ਇੰਫ਼ਾਲ /ਮਲੇਰਕੋਟਲਾ, 06 ਮਈ (ਬਿਉਰੋ): ਮਣੀਪੁਰ ਵਿੱਚ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਵੱਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਹਿੰਸਾ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ । ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਹ ਅੰਕੜੇ ਅਧਿਕਾਰਤ ਹਨ ਪਰ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸ਼ੁਕਰਵਾਰ ਨੂੰ ‘ਸ਼ੂਟ ਐਟ ਸਾਈਟ’ ਯਾਨੀ ਦੇਖਦਿਆਂ ਹੀ ਗੋਲੀ ਚਲਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ ।
ਬੀਬੀਸੀ ਪੰਜਾਬੀ ਦੀ ਖਬਰ ਸਹਿਯੋਗੀ ਦਿਲੀਪ ਕੁਮਾਰ ਸ਼ਰਮਾ ਦੀ ਰਿਪੋਰਟ ਅਨੁਸਾਰ ਇੰਫ਼ਾਲ ਘਾਟੀ ‘ਚ ਸ਼ਨੀਵਾਰ ਨੂੰ ਜ਼ਿੰਦਗੀ ਪਟੜੀ ‘ਤੇ ਪਰਤਦੀ ਨਜ਼ਰ ਆ ਰਹੀ ਹੈ, ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹ ਗਏ ਹਨ ਅਤੇ ਸੜਕਾਂ ‘ਤੇ ਵਾਹਨ ਨਜ਼ਰ ਆ ਰਹੇ ਹਨ । ਹਾਲਾਂਕਿ, ਸਾਰੀਆਂ ਪ੍ਰਮੁੱਖ ਸੜਕਾਂ ਅਤੇ ਥਾਵਾਂ ‘ਤੇ ਰੈਪਿਡ ਐਕਸ਼ਨ ਫੋਰਸ ਅਤੇ ਕੇਂਦਰੀ ਪੁਲਿਸ ਬਲਾਂ ਦੇ ਜਵਾਨਾਂ ਦੀ ਭਾਰੀ ਮੌਜੂਦਗੀ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ 54 ਲੋਕਾਂ ਵਿੱਚੋਂ 16 ਦੀਆਂ ਲਾਸ਼ਾਂ ਚੂਰਾਚੰਦਪੁਰ ਜ਼ਿਲ੍ਹੇ ਦੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ, ਜਦੋਂ ਕਿ 15 ਲਾਸ਼ਾਂ ਨੂੰ ਇੰਫ਼ਾਲ ਪੂਰਬੀ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਰੱਖਿਆ ਗਿਆ ਹੈ।
23 ਲਾਸ਼ਾਂ ਨੂੰ ਇੰਫਾਲ ਪੱਛਮੀ ਦੇ ਖੇਤਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਚੂਰਾਚੰਦਪੁਰ ਜ਼ਿਲੇ ‘ਚ ਸ਼ੁੱਕਰਵਾਰ ਰਾਤ ਨੂੰ ਦੋ ਵੱਖ-ਵੱਖ ਮੁਠਭੇੜਾਂ ‘ਚ ਪੰਜ ਕੱਟੜਵਾਦੀ ਮਾਰੇ ਗਏ ਜਦਕਿ ਭਾਰਤੀ ਰਿਜ਼ਰਵ ਬਟਾਲੀਅਨ ਦੇ ਦੋ ਜਵਾਨ ਜ਼ਖਮੀ ਹੋ ਗਏ । ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 13,000 ਲੋਕਾਂ ਨੂੰ ਸੁਰੱਖਿਅਤ ਪਨਾਹਗਾਹਾਂ ‘ਤੇ ਪਹੁੰਚਾਇਆ ਗਿਆ ਹੈ । ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਫ਼ੌਜ ਦੇ ਕੈਂਪਾਂ ਵਿੱਚ ਵੀ ਰੱਖਿਆ ਗਿਆ ਹੈ । ਸੈਨਾ ਦਾ ਕਹਿਣਾ ਹੈ ਕਿ ਚੂਰਾਚੰਦਪੁਰ, ਮੋਰੇਹ, ਕਾਕਚਿੰਗ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਵਿੱਚ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ।
ਸਥਿਤੀ ‘ਤੇ ਕਾਬੂ ਪਾਉਣ ਲਈ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਫ਼ੌਜ ਨੇ ਕਿਹਾ ਸੀ ਕਿ ਉਸ ਨੇ ਸੂਬਾ ਪੁਲਿਸ ਨਾਲ ਮਿਲ ਕੇ ਕਈ ਥਾਵਾਂ ‘ਤੇ ਹਿੰਸਾ ਨੂੰ ਕਾਬੂ ਕੀਤਾ ਅਤੇ ਫਲੈਗ ਮਾਰਚ ਵੀ ਕੱਢਿਆ । ਬੁੱਧਵਾਰ ਤੋਂ ਸੂਬੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਫ਼ੌਰੀ ਪ੍ਰਭਾਵ ਨਾਲ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ । ਹਾਲਾਂਕਿ ਇਸ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਜੋ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਕਈ ਥਾਵਾਂ ‘ਤੇ ਘਰਾਂ ਨੂੰ ਅੱਗ ਨਾਲ ਸੜਦੇ ਦੇਖਿਆ ਜਾ ਸਕਦਾ ਹੈ।
ਇੱਕ ਵੀਡੀਓ ਵਿੱਚ, ਕੁਝ ਲੋਕਾਂ ਨੂੰ ਚੂਰਾਚੰਦਪੁਰ ਵਿੱਚ ਇੱਕ ਹਥਿਆਰਾਂ ਦੀ ਦੁਕਾਨ ਦੀ ਭੰਨ-ਤੋੜ ਕਰਦਿਆਂ ਅਤੇ ਬੰਦੂਕਾਂ ਨੂੰ ਲੁੱਟਦਿਆਂ ਦੇਖਿਆ ਜਾ ਸਕਦਾ ਹੈ । ਹਾਲਾਂਕਿ, ਬੀਬੀਸੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ। ਮੀਡੀਆ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਇਸ ਹਿੰਸਾ ‘ਚ ਹੁਣ ਤੱਕ ਘੱਟੋ-ਘੱਟ ਤਿੰਨ ਲੋਕ ਮਾਰੇ ਜਾ ਚੁੱਕੇ ਹਨ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨਾਲ ਗੱਲ ਕੀਤੀ ਅਤੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ । ਇਸ ਦੌਰਾਨ ਮਣੀਪੁਰ ਦੇ ਮੁੱਖ ਮੰਤਰੀ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਸੂਬੇ ਦੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ । ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਟਵੀਟ ਵਿੱਚ ਹਿੰਸਾ ਦੀਆਂ ਖ਼ਬਰਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ।
ਉਨ੍ਹਾਂ ਕਿਹਾ, “ਇਹ ਰਾਜਨੀਤੀ ਦਾ ਸਮਾਂ ਨਹੀਂ ਹੈ। ਰਾਜਨੀਤੀ ਅਤੇ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਤਰਜੀਹ ਸਾਡੇ ਖ਼ੂਬਸੂਰਤ ਸੂਬੇ ਮਣੀਪੁਰ ਨੂੰ ਬਚਾਉਣ ਦੀ ਹੋਣੀ ਚਾਹੀਦੀ ਹੈ।”
ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਨੇ ਇੱਕ ਟਵੀਟ ਵਿੱਚ ਅੱਗਜ਼ਨੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ ਅਤੇ ਲਿਖਿਆ ਹੈ, “ਮਣੀਪੁਰ ਸੜ ਰਿਹਾ ਹੈ, ਕਿਰਪਾ ਕਰਕੇ ਮਦਦ ਕਰੋ।”