ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ‘ਚੋ ਕੱਢਣ ਲਈ ਖੇਡ ਮੇਲੇ ਚੰਗਾ ਉਪਰਾਲਾ ਹੈ-ਐਸ.ਐਸ.ਪੀ.
ਮਲੇਰਕੋਟਲਾ, 24 ਅਕਤੂਬਰ (ਅਬੂ ਜ਼ੈਦ): ਅਲ-ਕੌਸਰ ਫੁੱਟਬਾਲ ਅਕੈਡਮੀ ਵੱਲੋਂ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਆਲ ਇੰਡੀਆ ਡੇ-ਨਾਈਟ “ਕਿਲਾ ਫੁੱਟਬਾਲ ਕੱਪ” ਦਾ ਸ਼ਾਹਾਨ ਆਗਾਜ਼ ਹੋਇਆ । ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ) ਅਤੇ ਮੁਹੰਮਦ ਅਸ਼ਰਫ ਨੇ ਆਏ ਲੋਕਾਂ ਦਾ ਹਾਰਦਿਕ ਸਵਾਗਤ ਕੀਤਾ । ਟੂਰਨਾਮੈਂਟ ਦੇ ਪਹਿਲੇ ਦਿਨ ਹੀ ਸਟੇਡਿਅਮ ਖਚਾਖਚ ਭਰ ਗਿਆ, ਹਜ਼ਾਰਾਂ ਦੀ ਗਿਣਤੀ ‘ਚ ਖੇਡ ਪ੍ਰੇਮੀਆਂ ਨੇ ਰੌਚਕ ਮੈਚਾਂ ਦਾ ਆਨੰਦ ਮਾਣਿਆ ਅਤੇ ਇਸ ਨਸ਼ਿਆਂ ਦੇ ਦੌਰ ‘ਚ ਗਰਕ ਹੋ ਰਹੀ ਜਵਾਨੀ ਨੂੰ ਬਣਾਉਣ ਦੇ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ । ਫੁੱਟਬਾਲ ਦੇ ਇਸ ਮਹਾਂਕੁੰਭ ਦੇ ਪਹਿਲੇ ਦਿਨ ਗਗਨ ਅਜੀਤ ਸਿੰਘ ਐਸਐਸਪੀ ਮਲੇਰਕੋਟਲਾ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ । ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਅਜਿਹੇ ਈਵੈਂਟ ਕਰਵਾਉਣ ਦੀ ਸਖਤ ਲੋੜ ਹੈ । ਉਹਨਾਂ ਕਿਹਾ ਕਿ ਇਸ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਨਿਵਾਸ ਹੁੰਦਾ ਹੈ ਜੋ ਮਾਨਵਤਾ ਨੂੰ ਉਸਾਰੂ ਦਿਸ਼ਾ ਵੱਲ ਲੈਕੇ ਜਾਂਦਾ ਹੈ ।
ਟੂਰਨਾਮੈਂਟ ਦਾ ਪਹਿਲਾ ਉਦਘਾਟਨੀ ਮੈਚ ਦਲਵੀਰ ਫੁੱਟਬਾਲ ਅਕੈਡਮੀ ਅਤੇ ਕਿਸਾਨ ਫੋਰਡ ਫੁੱਟਬਾਲ ਕਲੱਬ ਦੇ ਦਰਮਿਆਨ ਹੋਇਆ ਜਿਸ ਵਿੱਚ ਕਿਸਾਨ ਫੋਰਡ ਐਫਸੀ ਨੇ ਜਿੱਤ ਹਾਸਲ ਕੀਤੀ । ਦੂਜਾ ਮੈਚ ਬ੍ਰਾਦਰਜ਼ ਯੂਨਾਈਟਡ ਐਫਸੀ ਜੈਪੁਰ ਅਤੇ ਯੂਨਾਈਟਡ ਐਫਸੀ ਯੂਐਸਏ ਦਰਮਿਆਨ ਹੋਇਆ ਜਿਸ ਵਿੱਚ ਬ੍ਰਾਦਰਜ਼ ਯੂਨਾਈਟਡ ਐਫਸੀ ਨੇ ਜਿੱਤ ਹਾਸਲ ਕੀਤੀ । ਤੀਸਰਾ ਮੈਚ ਐਸ. ਜਾਗੀਰ ਸਿੰਘ ਐਫਸੀ ਅਤੇ ਵਾਈਐਫਸੀ ਖਾਦ ਊਨਾ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਵਾਈਐਫਸੀ ਖਾਦ ਯੂਨਾ ਨੇ ਜਿੱਤ ਹਾਸਲ ਕੀਤੀ । ਚੌਥੇ ਮੈਚ ਵਿੱਚ ਭੈਣੀ ਸਾਹਿਬ ਐਫਸੀ ਨੇ ਫਰੀਦਕੋਟ ਐਫਸੀ ਨੂੰ ਹਰਾਕੇ ਜਿੱਤ ਹਾਸਲ ਕੀਤੀ ।
ਸਮਾਗਮ ਦੇ ਆਖਰ ‘ਚ ਟੂਰਨਾਮੈਂਟ ਦੇ ਪ੍ਰਬੰਧਕ ਮੁਹੰਮਦ ਸ਼ਰੀਫ ਸਾਬਕਾ ਏਅਰ ਫੋਰਸ ਅਧਿਕਾਰੀ, ਮੁਹੰਮਦ ਸ਼ਮੀਮ ਪੰਜਾਬ ਪੁਲਸ, ਮੁਹੰਮਦ ਸ਼ਮਸ਼ਾਦ (ਸਾਦਾ) ਖੁਸ਼ੀ ਜ਼ਿਊਲਰਜ਼ ਨੇ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 25 ਅਕਤੂਬਰ ਦਿਨ ਸ਼ੁਕਰਵਾਰ ਨੂੰ ਪਹਿਲਾ ਮੈਚ ਪੀਏਪੀ ਜਲੰਧਰ ਅਤੇ ਕਿਸਾਨ ਫੋਰਡ ਐਫਸੀ ਦਰਮਿਆਨ ਹੋਵੇਗਾ, ਦੂਜਾ ਮੈਚ ਮਿਨਰਵਾ ਐਫਸੀ ਅਤੇ ਬ੍ਰਾਦਰਜ਼ ਯੂਨਾਈਟਡ ਐਫਸੀ ਜੈਪੁਰ ਦਰਮਿਆਨ ਹੋਵੇਗਾ । ਤੀਜਾ ਮੈਚ ਆਰਸੀਐਫ ਕਪੂਰਥਲਾ ਅਤੇ ਵਾਈਐਫਸੀ ਖਾਦ ਊਨਾ ਦਰਮਿਆਨ ਹੋਵੇਗਾ ਅਤੇ ਚੌਥਾ ਮੈਚ ਦਿੱਲੀ ਐਫਸੀ ਅਤੇ ਭੈਣੀ ਸਾਹਿਬ ਐਫਸੀ ਦਰਮਿਆਨ ਹੋਵੇਗਾ ।



