ਡਿਬਰੂਗੜ੍ਹ/ਮਲੇਰਕੋਟਲਾ, 01 ਅਕਤੂਬਰ (ਬਿਉਰੋ): ਸ਼ੋਸ਼ਲ ਮੀਡੀਆ ‘ਚ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਦੇ ਸੁਪਰਡੈਂਟ ਦੇ ਨਾਮ ਲਿਖੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ । ਜਿਸ ਅਨੁਸਾਰ ਜੇਲ੍ਹ ‘ਚ ਬੰਦ ਪੰਜਾਬ ਦੇ ਕਰੀਬ ਦਰਜਨ ਨੌਜਵਾਨਾਂ ਵੱਲੋਂ ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਖੀ ਦੇ ਪ੍ਰਚਾਰਕ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉੱਦਮ ਕਰ ਰਹੇ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਂਝੇ ਅਪ੍ਰੇਸ਼ਨ ਰਾਹੀਂ ਗ੍ਰਿਫਤਾਰ ਕਰ ਐਨ.ਐਸ.ਏ. ਲਗਾਕੇ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ । ਸਰਕਾਰਾਂ ਦਾ ਆਰੋਪ ਹੈ ਕਿ ਇਹ ਲੋਕ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ । ਸ਼ੋਸ਼ਲ ਮੀਡੀਆ ਤੇ ਘੁੰਮ ਰਹੀ ਇਸ ਚਿੱਠੀ ਰਾਹੀਂ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਜੇਲ੍ਹ ਵਿੱਚ ਮਾਨਸਿਕ ਤੌਰ ਤੇ ਟਾਰਚਰ ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਰਨ ਅਮ੍ਰਿਤਸਰ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਦੇ ਵਕੀਲ ਰਾਜ ਦੇਵ ਸਿੰਘ ਖਾਲਸਾ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਨਹੀਂ ਦੇ ਰਹੇ ਜੋ ਕਿ ਉਹਨਾਂ ਦਾ ਅਧਿਕਾਰ ਹੈ । ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਪ੍ਰਭਾਵ ਵਿੱਚ ਕੰਮ ਕਰ ਰਹੇ ਹਨ । ਇਸ ਤੋਂ ਮਜ਼ਬੂਰ ਹੋ ਕੇ ਡਿਪਟੀ ਕਮਿਸ਼ਨਰ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਜਦੋਂ ਤੱਕ ਡੀਸੀ ਸਾਹਿਬ ਸਾਡੇ ਨਾਲ ਖੁਦ ਗੱਲਬਾਤ ਨਹੀਂ ਕਰਦੇ ਪ੍ਰਦਰਸ਼ਨ ਜਾਰੀ ਰਹੇਗਾ । ਇਸ ਤੋਂ ਪਹਿਲਾਂ ਜੇਲ੍ਹ ‘ਚ ਬੰਦ ਭਗਵੰਤ ਸਿੰਘ ਬਾਜੇਕੇ ਦੀ ਫੋਨ ਕਾਲ ਦੀ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੀ ਮਾਤਾ ਨੂੰ ਕਹਿ ਰਹੇ ਸਨ ਕਿ ਉਹਨਾਂ ਦੀ ਸਿਹਤ ਕਾਫੀ ਵਿਗੜ੍ਹ ਗਈ ਹੈ, ਧੜਕਣ ਵਧ ਜਾਂਦੀ ਹੈ, ਜੇਲ੍ਹ ਪ੍ਰਸ਼ਾਸਨ ਵੱਲੋਂ ਠੀਕ ਢੰਗ ਨਾਲ ਇਲਾਜ ਨਹੀਂ ਕਰਵਾਇਆ ਜਾ ਰਿਹਾ । ਸਿੱਖ ਜੱਥੇਬੰਦੀਆਂ ਅਤੇ ਸਮਾਜਸੇਵੀਆਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ‘ਚ ਬੰਦ ਪੰਜਾਬ ਦੇ ਨੌਜਵਾਨਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਤਾਂ ਕਿ ਪੂਰੀ ਕੌਮ ਦਾ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਤੇ ਵਿਸ਼ਵਾਸ ਬਣਿਆ ਰਹੇ ।
