ਰਾਜਪੁਰਾ/ਮਲੇਰਕੋਟਲਾ, 07 ਅਪ੍ਰੈਲ (ਬਿਉੋਰੋ): ਸ਼ੰਭੂ ਅਤੇ ਖਨੌਰੀ ਪੰਜਾਬ-ਰਹਿਆਣਾ ਦੇ ਬਾਰਡਰਾਂ ਉੱਤੇ ਕਿਸਾਨਾਂ ਦਾ ਧਰਨਾ ਲੱਗਿਆਂ 55 ਦਿਨ ਹੋ ਚੁੱਕੇ ਹਨ । ਧਰਨੇ ਵਿੱਚ ਦਿਨੋਂ-ਦਿਨ ਸੰਗਤ ਵਧਦੀ ਜਾ ਰਹੀ ਹੈ । ਕਈ-ਕਈ ਕਿਲੋਮੀਟਰਾਂ ਤੱਕ ਟਰਾਲੀਆਂ ਦਿੱਲੀ ਵਾਲੇ ਹਾਈਵੇਅ ਉੱਤੇ ਖੜੀਆਂ ਹਨ, ਕਿਸਾਨਾਂ ਨੇ ਨੈਸ਼ਨਲ ਹਾਈਵੇਅ ਉੱਤੇ ਪੱਕੇ ਘਰ ਅਤੇ ਤੰਬੂ ਵੀ ਲਗਾ ਲਏ ਹਨ । ਕਿਸਾਨ ਅੰਦੋਲਨ-2.0 ਨੇ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਦਫਤਰਾਂ ਅੱਗੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੁਤਲੇ ਫੂਕਨ ਦੀ ਕਾਲ ਦਿੱਤੀ ਸੀ । ਇਸੇ ਤਹਿਤ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਰਾਜਪੁਰਾ ਦੇ ਟਾਹਲੀ ਵਾਲੇ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ । ਵੱਡੀ ਗਿਣਤੀ ‘ਚ ਪਹੁੰਚੇ ਕਿਸਾਨਾਂ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰਾਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਆਗੂਆਂ ਉੱਤੇ ਨਜ਼ਾਇਜ ਪਰਚੇ ਕਰ ਰਹੀਆਂ ਹਨ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਅਤੇ ਸਾਥੀਆਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰਕੇ ਜੇਲ ਵਿੱਚ ਡੱਕਿਆ ਹੋਇਆ ਹੈ, ਇਸ ਤੋਂ ਇਲਾਵਾ ਸੈਂਕੜੇ ਨੌੋਜਵਾਨ ਪੁਲਸ ਦੇ ਬਲ ਪ੍ਰਯੋਗ ਨਾਲ ਜ਼ਖਮੀ ਹੋ ਚੁੱਕੇ ਹਨ, ਕਈ ਸ਼ਹੀਦ ਵੀ ਹੋ ਗਏ ਹਨ । ਸਰਕਾਰਾਂ ਦੇ ਇਸ ਤਾਨਾਸ਼ਾਹੀ ਰਵੱਈਏ ਖਿਲਾਫ ਦੇਸ਼ ਭਰ ਵਿੱਚ ਰੋਸ ਮੁਜ਼ਾਰਹੇ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਸਰਕਾਰ ਇਸ ਗਲਤ ਫਹਿਮੀ ‘ਚ ਨਾ ਰਹੇ ਕਿ ਕਿਸਾਨ ਕੁਝ ਦਿਨ ਬੈਠ ਕਿ ਧਰਨਾ ਖਤਮ ਕਰ ਦੇਣਗੇ, ਅੱਜ ਦੇਸ਼ ਦਾ ਕਿਸਾਨ ਜਾਗ ਚੁੱਕਾ ਹੈ, ਜੋ ਆਪਣੀਆਂ ਮੰਗਾਂ ਮੰਨਵਾ ਕੇ ਹੀ ਧਰਨਾ ਖਤਮ ਕਰੇਗਾ ।



