ਸੀਵਰੇਜ ਦਾ ਪਾਣੀ ਕਈ ਦਿਨ ਰੁਕਿਆ ਰਹਿਣ ਕਾਰਣ ਮਹਾਂਮਾਰੀ ਫੈਲਣ ਦਾ ਖਤਰਾ
ਮਲੇਰਕੋਟਲਾ, 10 ਜੁਲਾਈ (ਅਬੂ ਜ਼ੈਦ): ਜੇਕਰ ਔਚਕ ਚੈਕਿੰਗ ਕਰਕੇ ਦੇਖਿਆ ਜਾਵੇ ਤਾਂ ਤਹਿਸੀਲ ਦਫਤਰ ਮਲੇਰਕੋਟਲਾ ਸਮੁੱਚੇ ਪੰਜਾਬ ਵਿੱਚੋਂ ਸਫਾਈ ਦੇ ਮਾਮਲੇ ਵਿੱਚ ਸਭ ਤੋਂ ਹੇਠਲੇ ਦਰਜੇ ‘ਤੇ ਆਵੇਗਾ । ਸਿਰਫ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫਤਰ ਤੋਂ ਇਲਾਵੇ ਬਾਕੀ ਸਾਰਾ ਕੰਪਲੈਕਸ ਕੂੜੇ ਨਾਲ ਲੱਥਪੱਥ ਹੈ, ਪਬਲਿਕ ਵਾਸ਼ਰੂਮਾਂ ਦਾ ਬੁਰਾ ਹਾਲ ਹੈ, ਦੇਖਕੇ ਇੰਝ ਜਾਪਦਾ ਹੈ ਕਿ ਜਿਵੇਂ ਕਦੇ ਸਫਾਈ ਕੀਤੀ ਹੀ ਨਹੀਂ ਗਈ । ਤਹਿਸੀਲ ਕੰਪਲੈਕਸ ਵਿੱਚ ਸੀਆਈਡੀ, ਪੀਸੀਆਰ ਅਤੇ ਭਲਾਈ ਅਫਸਰ ਸਮੇਤ ਅਨੇਕਾਂ ਦਫਤਰ ਮੌਜੂਦ ਹਨ ਜਿਸ ਕਾਰਣ ਸੈਂਕੜੇ ਲੋਕਾਂ ਦੀ ਰੋਜ਼ਮੱਰਾ ਦੇ ਕੰਮਾਂ ਲਈ ਆਵਾਜਾਈ ਰਹਿੰਦੀ ਹੈ । ਜ਼ਿਲ੍ਹਾ ਮਲੇਰਕੋਟਲਾ ਵਿਖੇ “ਸਵੱਛ ਭਾਰਤ ਮੁਹਿੰਮ” ਦੀਆਂ ਪ੍ਰਚਾਰ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਵਾਲੇ ਅਧਿਕਾਰੀਆਂ ਦਾ ਆਪਣਾ ਦਫਤਰ ਬੀਮਾਰ ਪਿਆ ਹੈ ।
ਉਹਨਾਂ ਦੇ ਆਪਣੇ ਦਫਤਰ ਦੇ ਦੁਆਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜਾ ਹੈ । ਜਿਸ ਕਾਰਣ ਚਾਰੋਂ ਤਰਫ ਬਦਬੂ ਫੈਲੀ ਹੋਈ ਹੈ, ਰਜਿਸਟਰੀਆਂ ਵਗੈਰਾ ਕਰਵਾਉਣ ਆਏ ਲੋਕ, ਕਈ ਵਸੀਕਾ ਨਵੀਸ ਅਤੇ ਤਹਿਸੀਲ ਦਫਤਰ ‘ਚ ਕੰਮ ਕਰਨ ਵਾਲੇ ਬੀਮਾਰ ਵੀ ਹੋ ਚੁੱਕੇ ਹਨ । ਪਰੰਤੂ ਅਧਿਕਾਰੀਆਂ ਨੇ ਇਸ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਜਿਵੇਂ ਕਿ ਇੱਕ ਪਾਈਪ ਤਹਿਸੀਲ ਕੰਪਲੈਕਸ ਦੇ ਦੁਆਲੇ ਪਾਕੇ ਬਰਸਾਤੀ ਪਾਣੀ ਨੂੰ । ਵੈਸੇ ਤਾਂ ਹਰ ਸਾਲ ਹੀ ਬਾਰਿਸ਼ਾਂ ਦੇ ਦਿਨਾਂ ਵਿੱਚ ਇਹ ਸਮੱਸਿਆ ਆਉਂਦੀ ਹੈ ਇਸ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਗਿਆ । ਵਸੀਕਾ ਨਵੀਸ, ਅਸ਼ਟਾਮ ਫਰੋਸ਼, ਨਕਸ਼ਾ ਨਵੀਸ, ਵਕੀਲ, ਫੋਟੋ ਗਰਾਫਰ ਆਦਿ ਸਭ ਆਪਣੀ ਦੁਕਾਨਾਂ ਦੇ ਸਾਹਮਣੇ ਫਰਸ਼ ਉੱਚਾ ਕਰਕੇ ਇਸ ਮੁਸੀਬਤ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਇਹ ਸਮੱਸਿਆ ਅਗਲੀ ਦੁਕਾਨ ਦੇ ਸਾਹਮਣੇ ਚਲੀ ਜਾਂਦੀ ਹੈ ਜਿਸ ਨਾਲ ਆਪਸੀ ਤਕਰਾਰ ਵਧ ਰਹੀ ਹੈ । ਤਹਿਸੀਲ ਕੰਪਲੈਕਸ ਜਿੱਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਹੀ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ ।
ਪਿਛਲੇ ਹਫਤੇ ਵਿੱਚ ਕੰਪਲੈਕਸ ਦੇ ਲੱਗਭਗ 20 ਦੁਕਾਨਾਂ ਤੋਂ ਏਸੀ ਦੀਆਂ ਪਾਈਪਾਂ ਚੋਰੀ ਹੋ ਗਈਆਂ ਅਤੇ ਕਈ ਦਿਨਾਂ ਤੱਕ ਵਸੀਕੇ ਮੁੜਕੋ-ਮੁੜਕੀ ਹੁੰਦੇ ਰਹੇ । ਪ੍ਰੈਸ ਦੇ ਮਾਧਿਅਮ ਰਾਹੀਂ ਤਹਿਸੀਲ ਦਫਤਰ ਦੇ ਵਸੀਕਾ ਨਵੀਸਾਂ, ਵਕੀਲਾਂ, ਅਸ਼ਟਾਮ ਫਰੋਸ਼ਾਂ, ਫੋਟੋਗਰਾਫਰਾਂ ਅਤੇ ਕੰਮਾਂ ਲਈ ਆਉਂਦੇ ਲੋਕਾਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਅਪੀਲ ਕੀਤੀ ਕਿ ਤਹਿਸੀਲ ਦਫਤਰ ‘ਚ ਸਫਾਈ ਦਾ ਪੁਖਤਾ ਹੱਲ ਕੀਤਾ ਜਾਵੇ ਅਤੇ ਸੁਰੱਖਿਆ ਗਾਰਡ ਦੀ ਡਿਊਟੀ ਲਗਾ ਕੇ ਕੰਪਲੈਕਸ ਦੀ ਸੁਰੱਖਿਆ ਵੀ ਮਜ਼ਬੂਤ ਕੀਤੀ ਜਾਵੇ ।
ਜ਼ਿਕਰਯੋਗ ਹੈ ਕਿ ਪਹਿਲੇ ਤਹਿਸੀਲਦਾਰ ਜਿੱਥੇ ਆਪਣੇ ਦਫਤਰ ਅਤੇ ਨਿੱਜੀ ਵਾਸ਼ਰੂਮ ਦੀ ਸਫਾਈ ਦਾ ਧਿਆਨ ਰੱਖਦੇ ਸਨ ਉੱਥੇ ਹੀ ਜਨਤਾ ਦੇ ਵਰਤੋਂ ਲਈ ਬਣੇ ਵਾਸ਼ਰੂਮਾਂ ਸਮੇਤ ਸਮੁੱਚੇ ਕੰਪਲੈਕਸ ਦੀ ਸਫਾਈ ਦਾ ਵੀ ਧਿਆਨ ਰੱਖਦੇ ਸਨ ।