ਭਾਨੇ ਸਿੱਧੂ ਨੂੰ ਰਿਹਾਅ ਕਰਵਾਉਣ ਲਈ ਪੰਜਾਬੀਆਂ ਨੇ ਘੇਰੀ ਮੁੱਖ ਮੰਤਰੀ ਦੀ ਕੋਠੀ

author
0 minutes, 2 seconds Read

ਸਰਕਾਰ ਨੇ ਲੋਕ ਰੋਹ ਅੱਗੇ ਗੋਡੇ ਟੇਕੇ, ਭਾਨੇ ਸਿੱਧੂ ਨੂੰ 6 ਦਿਨਾਂ ਵਿੱਚ ਰਿਹਾਅ ਕਰਨ ਦਾ ਦਿੱਤਾ ਭਰੋਸਾ

ਮਲੇਰਕੋਟਲਾ, 03 ਫਰਵਰੀ (ਬਿਉਰੋ): ਦੇਸ਼ ਅਤੇ ਦੁਨੀਆ ਦਾ ਬਹੁ ਚਰਚਿਤ ਭਾਨੇ ਸਿੱਧੂ ਦਾ ਮਾਮਲਾ ਜੋ ਅੱਜ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਬਣ ਚੁੱਕਾ ਹੈ, ਦੀ ਵੱਖ-ਵੱਖ ਮੁਕੱਦਮਿਆਂ ‘ਚ ਕੀਤੀ ਗਈ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਲੋਕ ਲਹਿਰ ਬਣ ਠਾਠਾਂ ਮਾਰ ਰਹੀ ਹੈ । ਕੋਟ ਦੂਨੇ ਦੇ ਆਪ-ਮੁਹਾਰੇ ਇਕੱਠ ਨੇ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ । ਇਕ ਫਰਵਰੀ ਨੂੰ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਜਿਸ ਤੇ ਪੁਲਸ ਨੇ ਸਿਮਰਨਜੀਤ ਸਿੰਘ ਮਾਨ ਸਮੇਤ ਪਾਰਟੀ ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ । ਇਸ ਤੋਂ ਬਾਦ ਅੱਜ 03 ਫਰਵਰੀ ਨੂੰ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਚੁੱਕੇ ਲੱਖਾ ਸਿਧਾਨਾ ਨੇ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਸੱਦਾ ਦਿੱਤਾ ਸੀ ਜਿਸ ਨੂੰ ਨਾਕਾਮ ਕਰਨ ਲਈ ਪੁਲਸ ਨੇ ਸਾਰਾ ਸੰਗਰੂਰ ਸ਼ਹਿਰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ । ਪਰੰਤੂ ਹਜ਼ਾਰਾਂ ਦੀ ਗਿਣਤੀ ‘ਚ ਟਰੈਕਟਰ, ਜੀਪਾਂ, ਕਾਰਾਂ, ਮੋਟਰਸਾਇਕਲ, ਟਰਾਲੇ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸਮੇਤ ਦੇਸ਼ ਭਰ ਦੇ ਨੌਜਵਾਨਾਂ ਨੇ ਪੁਲਸ ਦੇ ਲਗਾਏ ਸਾਰੇ ਬੈਰੀਕੇਡ ਤੋੜ ਕੇ ਮਿੱਥੇ ਸਥਾਨ ਉੱਤੇ ਪਹੁੰਚਕੇ ਸਰਕਾਰ ਦਾ ਖੋਖਲਾ ਤੰਤਰ ਦਿਖਾ ਦਿੱਤਾ ਇਸ ਦੌਰਾਨ ਪੁਲਸ ਨੇ ਨੌਜਵਾਨਾਂ ਨੂੰ ਰੋਕਦਿਆਂ ਉਹਨਾਂ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ । ਸੰਗਰੂਰ ‘ਚ ਹੋ ਰਹੇ  ਵੱਡੇ ਇਕੱਠ ਨੂੰ ਰੋਕਣ ਲਈ ਸਵੇਰ ਤੋਂ ਹੀ ਪੁਲਸ ਨੇ ਲੱਖਾ ਸਿਧਾਨਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਕਾਹਨ ਸਿੰਘ ਵਾਲਾ, ਸੁੱਖ ਜਗਰਾਓਂ, ਜਗਦੀਪ ਰੰਧਾਵਾ ਸਮੇਤ ਸੈਂਕੜੇ ਆਗੂਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ, ਕਈਆਂ ਨੂੰ ਤਾਂ ਘਰਾਂ ਵਿੱਚ ਹੀ ਨਜ਼ਰਬੰਦ ਕਰ ਲਿਆ । ਪੁਲਸ ਦੇ ਜ਼ਬਰ ਦੀ ਉਸ ਸਮੇਂ ਹੱਦ ਹੋ ਗਈ ਜਦੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੇ ਕਈ ਪੱਤਰਕਾਰ ਜਗਮੀਤ ਸਿੰਘ ਖੱਪਿਆਂਵਾਲੀ, ਰਣਜੀਤ ਗਿੱਲ ਸਮੇਤ ਕਈ ਗ੍ਰਿਫਤਾਰ ਕੀਤੇ ਗਏ, ਰਤਨਦੀਪ ਧਾਲੀਵਾਲ, ਜਗਦੀਪ ਸਿੰਘ ਥਲੀ ਸਮੇਤ ਅਨੇਕਾਂ ਨੂੰ ਵੀ ਰੋਕ ਲਿਆ ਗਿਆ, ਦੁਰਵਿਵਹਾਰ ਕੀਤਾ ਅਤੇ ਸਥਾਨ ਉੱਤੇ ਨਹੀਂ ਜਾਣ ਦਿੱਤਾ । ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਤਾਨਾਸ਼ਾਹੀ ਰਵੱਈਏ ਲਈ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਸਿੰਘ ਖਾਲਸਾ, ਐਡਵੋਕੇਟ ਮੁਹੰਮਦ ਜਮੀਲ ਮਲੇਰਕੋਟਲਾ ਸਮੇਤ ਅਨੇਕਾਂ ਪਤਵੰਤਿਆਂ ਨੇ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਇਸ ਕਾਰਵਾਈ ਨੂੰ ਅਣਐਲਾਨੀ ਐਮਰਜੈਂਸੀ ਕਿਹਾ।

ਅੱਜ ਦੇ ਮੋਰਚੇ ਦੀ ਉਸ ਸਮੇਂ ਜਿੱਤ ਹੋਈ ਜਦੋਂ ਪੁਲਸ ਪ੍ਰਸ਼ਾਸਨ ਵੱਲੋਂ ਆਈ.ਜੀ. ਜਸਕਰਨ ਸਿੰਘ ਨੇ ਭਰੋਸਾ ਦਿਲਵਾਇਆ ਕਿ ਧਰਨਾਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਵਿੱਚ ਲਿਖਤੀ ਰੂਪ ਵਿੱਚ ਇੱਕ ਸਮਝੌਤਾ ਹੋਇਆ ਕਿ 6 ਦਿਨਾਂ ਦੇ ਅੰਦਰ-ਅੰਦਰ ਭਾਨੇ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਜਾਵੇਗਾ, ਅੱਜ ਦੇ ਟਕਰਾਅ ਵਿੱਚ ਫੜੇ ਗਏ ਨੌਜਵਾਨਾਂ ਨੂੰ ਫੌਰੀ ਰਿਹਾਅ ਕੀਤਾ ਗਿਆ । ਪੁਲਸ ਪ੍ਰਸ਼ਾਸਨ ਦੀ ਇਸ ਅਪੀਲ ਨੂੰ ਸਵੀਕਾਰ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਧਰਨਾ ਸਮਾਪਤ ਕੀਤਾ ਗਿਆ ।

Similar Posts

Leave a Reply

Your email address will not be published. Required fields are marked *