ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਐਲਾਨੇ ਜਾਣਗੇ
ਨਵੀਂ ਦਿੱਲੀ/ਮਲੇਰਕੋਟਲਾ, 14 ਜੂਨ (ਬਿਉਰੋ): ਭਾਰਤੀ ਕੁਸ਼ਤੀ ਸੰਘ (WFI) ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਨੇ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਐਲਾਨ ਕੀਤਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇੰਤਜਾਰ ਹੋ ਰਿਹਾ ਸੀ 6 ਜੁਲਾਈ ਨੂੰ ਹੋਣਗੀਆਂ । ਭਰੋਸੇਯੋਗ ਸੂਤਰਾਂ ਨੇ ਮੰਗਲਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਡਬਲਯੂਐਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਪਰਿਵਾਰਕ ਮੈਂਬਰ ਚੋਣ ਨਹੀਂ ਲੜਨਗੇ। WFI ਚੋਣਾਂ ਪ੍ਰਧਾਨ, ਸੀਨੀਅਰ ਉਪ-ਪ੍ਰਧਾਨ, ਚਾਰ ਉਪ-ਪ੍ਰਧਾਨ, ਸਕੱਤਰ-ਜਨਰਲ, ਖਜ਼ਾਨਚੀ, ਦੋ ਸੰਯੁਕਤ ਸਕੱਤਰ ਅਤੇ ਪੰਜ ਕਾਰਜਕਾਰੀ ਮੈਂਬਰਾਂ ਦੇ ਅਹੁਦੇ ਲਈ ਹੋਣਗੀਆਂ । ਇਹ ਵੀ ਸੂਚਿਤ ਕੀਤਾ ਗਿਆ ਕਿ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ ।
ਪ੍ਰਸਿੱਧ ਮੀਡੀਆ ਪਲੇਟਫਾਰਮ ‘ਦਾ ਹਿੰਦੂ’ ਦੀ ਰਿਪੋਰਟ ਅਨੁਸਾਰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਨਾ ਤਾਂ ਬ੍ਰਿਜ ਭੂਸ਼ਨ ਦੇ ਪਰਿਵਾਰਕ ਮੈਂਬਰਾਂ ਅਤੇ ਨਾ ਹੀ ਉਨ੍ਹਾਂ ਦੇ ਸਾਥੀਆਂ ਨੂੰ ਆਉਣ ਵਾਲੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ 15 ਜੂਨ ਤੱਕ ਆਪਣਾ ਧਰਨਾ ਰੋਕ ਦਿੱਤਾ ਸੀ । ਬ੍ਰਿਜ ਭੂਸ਼ਨ ਦੇ ਪੁੱਤਰ ਕਰਨ ਭੂਸ਼ਣ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੇ ਮੁਖੀ ਹਨ ਜਦਕਿ ਉਨ੍ਹਾਂ ਦੇ ਜਵਾਈ ਆਦਿਤਿਆ ਪ੍ਰਤਾਪ ਸਿੰਘ ਬਿਹਾਰ ਇਕਾਈ ਦੇ ਮੁਖੀ ਹਨ ।
ਪ੍ਰਧਾਨ ਦੇ ਤੌਰ ‘ਤੇ 12 ਸਾਲ ਪੂਰੇ ਕਰ ਲਏ ਜਾਣ ਕਾਰਨ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਖੁਦ ਵੀ ਮੁਕਾਬਲੇ ਲਈ ਅਯੋਗ ਹਨ । ਖੇਡ ਜ਼ਾਬਤਾ ਚਾਰ-ਚਾਰ ਸਾਲ ਲਗਾਤਾਰ ਤਿੰਨ ਵਾਰ ਸੇਵਾ ਕਰਨ ਤੋਂ ਬਾਅਦ ਚੋਣਾਂ ਦੀ ਇਜਾਜ਼ਤ ਨਹੀਂ ਦਿੰਦਾ ਹੈ ।
ਬ੍ਰਿਜ ਭੂਸ਼ਨ ‘ਤੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲੱਗੇ ਹਨ । ਦਿੱਲੀ ਪੁਲਿਸ ਨੇ ਉਸਦੇ ਖਿਲਾਫ ਦੋ ਮੁਕੱਦਮੇ ਦਰਜ ਕੀਤੇ ਹਨ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰਨ ਦੀ ਸੰਭਾਵਨਾ ਹੈ ।
ਸ੍ਰੀ ਠਾਕੁਰ ਨੇ ਕਿਹਾ ਸੀ ਕਿ ਨਵੀਂ ਕਾਰਜਕਾਰਨੀ ਦਾ ਗਠਨ ਕਰਦੇ ਸਮੇਂ ਵਿਰੋਧ ਕਰ ਰਹੇ ਪਹਿਲਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ।
ਇਲੈਕਟੋਰਲ ਕਾਲਜ ਦੇ ਗਠਨ ਲਈ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੋ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 19 ਜੂਨ ਰੱਖੀ ਗਈ ਹੈ ਅਤੇ 22 ਜੂਨ ਤੱਕ ਪੜਤਾਲ ਪੂਰੀ ਕਰ ਲਈ ਜਾਵੇਗੀ।
ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ 23 ਜੂਨ ਨੂੰ ਸ਼ੁਰੂ ਹੋਵੇਗਾ ਅਤੇ 25 ਜੂਨ ਨੂੰ ਸਮਾਪਤ ਹੋਵੇਗਾ, ਜਿਸ ਤੋਂ ਬਾਅਦ ਨਾਮਜ਼ਦਗੀਆਂ ਦੀ ਤਿਆਰੀ ਅਤੇ ਡਿਸਪਲੇਅ ਹੋਵੇਗਾ, ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਜੂਨ ਨੂੰ ਹੋਵੇਗੀ।
ਉਮੀਦਵਾਰ 28 ਜੂਨ ਤੋਂ 1 ਜੁਲਾਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ, ਜਿਸ ਤੋਂ ਬਾਅਦ 2 ਜੁਲਾਈ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ।



