ਮਾਲੇਰਕੋਟਲਾ, 30 ਮਈ (ਅਬੂ ਜ਼ੈਦ): ਪੰਜਾਬ ਸਰਕਾਰ ਦੇ ਮਾਲ ਵਿਭਾਗ ਪੰਜਾਬ ਵੱਲੋਂ ਜਮੀਨਾਂ ਦੀ ਖਰੀਦੋ ਫਰੋਖਤ ਦੇ ਮਾਮਲੇ ‘ਚ ਪਾਰਦ੍ਰਸ਼ਤਾ ਲਿਆਉਣ ਲਈ ਫਰਦ ਕੇਂਦਰ ਸਥਾਪਤ ਕੀਤੇ ਜਿਸ ਨਾਲ ਜਨਤਾ ਦੇ ਕੰਮਾਂ ‘ਚ ਆਸਾਨੀ ਆ ਸਕੇ ਅਤੇ ਸਮੇਂ ਦੀ ਵੀ ਬੱਚਤ ਹੋਵੇ । ਪਰੰਤੂ ਫਰਦ ਕੇਂਦਰਾਂ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਫਤ ਬਣ ਚੁੱਕੇ ਹਨ । ਵਿਭਾਗ ਦੇ ਇਸ ਫੈਸਲੇ ਨਾਲ ਗਰੀਬ ਲੋਕਾਂ ਜਿੱਥੇ ਖੱਜ਼ਲ ਖੁਆਰੀ ਹੋ ਰਹੀ ਹੈ ਉੱਥੇ ਹੀ ਪੈਸੇ ਦੀ ਵੀ ਲੁੱਟ ਹੋ ਰਹੀ ਹੈ । ਜੇਕਰ ਕਿਸੇ ਵਿਅਕਤੀ ਨੇ ਜ਼ਮੀਨ ਵੇਚ-ਖਰੀਦ ਸਬੰਧੀ ਫਰਦ ਲੈਣੀ ਹੋਵੇ ਤਾਂ ਫਰਦ ਲੈਣੀ ਕੋਈ “ਖਾਲਾ ਜੀ ਦਾ ਵਾੜਾ” ਨਹੀਂ ਬਲਿਕ ਅੰਬਰੋਂ ਤਾਰੇ ਤੋੜਣ ਜਿਹਾ ਕੰਮ ਹੈ । ਫਰਦ ਕੇਂਦਰ ਵਿੱਚ ਸਿਰਫ ਦੋ ਹੀ ਕਾਂਉਟਰ ਚੱਲ ਰਹੇ ਹਨ, ਉਨਾਂ ਵਿੱਚੋਂ ਵੀ ਕਦੇ-ਕਦੇ ਇੱਕ ਖਰਾਬ ਰਹਿੰਦਾ ਹੈ, ਕਦੇ ਸਰਵਰ ਡਾਊਨ ਹੋ ਜਾਂਦਾ ਹੈ । ਜਰੂਰਤਮੰਦ ਲੋਕ ਸਵੇਰੇ 6 ਵਜੇ ਤੋਂ ਕੰਮ ਛੱਡ ਕੇ ਫੌਜ ਦੀ ਭਰਤੀ ਵਾਂਗ ਟੋਕਨ ਲੈਣ ਲਈ ‘ਲਾਈਨ ਅਪ’ ਹੋ ਜਾਂਦੇ ਹਨ, ਸਿਰਫ 50-60 ਟੋਕਨ ਹੀ ਵੰਡੇ ਜਾਂਦੇ ਹਨ ਅਤੇ ਐਨੀਆਂ ਕੁ ਹੀ ਫਰਦਾਂ ਦਿੱਤੀਆਂ ਜਾਂਦੀਆਂ ਹਨ ਜਦੋਂਕਿ ਫਰਦਾਂ ਲੈਣ ਲਈ ਸੈਂਕੜੇ ਲੋਕ ਕੰਮ ਛੱਡ ਕੇ ਆਉਦੇ ਹਨ ।
ਇਸ ਸਬੰਧੀ ਸਾਡੇ ਪੱਤਰਕਾਰ ਨੇ ਫਰਦ ਲੈਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਇੱਕ ਨੇ ਦੱਸਿਆ ਕਿ ਮੈਂ ਅੰਤਾਂ ਦੀ ਗਰਮੀ ਦੇ ਦਿਨਾਂ ‘ਚ ਕੱਲ ਸਵੇਰੇ 6 ਵਜੇ ਤੋਂ ਫਰਦ ਲੈਣ ਲਈ ਲਟਾਅਪੀਂਘ ਹੋ ਰਿਹਾ ਹਾਂ ਜੋ ਅੱਜ 11 ਵਜੇ ਪ੍ਰਾਪਤ ਹੋਈ ਹੈ, ਦੂਜੇ ਨੇ ਦੱਸਿਆ ਕਿ ਮੈਂ ਸਵੇਰ ਖਾਲੀ ਪੇਟ ਹੀ ਫਰਦ ਕੇਂਦਰ ਦੀ ਲਾਈਨ ‘ਚ ਲੱਗਾ ਸੀ ਟੋਕਨ ਲਿਆ ਅਤੇ ਇੰਤਜਾਰ ਕਰਦਿਆਂ ਕੰਟੀਨ ਤੇ ਚਾਹ ਪੀਣ ਚਲਾ ਗਿਆ ਅਤੇ ਮੇਰਾ ਨੰਬਰ ਨਿਕਲ ਗਿਆ, ਹੁਣ ਪਤਾ ਨਹੀਂ ਬਾਬੂਆਂ ਦੀ ਕਦੋਂ ਮਿਹਰਬਾਨੀ ਹੋਵੇਗੀ । ਇਸੇ ਤਰ੍ਹਾਂ ਅਨੇਕਾਂ ਵਿਅਕਤੀਆਂ ਨੇ ਆਪਣੀ ਜਾਇਦਾਦ ਦੀ ਫਰਦ ਪ੍ਰਾਪਤ ਕਰਨ ਦੀ ਸੰਘਰਸ਼ਮਈ ਵਿੱਥਿਆ ਸੁਣਾਈ ।
ਇਸ ਤੋਂ ਇਲਾਵਾ ਮਾਲ ਵਿਭਾਗ ਦੀ ਅਣਗਹਿਲੀ ਕਾਰਨ ਮਾਮੂਲੀ ਬਿਸਵਾ ਪਲਾਟ ਜਾਂ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਪੂਰੀ ਖੇਵਟ ਦੀ ਫਰਦ ਜੋ ਕਿ 45-50 ਪੇਜ਼ਾਂ ਤੱਕ ਦੀ ਲੈਣੀ ਪੈਂਦੀ ਹੈ । ਜਿਸ ਦੇ ਫਰਦ ਕੇਂਦਰ ਨੂੰ 25 ਰੁਪਏ ਪ੍ਰਤੀ ਪੇਜ਼ ਅਦਾ ਕਰਨੇ ਪੈਂਦੇ ਹਨ । ਫਰਦ ਕੇਂਦਰ ਵਿਖੇ ਕਿਸੇ ਮਜ਼ਦੂਰ ਨੇ ਦੋ ਦਿਨ ਕੰਮ ਤੋਂ ਛੁੱਟੀ ਕਰਕੇ ਆਪਣਾ ਮਾਮੂਲ਼ੀ ਮਕਾਨ ਵੇਚਣ ਲਈ ਫਰਦ 2 ਹਜ਼ਾਰ ਰੁਪਏ ਤੱਕ ਖਰਚ ਕਰਕੇ ਲੈਣੀ ਪੈਂਦੀ ਹੈ ।ਜੋ ਕਿ ਬਹੁਤ ਹੀ ਬੜੀ ਰਕਮ ਹੈ ਅਤੇ ਵਿਭਾਗ ਦੀ ਗਲਤ ਪਾਲਿਸੀ ਕਾਰਣ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ।
ਸਾਡੇ ਪੱਤਰਕਾਰ ਨੇ ਇਸ ਸਬੰਧੀ ਰੈਵਨਿਊ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਜੋ ਵਿਅਕਤੀ ਖਾਨਾ ਕਾਸ਼ਤ ਮਾਲਕੀ ‘ਚ ਆਏ ਵਿਅਕਤੀ ਤੋਂ ਜਗ੍ਹਾ ਖਰੀਦ ਕਰਦਾ ਹੈ ਤਾਂ ਉਸ ਦਾ ਖਾਤਾ ਅਲਗ ਬਣਾਇਆ ਜਾ ਸਕਦਾ ਹੈ ਅਤੇ ਉਸ ਨੂੰ ਸਿਰਫ 2 ਪੇਜ਼ ਦੀ ਹੀ ਫਰਦ ਦਿਤੀ ਜਾ ਸਕਦੀ ਹੈ । ਜੇਕਰ ਰੈਵਨਿਊ ਸਬੰਧੀ ਵਿਦੇਸ਼ਾਂ ਦੀ ਪਾਲਿਸੀ ਦੇਖੀਏ ਤਾਂ ਉਥੇ ਬਿਲਕੁਲ ਸਪਸ਼ਟ ਖਾਤੇ ਬਣਾਏ ਜਾਂਦੇ ਹਨ ਜਿਸ ਵਿਅਕਤੀ ਨੇ ਕੋਈ ਪਲਾਟ, ਮਕਾਨ ਜਾਂ ਜ਼ਮੀਨ ਵੇਚ ਦਿਤੀ ਉਸ ਦਾ ਪੂਰਾ ਰਿਕਾਰਡ ਜਮ੍ਹਾ ਕਰ ਲਿਆ ਜਾਂਦਾ ਹੈ ਅਤੇ ਨਵੇਂ ਖਰੀਦਾਰ ਨੂੰ ਉਕਤ ਜਾਇਦਾਦ ਦੇ ਦਸਤਾਵੇਜ਼ ਜਾਰੀ ਕਰ ਦਿੱਤੇ ਜਾਂਦੇ ਹਨ । ਜੇਕਰ ਸਾਡੀ ਸਰਕਾਰ ਵੀ ਆਪਣੇ ਕਾਬਿਲ ਅਫਸਰਾਂ, ਮਾਹਿਰਾਂ ਦੀ ਰਾਇ ਲੈ ਕੇ ਅਜਿਹੇ ਪ੍ਰਬੰਧ ਕਰੇ ਤਾਂ ਜਾਇਦਾਦਾਂ ਦੇ ਝਗੜੇ ਨਾਮਾਤਰ ਰਹਿ ਜਾਣਗੇ ।
ਫਰਦਾਂ ਲਈ ਖੱਜਲ-ਖੁਆਰ ਹੋ ਰਹੇ ਲੋਕਾਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ, ਮਾਲ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਲੱਖਾਂ ਦੀ ਅਬਾਦੀ ਵਾਲੇ ਨਵਾਂ ਜ਼ਿਲ੍ਹਾ ਬਣ ਚੁੱਕੇ ਸ਼ਹਿਰ ਵਿੱਚ ਸਿਰਫ ਇੱਕ ਜਾਂ ਦੋ ਹੀ ਕਾਂਉਟਰ ਚਲਦੇ ਹਨ ਜੋ ਕਿ ਨਾਕਾਫੀ ਹਨ । ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਫਰਦ ਕੇਂਦਰ ‘ਚ ਘੱਟੋ-ਘੱਟ 6 ਕਾਂਉਟਰ ਚਾਲੂ ਕੀਤੇ ਜਾਣ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ।



