ਭਾਰਤ ਦੀ ਰਾਜਨੀਤੀ ਵਿੱਚੋਂ ਮੁਸਲਮਾਨਾਂ ਦਾ ਚੌਂਕੀਦਾਰਾ ਲੱਗਭਗ ਮਾਫ

author
0 minutes, 5 seconds Read

ਮੁਸਲਮਾਨਾਂ ਦੇ ਆਰਥਿਕ, ਸਮਾਜਿਕ ਅਤੇ ਵਿੱਦਿਅਕ ਪੱਛੜੇਪਣ ਨੂੰ ਦੂਰ ਕਰਨ ਲਈ ਨੌਜਵਾਨ ਪ੍ਰਸ਼ਾਸਨਿਕ ਸੇਵਾਵਾਂ ਦਾ ਹਿੱਸਾ ਬਨਣ

ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ,

ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ”

ਮਸ਼ਹੂਰ ਕਹਾਵਤ ਹੈ “ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ” ਅੱਜ ਮੇਰੀ ਕੌਮ ਦੀ ਹਾਲਤ ਵੀ ਇਸ ਕਹਾਵਤ ਦੀ ਤਰ੍ਹਾਂ ਹੀ ਹੋ ਗਈ ਹੈ । ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੀ ਮੁਸਲਿਮ ਕੌਮ ਨਾ ਤਾਂ ਆਪਣੇ ਧਰਮ ਦੀ ਸਿੱਖਿਆ ਅਤੇ ਨਾ ਹੀ ਦੁਨਿਆਵੀ ਸਿੱਖਿਆ ਉੱਤੇ ਮੁਕੰਮਲ ਅਮਲ ਕਰ ਸਕੀ ।

ਭਾਰਤ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਅੱਜ ਐਸਸੀ, ਐਸਟੀ ਨਾਲੋਂ ਵੀ ਹੇਠ ਜਾ ਚੁੱਕਾ ਹੈ ਪਰੰਤੂ ਉਸਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੈ ਕਿ ਉਹ ਕਿਸ ਹੱਦ ਤੱਕ ਪੱਛੜ ਚੁੱਕਾ ਹੈ । 2006 ਵਿੱਚ ਗਠਿਤ ਕੀਤੀ ਸੱਚਰ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਵਿੱਚ ਸਾਫ ਦਰਜ ਹੈ ਕਿ ਭਾਰਤ ਦਾ ਮੁਸਲਮਾਨ ਆਰਥਿਕ, ਸਮਾਜਿਕ ਅਤੇ ਵਿਦਿਅਕ ਪੱਖੋਂ ਬੇਹੱਦ ਪੱਛੜ ਚੁੱਕਾ ਹੈ ਇਸ ਵਰਗ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ । ਪਰੰਤੂ 18 ਸਾਲ ਬੀਤ ਜਾਣ ‘ਤੇ ਵੀ ਸਰਕਾਰਾਂ ਨੇ ਇਸ ਰਿਪੋਰਟ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਮੁਸਲਿਮ ਵਰਗ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਚਲੀ ਗਈ, ਅੱਜ ਮੁਸਲਮਾਨ ਬਿਨ੍ਹਾਂ ਕਮਾਂਡਰ ਤੋਂ ਲੜਨ ਵਾਲੀ ਫੌਜ ਬਣਕੇ ਰਹਿ ਗਏ ਹਨ, ਕੋਈ ਕੌਮ ਪ੍ਰਸਤ ਆਗੂ ਇਸ ਕੋਲ ਨਹੀਂ ਹੈ, ਆਏ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਸਬਜ਼ਬਾਗ ਦਿਖਾਕੇ ਵੋਟਾਂ ਬਟੋਰ ਲੈ ਜਾਂਦੀਆਂ ਹਨ । 2014 ਤੋਂ ਭਾਜਪਾ ਦੀ ਸਰਕਾਰ ਨੇ ਭਾਰਤ ਦੀ ਰਾਜਤੀਤੀ ਵਿੱਚੋਂ ਮੁਸਲਮਾਨਾਂ ਦਾ ਚੌਂਕੀਦਾਰਾ ਲੱਗਭਗ ਮਾਫ ਕਰ ਦਿੱਤਾ ਹੈ ਯਾਨੀ ਮੁਸਲਮਾਨਾਂ ਨੂੰ ਸਿਆਸੀ ਹਲਕਿਆਂ ਵਿੱਚੋਂ ਬਿਲਕੁਲ ਬਾਹਰ ਧਕੇਲ ਦਿੱਤਾ ਹੈ । ਬੀਜੇਪੀ ਗਠਜੋੜ ਨੇ 2024 ‘ਚ ਤੀਸਰੀ ਵਾਰ ਬਣਾਈ ਸਰਕਾਰ ਦੇ ਕੈਬਿਨਟ ‘ਚ 72 ਮੰਤਰੀਆਂ ਨੇ ਸਹੁੰ ਚੁੱਕੀ । ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਦੇ 40 ਕਰੋੜ ਮੁਸਲਮਾਨਾਂ ਦੀ ਪ੍ਰਤੀਨਿਧਤਾ ਕਰਨ ਲਈ ਇੱਕ ਵੀ ਮੁਸਲਿਮ ਮੰਤਰੀ ਨਹੀਂ ਬਣਾਇਆ ਗਿਆ। ਅਜਿਹੇ ਵਿੱਚ ਮੁਸਲਿਮ ਵਰਗ ਦੇ ਧਾਰਮਿਕ ਮਾਮਲਿਆਂ ਲਈ ਕੋਈ ਸਲਾਹਕਾਰ ਵੀ ਨਹੀਂ ਹੋਵੇਗਾ । ਜਿਵੇਂ ਪਿਛਲੇ ਦਿਨੀਂ ਘੱਟਗਿਣਤੀ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਨੇ ਹੀ ਸਾਊਦੀ ਅਰਬ ਜਾ ਕੇ ਹੱਜ ਸਬੰਧੀ ਸਮਝੌਤੇ ‘ਤੇ ਦਸਤਖਤ ਕੀਤੇ । ਕਿਸੇ ਗੈਰ-ਮੁਸਲਿਮ ਨੂੰ ਮੁਸਲਮਾਨਾਂ ਦੇ ਧਾਰਮਿਕ ਰੀਤੀ ਰਿਵਾਜ਼, ਪ੍ਰੰਪਰਾਵਾਂ, ਸੱਭਿਆਚਾਰ ਬਾਰੇ ਕੀ ਜਾਣਕਾਰੀ ਹੋਵੇਗੀ? ਇਤਿਹਾਸ ਗਵਾਹ ਹੈ ਕਿ ਅਫਗਾਨਿਸਤਾਨ ਵਿੱਚ ਸਿੱਖਾਂ, ਹਿੰਦੂਆਂ ਸਮੇਤ ਗੈਰ-ਮੁਸਲਿਮ ਅਬਾਦੀ ਕੁਝ ਕੁ ਸੈਂਕੜਿਆਂ ਵਿੱਚ ਹੀ ਹੈ । ਤਾਲਿਬਾਨ ਸਰਕਾਰ ਜਿਸ ਨੂੰ ਦੁਨੀਆ ਸਖਤ ਫੈਸਲੇ ਲੈਣ ਵਾਲੀ ਤਾਨਾਸ਼ਾਹ ਸਰਕਾਰ ਮੰਨਦੀ ਹੈ ਨੇ ਇੱਕ ਸਿੱਖ ਧਰਮ ਨਾਲ ਸਬੰਧਤ ਮੰਤਰੀ ਸਰਕਾਰ ਵਿੱਚ ਲਿਆ ਹੈ ਤਾਂ ਜੋ ਆਪਣੇ ਧਾਰਮਿਕ ਰੀਤੀ ਰਿਵਾਜ, ਪ੍ਰੰਪਰਾਵਾਂ ਅਤੇ ਸੱਭਿਆਚਾਰ ਦੀ ਬਿਹਤਰ ਤਰੀਕੇ ਨਾਲ ਪ੍ਰਤੀਨਿਧਤਾ ਕਰ ਸਕੇ । ਇਸੇ ਤਰ੍ਹਾਂ ਪਾਕਿਸਤਾਨ ਵਿੱਚ ਹਮੇਸ਼ਾ ਤੋਂ ਇੱਕ ਗੈਰ-ਮੁਸਲਿਮ ਮੰਤਰੀ ਆਪਣੇ ਸਮਾਜ ਦੇ ਲੋਕਾਂ ਦੀ ਨੁਮਾਇੰਦਗੀ ਲਈ ਬਣਾਇਆ ਜਾਂਦਾ ਹੈ ।

ਮੇਰੀ ਕੌਮ ਦੇ ਨੌਜਵਾਨੋਂ ਸਮਾਂ ਰਹਿੰਦੇ ਜਾਗ ਜਾਓ ! ਜ਼ਮਾਨਾ ਤੁਹਾਨੂੰ ਅਨਪੜ੍ਹ, ਗੰਵਾਰ ਅਤੇ ਜ਼ਾਹਿਲ ਦੇਖਣਾ ਚਾਹੁੰਦਾ ਹੈ । ਤੁਹਾਨੂੰ ਸਰਕਾਰ ਅਤੇ ਸਿਸਟਮ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦਾ । ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਨੇਪਾਲ ਦੀ ਸੀਮਾ ਤੋਂ ਲੈ ਕੇ ਰਾਜਸਥਾਨ ਦੀ ਸੀਮਾ ਤੱਕ ਦੁਕਾਨਦਾਰ, ਮਜ਼ਦੂਰ, ਵਪਾਰੀ, ਕਿਸਾਨ ਅਤੇ ਮੱਝਾਂ ਚਰਾਉਣ ਵਾਲੇ ਹਰ ਮੁਸਲਮਾਨ ਨੂੰ ਅੱਜ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਹਰ ਤੰਗੀ ਬਰਦਾਸ਼ਤ ਕਰਕੇ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਲਾਜ਼ਮੀ ਹੈ । ਦੁਨੀਆ ਦਾ ਕੋਈ ਦੇਸ਼, ਕੌਮ, ਕਬੀਲਾ ਬਿਨ੍ਹਾਂ ਸਿੱਖਿਆ ਤੋਂ ਤਰੱਕੀ ਨਹੀਂ ਕਰ ਸਕਦਾ । ਮੈਂ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਮਜ਼ਬੂਤੀ ਨਾਲ ਸਿੱਖੋ, ਨਮਾਜ਼ੀ ਬਣੋ, ਮਸਜਿਦਾਂ ਨਾਲ ਜੁੜੋ ਅਤੇ ਮਸਜਿਦਾਂ ਦੇ ਰਾਹੀਂ ਹੀ ਨੌਜਵਾਨਾਂ ਨੂੰ ਇਹ ਦਾਅਵਤ ਵੀ ਦੇਵੋ । ਜਿਵੇਂ-ਜਿਵੇਂ ਦੁਨੀਆ ਐਡਵਾਂਸ ਹੋਣ ਦੇ ਨਾਂਅ ‘ਤੇ ਅੱਗੇ ਵਧ ਰਹੀ ਹੈ ਅਤੇ ਆਪਣੇ ਆਪ ਨੂੰ ਕਾਮਯਾਬ ਸਮਝ ਰਹੀ ਹੈ, ਤੁਸੀਂ ਇਸਦੇ ਬਿਲਕੁਲ ਉਲਟ 1400 ਸਾਲ ਪਿੱਛੇ ਚਲੇ ਜਾਵੋ । ਆਪਣੇ ਆਪ ਨੂੰ ਅੱਲ੍ਹਾ ਦੇ ਰਸੂਲ (ਸਲ.) ਦੀ ਜ਼ਿੰਦਗੀ ਦੇ ਮੁਤਾਬਿਕ ਢਾਲ ਲਵੋ, ਇਨਸ਼ਾ ਅੱਲ੍ਹਾ! ਦੁਨੀਆ ਅਤੇ ਆਖਰਤ ਦੀ ਕਾਮਯਾਬੀ ਤੁਹਾਨੂੰ ਜਰੂਰ ਮਿਲੇਗੀ । ਇੱਕ ਨੇਕ ਇਨਸਾਨ ਬਣਕੇ ਨਾਲ-ਨਾਲ ਪ੍ਰਸ਼ਾਸਨਿਕ ਸੇਵਾਵਾਂ ਦਾ ਹਿੱਸਾ ਬਣੋ, ਯੂਪੀਐਸਸੀ, ਸਟੇਟ ਸਿਵਲ ਸਰਵਿਸਿਜ, ਸਿਵਲ ਸੇਵਾਵਾਂ ਨਿਆਂਇਕ ਦਾ ਹਿੱਸਾ ਬਣੋ । ਦੂਜਿਆਂ ਵਿੱਚ ਗਲਤੀਆਂ ਕੱਢਕੇ ਨਿਜ਼ਾਮ ਨਹੀਂ ਬਦਲੇਗਾ । ਇੰਜਨੀਅਰ, ਡਾਕਟਰ, ਸੀਏ ਬਣਕੇ ਆਪਣੀ ਨਿੱਜੀ ਜ਼ਿੰਦਗੀ ਤਾਂ ਸੁਖਾਲੀ ਕਰ ਸਕਦੇ ਹੋ ਪਰੰਤੂ ਆਪਣੀ ਕੌਮ ਦਾ ਜੀਵਨ ਪੱਧਰ ਉੱਚਾ ਨਹੀਂ ਚੁੱਕ ਸਕਦੇ । ਆਪ ਤਸੱਵਰ ਕਰੋ ਕਿ ਜਦੋਂ ਇੱਕ ਸੱਚਾ ਮੁਸਲਮਾਨ ਤਹਿਸੀਲ, ਥਾਣੇ, ਹਸਪਤਾਲ, ਨਗਰ ਕੌਂਸਲ ਦਫਤਰ, ਅਦਾਲਤ ਵਿੱਚ ਮੁਲਾਜ਼ਮ ਹੋਵੇਗਾ ਤਾਂ ਉਹ ਭ੍ਰਿਸ਼ਟਾਚਾਰ ਨਹੀਂ ਕਰੇਗਾ, ਲੋਕਾਂ ਦੇ ਕੰਮਾਂ ਲਈ ਟਾਲਮਟੋਲ ਨਹੀਂ ਕਰੇਗਾ, ਸਮੇਂ ਸਿਰ ਦਫਤਰ ਆਵੇਗਾ, ਸਭ ਨੂੰ ਸਨਮਾਣ ਦੇਵੇਗਾ ਆਦਿ ਜਿਹੇ ਅਖਲਾਕੀ ਅਮਲਾਂ ਨਾਲ ਦਫਤਰਾਂ ਦਾ ਨਿਜ਼ਾਮ ਬਦਲ ਜਾਵੇਗਾ, ਇਸ ਤਰ੍ਹਾਂ ਹੌਲੀ-ਹੌਲੀ ਹਰ ਸੂਬੇ ਅਤੇ ਦੇਸ਼ ਅੰਦਰ ਇੱਕ ਸਾਫ ਸੁਥਰਾ ਪ੍ਰਸ਼ਾਸਨ ਅਮਲ ਵਿੱਚ ਆਵੇਗਾ । ਜੇਕਰ ਅਦਾਲਤਾਂ ਵਿੱਚ ਜੱਜ, ਸ਼ਹਿਰਾਂ ਵਿੱਚ ਐਸਡੀਐਮ, ਤਹਿਸੀਲਦਾਰ, ਡਿਪਟੀ ਕਮਿਸ਼ਨਰ, ਐਸਐਸਪੀ ਤੁਹਾਡੇ ਹੋਣਗੇ ਤਾਂ ਕਿਵੇਂ ਸੂਬੇ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਤੁਹਾਡਾ ਵੱਡਮੁੱਲਾ ਯੋਗਦਾਨ ਹੋਵੇਗਾ ਅਤੇ ਤੁਹਾਡੀ ਕੌਮ ਵੀ ਖੁਸ਼ਹਾਲ ਹੋਵੇਗੀ । ਵਰਨਾ ਬੇਈਮਾਨ, ਰਿਸ਼ਵਤਖੋਰ, ਝੂਠੇ, ਦੂਜਿਆਂ ਦੇ ਹੱਕ ਮਾਰਨ ਵਾਲੇ ਅਖੌਤੀ ਮੁਸਲਮਾਨ ਤਾਂ ਪਹਿਲਾਂ ਵੀ ਸਿਸਟਮ ਵਿੱਚ ਬੇਸ਼ੁਮਾਰ ਹਨ । ਯਾਦ ਰਹੇ ਕਿ ਸਾਡੇ ਮੁਸਲਿਮ ਭਰਾ 57 ਇਸਲਾਮੀ ਦੇਸ਼ ਵੀ ਕਦੇ ਭਾਰਤ ਦੀ ਸਰਕਾਰ ਨੂੰ ਇਹ ਨਹੀਂ ਪੁੱਛਣਗੇ ਕਿ ਤੁਸੀਂ ਭਾਰਤੀ ਮੁਸਲਮਾਨਾਂ ਨਾਲ ਪੱਖਪਾਤ ਕਿਉਂ ਕਰਦੇ ਹੋ ।

ਪੇਸ਼ਕਸ਼:

 

ਮੁਹੰਮਦ ਜਮੀਲ ਐਡਵੋਕੇਟ

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਤਹਿਸੀਲ ਵਾ ਜ਼ਿਲ੍ਹਾ ਮਲੇਰਕੋਟਲਾ

ਸੰਪਰਕ: 9417969547

Similar Posts

Leave a Reply

Your email address will not be published. Required fields are marked *