਮਲ ਹੋ ਜਾਂਦਾ ਹੈ । ਸਤਲੁਜ ਦਾ ਪਾਣੀ ਅੱਗੇ ਜਾ ਕੇ ਕਈ ਖੇਤਰਾਂ ਵਿੱਚ ਸਿੰਚਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ । ਬੁੱਢਾ ਨਾਲਾ ਲੁਧਿਆਣਾ ਦੇ ਕੂੰਮਕਲਾਂ ਪਿੰਡ ਤੋਂ ਸ਼ੁਰੂ ਹੁੰਦਾ ਹੈ ਅਤੇ ਲੁਧਿਆਣਾ ਸ਼ਹਿਰ ਵਿੱਚ ਦੀ ਇਸ ਦਾ ਸਫ਼ਰ ਸਿਰਫ਼ 14 ਕਿਲੋਮੀਟਰ ਹੈ । ਮੂਲ ਰੂਪ ਵਿੱਚ, ਇਹ ਸਤਲੁਜ ਦਰਿਆ ਦੀ ਇੱਕ ਸਹਾਇਕ ਨਦੀ ਜਾਂ ਕੁਦਰਤੀ ਜਲ ਧਾਰਾ ਸੀ, ਜੋ ਇੱਥੋਂ ਦੇ ਵਾਸੀਆਂ ਨੂੰ ਕੁਦਰਤ ਨਾਲ ਜੁੜਨ ਦਾ ਇੱਕ ਸੋਮਾ ਸੀ । ਸਮਾਂ ਬੀਤਣ ਦੇ ਨਾਲ ਸਾਫ਼ ਅਤੇ ਤਾਜੇ ਪਾਣੀ ਦੀ ਇਹ ਧਾਰਾ, ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜਲ ਸਰੋਤਾਂ ਵਿੱਚੋਂ ਇੱਕ ਬਣ ਗਈ ਹੈ, ਜੋ ਬੇਰੋਕ ਅਤੇ ਗ਼ੈਰ ਯੋਜਨਾਬੱਧ ਉਦਯੋਗੀਕਰਨ ਅਤੇ ਸ਼ਹਿਰੀ ਵਿਕਾਸ ਦੀਆਂ ਵਾਤਾਵਰਣ ਪ੍ਰਤੀ ਲਾਗਤਾਂ ਦਾ ਪ੍ਰਤੀਕ ਹੈ ।

ਬੁੱਢਾ ਨਾਲਾ ਕਿਵੇਂ ਸਤਲੁਜ ਨੂੰ ਕਰ ਰਿਹਾ ਹੈ ਦੂਸ਼ਿਤ

ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ (ਸੇਵਾਮੁਕਤ) ਦੱਸਦੇ ਹਨ ਕਿ ਲੁਧਿਆਣਾ ਦੇ ਇੱਕ ਉਦਯੋਗਿਕ ਕੇਂਦਰ ਵਜੋਂ ਵਿਕਸਤ ਹੋਣ ਦੇ ਨਾਲ, ਬੁੱਢੇ ਨਾਲੇ ਦੇ ਕਿਨਾਰੇ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਕੱਪੜੇ ਰੰਗਣ ਵਾਲੀਆਂ ਅਤੇ ਕਈ ਹੋਰ ਫ਼ੈਕਟਰੀਆਂ ਖੱਬਲ (ਘਾਹ) ਵਾਂਗੂੰ ਵਧਦੀਆਂ ਗਈਆਂ । ਜਸਜੀਤ ਸਿੰਘ ਗਿੱਲ ਮੁਤਾਬਕ ਇਸ ਦਾ ਨਤੀਜਾ ਇਹ ਹੋਇਆ ਕਿ ਉਦਯੋਗਿਕ ਇਕਾਈ ਦਾ ਦੂਸ਼ਿਤ ਪਾਣੀ, ਸ਼ਹਿਰ ਦੇ ਅਣਟਰੀਟਡ ਸੀਵਰੇਜ ਅਤੇ ਡੇਅਰੀਆਂ ਵਿੱਚ ਰੱਖੇ ਪਸ਼ੂਆਂ ਦੇ ਮਲ ਮੂਤਰ ਨੇ ਇਸ ਸਾਫ਼ ਧਾਰਾ ਨੂੰ ਬਹੁਤ ਹੀ ਜ਼ਹਿਰੀਲੇ ਜਲ ਮਾਰਗ ਵਿੱਚ ਬਦਲ ਦਿੱਤਾ ਹੈ । ਉਹ ਕਹਿੰਦੇ ਹਨ ਕਿ ਭਾਰੀ ਧਾਤਾਂ, ਰਸਾਇਣਕ ਅਤੇ ਹੋਰ ਪ੍ਰਦੂਸ਼ਣ ਨੇ ਬੁੱਢੇ ਨਾਲੇ ਦੇ ਨੀਲੇ ਪਾਣੀ ਨੂੰ ਕਾਲਾ ਅਤੇ ਬਦਬੂਦਾਰ ਕਰ ਦਿੱਤਾ, ਜਿਸ ਕਾਰਨ ਹੁਣ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਸਤਲੁਜ ਦਾ ਪਾਣੀ ਸਿੰਚਾਈ ਅਤੇ ਪੀਣ ਲਈ ਵਰਤਣ ਵਾਲਿਆਂ ਲਈ ਗੰਭੀਰ ਖ਼ਤਰੇ ਪੈਦਾ ਕਰ ਰਿਹਾ ਹੈ । ਕਰਨਲ ਗਿੱਲ ਮੁਤਾਬਕ ਉਹ ਲਗਾਤਾਰ ਬੁੱਢੇ ਨਾਲ ਦੀ ਸਫ਼ਾਈ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਉੱਥੇ ਹੀ ਉਹ ਇਸ ਲਈ ਕਾਨੂੰਨੀ ਲੜਾਈ ਵੀ ਲੜ ਰਹੇ ਹਨ। ਬੁੱਢੇ ਨਾਲੇ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਨੇ ਕਾਲੇ ਪਾਣੀ ਦਾ ਮੋਰਚਾ ਵੀ ਸ਼ੁਰੂ ਕੀਤਾ ਹੋਇਆ ਹੈ । ਪੰਜਾਬ ਸਰਕਾਰ ਦੀ ਸਤਲੁਜ ਦਰਿਆ ਨੂੰ ਸਾਫ਼ ਕਰਨ ਬਾਰੇ 2019 ਵਿੱਚ ਬਣਾਈ ਗਈ ਐਕਸ਼ਨ ਕਮੇਟੀ ਦੀ ਰਿਪੋਰਟ ਮੁਤਾਬਕ ਦਰਿਆ ਨੂੰ ਦੂਸ਼ਿਤ ਕਰਨ ਵਾਲੇ ਕਾਰਨਾਂ ਵਿੱਚੋਂ ਇੱਕ ਕਾਰਨ ਲੁਧਿਆਣਾ ਦਾ ਬੁੱਢਾ ਨਾਲੇ ਦਾ ਪਾਣੀ ਵੀ ਸੀ । ਯਾਦ ਰਹੇ ਕਿ ਕੱਪੜੇ ਰੰਗਣ ਵਾਲੇ ਯੂਨਿਟਾਂ ਵਿੱਚ ਸਭ ਤੋਂ ਜ਼ਿਆਦਾ ਪਾਣੀ ਇਸਤੇਮਾਲ ਹੁੰਦਾ ਹੈ । ਪਰ ਸਥਾਨਕ ਵਾਸੀਆਂ ਮੁਤਾਬਕ ਬਹੁਤ ਸਾਰੀਆਂ ਅਜਿਹੀਆਂ ਇਕਾਈਆਂ ਵੀ ਹਨ, ਜੋ ਰਜਿਸਟਰਡ ਹੀ ਨਹੀਂ ਹਨ ਅਤੇ ਉਹ ਪਾਣੀ ਸਿੱਧਾ ਸੀਵਰੇਜ ਵਿੱਚ ਪਾ ਰਹੇ ਹਨ । ਸ਼ਹਿਰ ਵਾਸੀਆਂ ਮੁਤਾਬਕ ਹਰ ਰੋਜ਼ ਲੱਖਾਂ ਲਿਟਰ ਅਣਸੋਧਿਆ ਸੀਵਰੇਜ ਸਿੱਧਾ ਬੁੱਢਾ ਨਾਲੇ ਵਿੱਚ ਪਾਇਆ ਜਾ ਰਿਹਾ ਹੈ ।

ਪਾਣੀ ਨੂੰ ਸਾਫ਼ ਕਰਨ ਲਈ ਕਿਹੜੇ ਕਦਮ ਚੁੱਕੇ ਗਏ

ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਦਾ ਮਸਲਾ ਬਹੁਤ ਪੁਰਾਣਾ ਹੈ, ਕਈ ਸਰਕਾਰਾਂ ਆਈਆਂ ਉਨ੍ਹਾਂ ਨੇ ਨਾਲੇ ਦੀ ਸਫ਼ਾਈ ਲਈ ਫ਼ੰਡ ਜਾਰੀ ਕੀਤਾ, ਟਰੀਟਮੈਂਟ ਪਲਾਂਟ ਸਥਾਪਤ ਕੀਤੇ ਪਰ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਿਆ । ਇਸ ਕਰ ਕੇ ਵਾਤਾਵਰਨ ਅਤੇ ਜਨਤਕ ਸਿਹਤ ਸੰਕਟ ਨੂੰ ਪਛਾਣਦੇ ਹੋਏ, ਕਾਰਕੁਨਾਂ ਅਤੇ ਸਥਾਨਕ ਸੰਸਥਾਵਾਂ ਬੁੱਢੇ ਨਾਲੇ ਦੀ ਸਥਿਤੀ ਵੱਲ ਧਿਆਨ ਦਿਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ । ਪਿਛਲੇ ਸਾਲਾਂ ਦੌਰਾਨ, ਸੂਬਾ ਸਰਕਾਰ ਨੇ ਨਾਲੇ ਦੀ ਸਫ਼ਾਈ ਲਈ ਕਈ ਪਹਿਲਕਦਮੀਆਂ ਕੀਤੀਆਂ । ਇਨ੍ਹਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ, ਉਦਯੋਗਾਂ ਦੀ ਰਹਿੰਦ-ਖੂੰਹਦ ਜਾਂ ਗੰਧਲੇ ਪਾਣੀ ਦੇ ਇਲਾਜ ਵਾਸਤੇ ਸਾਂਝੇ ਟਰੀਟਮੈਂਟ (Common Effluent Treatment Plant) ਪਲਾਂਟ ਸਥਾਪਤ ਕੀਤੇ ਗਏ। ਫਿਰ ਵੀ ਨਤੀਜੇ ਸਾਰਥਕ ਨਹੀਂ ਰਹੇ । ਬੁੱਢੇ ਨਾਲੇ ਦੀ ਸਫ਼ਾਈ ਵਾਸਤੇ ਸੰਘਰਸ਼ ਕਰ ਰਹੇ ਸਥਾਨਕ ਵਾਸੀਆਂ ਮੁਤਾਬਕ ਇਸ ਦਾ ਕਾਰਨ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਢਿੱਲ ਮੱਠ, ਜਨਤਕ ਜਾਗਰੂਕਤਾ ਦੀ ਘਾਟ ਅਤੇ ਗੁੰਝਲਦਾਰ ਰੈਗੂਲੇਟਰੀ ਚੁਣੌਤੀਆਂ ਹਨ । ਲੁਧਿਆਣਾ ਨਗਰ ਨਿਗਮ ਵੱਲੋਂ ਘਰੇਲੂ ਗੰਦਗੀ ਅਤੇ ਗੰਦਲੇ ਪਾਣੀ ਦੀ ਸਫ਼ਾਈ ਲਈ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਹਨ । ਇਹ ਪਲਾਂਟ ਜਮਾਲਪੁਰ, ਬੱਲੋਕੇ ਅਤੇ ਪੱਟੀਆਂ ਇਲਾਕੇ ਵਿੱਚ ਸਥਿਤ ਹਨ। ਬੁੱਢੇ ਨਾਲ ਦੀ ਸਫ਼ਾਈ ਦੀ ਜ਼ਿੰਮੇਵਾਰੀ ਲੁਧਿਆਣਾ ਨਗਰ ਨਿਗਮ ਉੱਤੇ ਹੈ । ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਵਾਲ ਨੇ ਬੀਬੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਕਈ ਦਿੱਕਤਾਂ ਹਨ ਪਰ ਇਸ ਦੇ ਬਾਵਜੂਦ ਵੀ ਉਹ ਇਸ ਸਮੱਸਿਆ ਦੇ ਲਈ ਯਤਨ ਕਰ ਰਹੇ ਹਨ । ਉਨ੍ਹਾਂ ਆਖਿਆ, “ਨਗਰ ਨਿਗਮ ਲਗਾਤਾਰ ਕੋਸ਼ਿਸ਼ ਕਰ ਰਹੀ ਕਿ ਬੁੱਢੇ ਨਾਲੇ ਦੀ ਸਫ਼ਾਈ ਕੀਤੀ ਜਾਵੇ ਅਤੇ ਇਸ ਦੇ ਸਰਕਾਰ ਵੱਲੋਂ ਫ਼ੰਡ ਵੀ ਜਾਰੀ ਕੀਤੇ ਗਏ ਹਨ ਅਤੇ ਪਹਿਲਾਂ ਦੇ ਮੁਕਾਬਲੇ ਇਸ ਦਾ ਪਾਣੀ ਸਾਫ਼ ਹੋ ਵੀ ਰਿਹਾ ਹੈ।” “ਇਹ ਗੱਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫ਼ੈਕਟਰੀਆਂ ਦਾ ਪਾਣੀ ਟਰੀਟਮੈਂਟ ਪਲਾਂਟ ਵਿੱਚ ਦੀ ਹੋ ਕੇ ਅੱਗੇ ਭੇਜਿਆ ਜਾਵੇ।”

ਫੋਟੋ ਕੈਪਸ਼ਨ: ਮੁੱਖ ਮੰਤਰੀ ਭਗਵੰਤ ਮਾਨ, ਬੁੱਢੇ ਦਰਿਆ ਦੀ ਅਜੋਕੀ ਤਸਵੀਰ ਅਤੇ ਵਾਤਾਵਰਣ ਪ੍ਰੇਮੀ ਵਿਚਾਰ ਕਰਦੇ ਹੋਏ।

ਪੇਸ਼ਕਸ਼:

ਮੁਹੰਮਦ ਜਮੀਲ ਐਡਵੋਕੇਟ (ਐਮ.ਏ.ਜਰਨਾਲਿਜ਼ਮ)

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਮਲੇਰਕੋਟਲਾ

ਸੰਪਰਕ: 9417969547

 

Similar Posts

Leave a Reply

Your email address will not be published. Required fields are marked *