ਮਲੇਰਕੋਟਲਾ, 09 ਅਪ੍ਰੈਲ (ਬਿਉਰੋ): ਪ੍ਰਸਿੱਧ ਮੀਡੀਆ ਅਦਾਰੇ ‘ਮਿੱਲਤ ਟਾਇਮਜ਼’ ਨਾਲ ਗੱਲਬਾਤ ਕਰਦੇ ਹੋਏ ਵਿਸ਼ਵ ਪ੍ਰਸਿੱਧ ਇਸਲਾਮਿਕ ਸਕਾਲਰ ਹਜ਼ਰਤ ਮੌਲਾਨਾ ਸੱਜਾਦ ਨੌਮਾਨੀ ਨੇ ਦੇਸ਼ ਭਰ ਦੇ ਮੁਸਲਾਮਾਨਾਂ ਨੂੰ ਅਪੀਲ ਕੀਤੀ ਕਿ ਫਲਸਤੀਨ ਅੰਦਰ ਗਾਜ਼ਾ ਪੱਟੀ ‘ਚ ਮੁਸਲਮਾਨਾਂ ਦੇ ਕੀਤੇ ਕਤਲੇਆਮ ਦੇ ਪੀੜਿਤਾਂ ਦੀ ਮਦਦ ਲਈ ਜੋ ਚੰਦਾ ਵਗੈਰਾ ਇਕੱਠਾ ਕਰਕੇ ਦਿੱਲੀ ਵਿਖੇ ਫਲਸਤੀਨੀ ਅੰਬੈਸੀ ਰਾਹੀਂ ਭੇਜ ਰਹੇ ਹਨ ਉਹ ਮਦਦ ਗਾਜਾ ਪੱਟੀ ਦੇ ਪੀੜਿਤਾਂ ਤੱਕ ਨਹੀਂ ਪਹੁੰਚੇਗੀ । ਉਹਨਾਂ ਦੱਸਿਆ ਕਿ ਦੁਨੀਆ ਭਰ ਵਿੱਚ ਫਲਸਤੀਨੀ ਅੰਬੈਸੀਆਂ ਇਜ਼ਰਾਈਲ, ਅਮਰੀਕਾ ਅਤੇ ਮੁਸਲਿਮ ਵਿਰੋਧੀ ਤਾਕਤਾਂ ਦੇ ਮੁਤਬਿਕ ਹੀ ਕੰਮ ਕਰ ਰਹੀਆਂ ਹਨ ਜੋ ਕਦੇ ਵੀ ਗਾਜ਼ਾ ਦੇ ਮਾਸੂਮ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਨਗੀਆਂ । ਮਿੱਲਤ ਟਾਇਮਜ਼ ਦੇ ਚੀਫ ਸਮਸ ਤਬਰੇਜ਼ ਕਾਸਮੀ ਨੇ ਵਿਸ਼ੇਸ਼ ਤੌਰ ‘ਤੇ ਇੱਕ ਵਿਸਥਾਰੀ ਵੀਡੀਓ ਬਣਾਕੇ ਮੁਸਲਿਮ ਕੌਮ ਨੂੰ ਗਾਜ਼ਾ ਪੱਟੀ ਦੇ ਜੌਗਰਾਫੀ ਹਾਲਾਤ ਬਾਰੇ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਇਜ਼ਰਾਈਲ ਨੇ ਗਾਜ਼ਾ ਪੱਟੀ ਦਾ ਇਲਾਕਾ ਸਾਰੇ ਪਾਸਿਓਂ ਘੇਰ ਰੱਖਿਆ ਹੈ । ਹਮਾਸ ਦੇ ਸ਼ਾਸਨ ਅਧੀਨ ਗਾਜਾ ਦੇ ਇਲਾਕੇ ਨੂੰ ਇਜ਼ਰਾਈਲ ਨੇ ਇੱਕ ਗੁਲਾਮ ਬਸਤੀ ਵਾਂਗ ਨੱਪਿਆ ਹੋਇਆ ਹੈ । ਫਲਸਤੀਨ ਦੇ ਬਾਕੀ ਹਿੱਸੇ ਵੈਸਟ ਬੈਂਕ, ਰਾਮੱਲਾਹ ਵਗੈਰਾ ਉੱਤੇ ਮਹਿਮੂਦ ਅੱਬਾਸ ਦਾ ਸ਼ਾਸਨ ਹੈ । ਦੁਨੀਆ ਭਰ ਦੇ ਮੀਡੀਆ ਅਦਾਰੇ ਇਸ ਗੱਲ ਦੀ ਤਸਦੀਕ ਕਰਦੇ ਹਨ । ਇਸ ਤੋਂ ਇਲਾਵਾ ਫਲਸਤੀਨੀ ਅੰਬੈਸੀ ਵਾਲੇ ਵੀ ਕਹਿ ਰਹੇ ਹਨ ਕਿ ਮਦਦ ਦੇ ਪੈਸੇ ਨਾਲ ਅੰਬੈਸੀ ਦੇ ਖਰਚੇ ਕੀਤੇ ਜਾਣਗੇ ਅਤੇ ਬਾਕੀ ਫਲਸਤੀਨ ਵਿੱਚ ਖਰਚ ਕੀਤੇ ਜਾਣਗੇ ਜਦੋਂਕਿ ਗਾਜ਼ਾ ਪੱਟੀ ਵਿੱਚ ਭੁੱਖ-ਪਿਆਸ ਨਾਲ ਲੜ ਰਹੇ ਪੀੜਿਤਾਂ ਤੱਕ ਕੁਝ ਵੀ ਨਹੀਂ ਪਹੁੰਚੇਗਾ । ਮਿੱਲਤ ਟਾਇਮਜ਼ ਨੇ ਅਪੀਲ ਕੀਤੀ ਕਿ ਗਾਜ਼ਾ ਦੇ ਲੋਕਾਂ ਦੀ ਮਦਦ ਕਰਨ ਲਈ ਦੁਆ ਕੀਤੀ ਜਾਵੇ, ਸਫਾਰਤੀ ਪੱਧਰ ‘ਤੇ ਆਪਣੇ ਦੇਸ਼ਾਂ ਦੀਆਂ ਹਕੂਮਤਾਂ ਰਾਹੀਂ ਕੌਮਾਂਤਰੀ ਭਾਈਚਾਰੇ ਨੂੰ ਮਜ਼ਬੂਰ ਕਰੀਏ ਕਿ ਗਾਜ਼ਾ ਦੇ ਲੋਕਾਂ ਦੀ ਮਦਦ ਲਈ ਰਸਤਾ ਬਣ ਸਕੇ ।
ਫੋਟੋ ਕੈਪਸ਼ਨ: ਇਜ਼ਰਾਈਲੀ ਹਮਲੇ ਦਾ ਸ਼ਿਕਾਰ ਬੱਚਾ ਘਾਹ ਖਾਕੇ ਆਪਣੀ ਭੁੱਖ ਮਿਟਾਉਂਦੇ ਹੋਏ, ਗਾਜ਼ਾ ਪੱਟੀ ਦੀ ਜੌਗਰਾਫੀ ਨਿਸ਼ਾਨਦੇਹੀ ।



