ਮਲੇਰਕੋਟਲਾ, 13 ਮਈ (ਅੱਬੂ ਜ਼ੈਦ): ਫੁੱਟਬਾਲ ਪ੍ਰੇਮੀਆਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਆਖਰ ਅੱਜ ਉਹ ਦਿਨ ਆ ਹੀ ਗਿਆ । ਫੁੱਟਬਾਲ ਦਾ ਮਹਾਂਕੁੰਭ ‘ਹਾਅ ਦਾ ਨਾਅਰਾ’ ਫੁੱਟਬਾਲ ਕੱਪ ਆਲ ਇੰਡੀਆ ਡੇ ਨਾਈਟ ਟੂਰਨਾਮੈਂਟ ਦਾ ਫਾਈਨਲ ਮੈਚ ਬੀ.ਕੇ. ਸਪੋਰਟਸ ਅਤੇ ਡੀ.ਡੀ.ਐਫ.ਸੀ. ਤਰਨਤਾਰਨ ਦਰਮਿਆਨ ਅੱਜ ਰਾਤ 7 ਵਜੇ ਹੋਵੇਗਾ । 11 ਮਈ ਤੋਂ ਚੱਲ ਰਹੇ ਇਸ ਟੂਰਨਾਮੈਂਟ ਦੇ ਰੌਚਕ ਮੈਚਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਹੈ । ਸ਼ਾਮ ਤੋਂ ਹੀ ਦੂਰ-ਦੁਰਾਡੇ ਤੋਂ ਖੇਡ ਪ੍ਰੇਮੀ ਵਹੀਰਾਂ ਘੱਤਕੇ ਮੋਟਰ ਸਾਇਕਲ, ਕਾਰਾਂ, ਗੱਡੀਆਂ, ਟਰੈਕਟਰ, ਟਰਾਲੀਆਂ ਰਾਹੀਂ ਕਿਲ੍ਹਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਰੌਣਕਾਂ ਲੱਗ ਜਾਂਦੀਆਂ ਹਨ ।
13 ਮਈ ਨੂੰ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਬੀਕੇ ਸਪੋਰਟਸ ਅਤੇ ਸਰਾਭਾ ਐਫ.ਸੀ. ਦਰਮਿਆਨ ਬਹੁਤ ਹੀ ਰੌਚਕ ਹੋਇਆ । ਜਿਸ ਵਿੱਚ ਟਾਈ ਬਰੇਕਰ ਰਾਹੀਂ ਬੀਕੇ ਸਪੋਰਟਸ ਨੇ ਸਰਾਭਾ ਐਫ.ਸੀ. ਨੂੰ 5-4 ਨਾਲ ਹਰਾਇਆ । ਦੂਜੇ ਸੈਮੀ ਫਾਇਨਲ ਵਿੱਚ ਡੀ.ਡੀ.ਐਫ.ਸੀ. ਤਰਨਤਾਰਨ ਨੇ ਈਸਟ ਪੰਜਾਬ ਐਫਸੀ 4-0 ਤੇ ਹਰਾਇਆ । ਟੂਰਨਾਮੈਂਟ ਦੀ ਲਾਈਵ ਕਵਰੇਜ਼ ਕਰਕੇ ਡੀਐਫਸੀ ਲਾਈਵ ਨੇ ਚਾਰ ਚੰਦ ਲਗਾ ਦਿੱਤੇ ਹਨ । ਦੇਸ਼ ਵਿਦੇਸ਼ ਵਿੱਚ ਵੱਸਦੇ ਖੇਡ ਲੱਖਾਂ ਖੇਡ ਪ੍ਰੇਮੀਆਂ ਨੇ ਇਸ ਮਹਾਂਕੰਭ ਦਾ ਆਨੰਦ ਮਾਣਿਆ । ਪ੍ਰਬੰਧਕਾਂ ਦਾ ਅਨੁਮਾਨ ਹੈ ਕਿ ਅੱਜ ਦੇ ਫਾਈਨਲ ਮੈਚ ਵਿੱਚ ਇੱਕ ਲੱਖ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ । ਸਿਵਲ, ਪੁਲਿਸ, ਬਿਜਲੀ ਬੋਰਡ ਇਲਾਕੇ ਦੇ ਪਤਵੰਤਿਆਂ ਦਾ ਭਰਪੂਰ ਸਹਿਯੋਗ ਕਾਰਨ ਹੀ ਇਸ ਵਿਸ਼ਾਲ ਈਵੈਂਟ ਨੂੰ ਸਫਲ ਬਣਾਇਆ ਜਾ ਸਕਿਆ ਹੈ ।