ਮਲੇਰਕੋਟਲਾ, 28 ਮਾਰਚ (ਬਿਉਰੋ): ਹੱਸਦੇ ਵੱਸਦੇ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਭੈੜੀ ਨਜ਼ਰ ਲੱਗ ਗਈ ਏ ਜੋ ਪੰਜਾਬ ਅੰਦਰ 18 ਮਾਰਚ ਤੋਂ ਲਗਾਤਾਰ ਅਣਸੁਖਾਵੀਂਆਂ ਘਟਨਾਵਾਂ ਵਾਪਰ ਰਹੀਆਂ ਹਨ । ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮਾਮਲੇ ‘ਚ ਪੰਜਾਬ ਸਰਕਾਰ ਅਤੇ ਕੇਂਦਰ ਨੇ ਗੁਪਤ ਅਪ੍ਰੇਸ਼ਨ ਕਰਕੇ ਸੈਂਕੜੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਪਰੇਡਾਂ ਕਰਵਾ ਕੇ ਪੰਜਾਬ ਅੰਦਰ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ । ਇਸ ਦਾ ਸਖਤ ਨੋਟਿਸ ਲੈਂਦਿਆਂ ਕੱਲ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਕੇ ਸਰਕਾਰ ਨੂੰ ਤਾੜਨਾ ਕੀਤੀ ਕਿ ਨਿਰਦੋਸ਼ ਹਿਰਾਸਤ ‘ਚ ਲਏ ਨੌਜਵਾਨਾਂ ਨੂੰ 24 ਘੰਟੇ ਅੰਦਰ ਰਿਹਾ ਕੀਤਾ ਜਾਵੇ ।
ਜਿਸ ਦੇ ਜਵਾਬ ‘ਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਅਕਾਲ ਤਖਤ ਦੇ ਅਲਟੀਮੇਟਮ ਦਾ ਜਵਾਬ ਦਿੱਤਾ ਗਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਵੱਲੋਂ ਗ੍ਰਿਫ਼ਤਾਰ ਕੀਤੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਲਿਖਿਆ ਹੈ, “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।”
ਸੋਮਵਾਰ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਦੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਵਿੱਚ ਗ੍ਰਿਫ਼ਤਾਰ ਕੀਤੇ ‘ਬੇਕਸੂਰ’ਨੌਜਨਾਵਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਉਹਨਾਂ ਰਿਹਾਈ ਨਾ ਹੋਣ ’ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਵਹੀਰ ਕੱਢਣ ਦੀ ਗੱਲ ਆਖੀ ਸੀ।
ਪੰਜਾਬ ਸਰਕਾਰ ਦੀ ਤਰਫੋਂ ਇਸ ਤੋਂ ਪਹਿਲਾਂ ਡੀਜੀਪੀ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ 353 ਵਿਅਕਤੀ ਹਿਰਾਸਤ ਵਿੱਚ ਲਏ ਗਏ ਸਨ, ਜਿਨ੍ਹਾਂ ਵਿੱਚੋਂ 197 ਰਿਹਾਅ ਕੀਤੇ ਜਾ ਚੁੱਕੇ ਹਨ।
ਇਥੇ ਹੀ ਬਸ ਨਹੀਂ ਮੁੱਖ ਮੰਤਰੀ ਦਾ ਜਵਾਬ ਦੇਖ ਜਥੇਦਾਰ ਸਾਹਿਬ ਨੇ ਵੀ ਪਲਟਵਾਰ ਕੀਤਾ
‘ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਨੂੰ ਸਿਆਸੀ ਲੋਕ ਨਾ ਵਰਤ ਲੈਣ’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਸੂਬੇ ਵਿੱਚ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਮੁੱਦੇ ਨੂੰ ਲੈ ਕੇ ਵਾਰ-ਪਲਟਵਾਰ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਕਰਨ ਤੋਂ ਕੁੱਝ ਸਮਾਂ ਬਾਅਦ ਜਥੇਦਾਰ ਦਾ ਬਿਆਨ ਆਇਆ ਹੈ।
ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਨੇ ਫੇਸਬੁੱਕ ਉਪਰ ਲਿਖਿਆ, “ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁੰਮਾਇਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਅਪਣੀ ਕੌਮ ਦਾ ਨਿਮਾਣਾ ਜਿਹਾ ਨੁੰਮਾਇਦਾ ਹਾਂ। ਮੈਂਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ।”
ਉਨ੍ਹਾਂ ਅੱਗੇ ਲਿਖਿਆ, “ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਆ। ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਸਿਆਸੀ ਲੋਕ ਨਾ ਵਰਤ ਜਾਣ।”
“ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ।”
ਉੱਧਰ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਖੇਦਾਰ ਅਕਾਲ ਤਖਤ ਬਾਰੇ ਕੀਤੀ ਟਿੱਪਣੀ ਦੀ ਨਿੰਦਾ ਕੀਤੀ ਹੈ।
ਸੁਖਪਾਲ ਖਹਿਰਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਬੜੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਦਮਨ ਚੱਕਰ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦੇਣ ਦੇ ਬਜਾਏ ਉਲਟਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਝੇਡਾਂ ਕਰ ਰਿਹਾ ਹੈ। ਇੰਜ ਲੱਗਦਾ ਹੈ ਕਿ ਦਿੱਲੀ ਦੇ ਇਸ਼ਾਰਿਆਂ ਉੱਪਰ ਚੱਲਦਿਆਂ ਸੱਤਾ ਦੇ ਨਸ਼ੇ ਵਿੱਚ ਚੂਰ ਹੈ ਅਤੇ ਰੱਬ ਨੂੰ ਵੀ ਭੁੱਲ ਗਿਆ ਹੈ।”



