ਮਾਮਲਾ ਐਨ.ਓ.ਸੀ. ਦਾ “ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ”
ਮਲੇਰਕੋਟਲਾ, 23 ਦਸੰਬਰ (ਬਿਉਰੋ): ਪੰਜਾਬ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਪਲਾਟ, ਦੁਕਾਨ, ਮਕਾਨ ਆਦਿ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਹਨ । ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਬਿਨ੍ਹਾ ਐਨਓਸੀ ਤੋਂ ਰਜਿਸਟਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ । ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਕਿ ਅਣ-ਅਧਿਕਾਰਤ ਕਲੋਨੀਆਂ ਦੀ ਰੈਗੂਲਾਈਜੇਸ਼ਨ ਸਬੰਧੀ ਪਾਲਿਸੀ ਬਣਾਈ ਜਾਵੇ ਪਰੰਤੂ ਸਰਕਾਰ ਅੱਜ ਤੱਕ ਇਸ ਸਬੰਧੀ ਕੋਈ ਪੁੱਖਤਾ ਪਾਲਿਸੀ ਨਹੀਂ ਬਣਾ ਸਕੀ, ਐਨਓਸੀ ਲਈ ਆਨਲਾਈਨ ਪੋਰਟਲ ਬਣਾ ਦਿੱਤਾ ਪਰੰਤੂ ਐਨਓਸੀ ਲੰਬੀ ਜੱਦੋਜਹਿਦ ਅਤੇ ਸਿਆਸੀ ਦਬਾਅ ਜਾਂ ਭ੍ਰਿਸ਼ਟਾਚਾਰ ਤੋਂ ਬਿਨ੍ਹਾਂ ਫਿਰ ਵੀ ਨਹੀਂ ਮਿਲ ਰਹੀ । ਮਹੀਨਿਆਂ ਤੋਂ ਲੋਕ ਆਪਣੀਆਂ ਜਾਇਦਾਦਾਂ ਦੀ ਵੇਚ-ਖਰੀਦ ਲਈ ਰਜਿਸਟਰੀਆਂ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ।
“ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ”
ਉਹਨਾਂ ਮਸ਼ਹੂਰ ਪੰਜਾਬੀ ਗਾਣੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਤੌਰ ‘ਤੇ ਸਾਰੇ ਮਸਲੇ ਸੁਲਝਾਉਣ ਲਈ ਕੌਂਸਲਰ, ਵਿਧਾਇਕ, ਸਾਂਸਦ ਜਾਂ ਮੁੱਖ ਮੰਤਰੀ ਕੋਲ ਗੁਹਾਰ ਲਗਾਈ ਜਾਂਦੀ ਹੈ ਪਰੰਤੂ ਇਹ ਪ੍ਰਕਿਰਿਆ ਦੋ ਵਾਰ ਦੁਹਰਾੳਣ ‘ਤੇ ਵੀ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਜਿਸ ਕਾਰਣ ਮਜ਼ਬੂਰੀਵਸ਼ ਮਾਣਯੋਗ ਗਵਰਨਰ ਪੰਜਾਬ ਦੇ ਦਰਬਾਰ ਵਿੱਚ ਬੇਨਤੀ ਕਰਨੀ ਪੈ ਰਹੀ ਹੈ । ਇੱਕ ਪੱਤਰ ਮਾਣਯੋਗ ਗਵਰਨਰ ਪੰਜਾਬ ਨੂੰ ਭੇਜਿਆ ਗਿਆ ਜਿਸ ਵਿੱਚ ਸੂਬੇ ਦੇ ਸੰਵਿਧਾਨਕ ਮੁੱਖੀ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਨਾਲ ਗੱਲਬਾਤ ਕਰਕੇ ਰਜਿਸਟਰੀਆਂ ਦੇ ਭੰਬਲਭੂਸੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਦਿਲਵਾਈ ਜਾਵੇ । ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮਾਲ ਮੰਤਰੀ ਪੰਜਾਬ, ਵਿਧਾਇਕ ਮਲੇਰਕੋਟਲਾ ਨੂੰ 11-08-2023 ਅਤੇ 30-09-2023 ਨੂੰ ਇਸ ਸਬੰਧੀ ਤਫਸੀਲ ਨਾਲ ਮੰਗ ਪੱਤਰ ਭੇਜ ਚੁੱਕੇ ਹਨ ਪਰੰਤੂ ਮਹੀਨੇ ਬੀਤ ਜਾਣ ਤੋਂ ਬਾਦ ਵੀ ਮੁੱਖ ਮੰਤਰੀ ਦਫਤਰ ਤੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਇਸ ਦਿਸ਼ਾ ਵਿੱਚ ਕੋਈ ਕਾਰਵਾਈ ਹੋਈ ।
ਐਡਵੋਕੇਟ ਮੁਹੰਮਦ ਜਮੀਲ ਨੇ ਦੱਸਿਆ ਕਿ ਇੱਕ ਤਹਿਸੀਲ ਵਿੱਚ 70-80 ਰਜਿਸਟਰੀਆਂ ਹੁੰਦੀਆਂ ਸਨ ਹੁਣ ਐਨਓਸੀ ਦੇ ਝਮੇਲੇ ਕਾਰਣ ਸਿਰਫ 5-10 ਰਜਿਸਟਰੀਆਂ ਹੀ ਹੋ ਰਹੀਆਂ ਹਨ ਜਿਸ ਕਾਰਣ ਜਿੱਥੇ ਸਰਕਾਰ ਦੇ ਮਾਲੀਏ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਆਮ ਲੋਕਾਂ ਦਾ ਜੀਵਨ ਵੀ ਥਮ ਗਿਆ ਹੈ । ਇੱਕ ਪਲਾਟ ਵਿਕਣ ਨਾਲ ਕਚਹਿਰੀ ‘ਚ ਕੰਮ ਕਰਦੇ ਅਸ਼ਟਾਮ ਫਰੋਸ਼, ਨਕਸ਼ਾ ਨਵੀਸ, ਵਸੀਕਾ ਨਵੀਸ, ਰਾਜ ਮਿਸਤਰੀ, ਮਜ਼ਦੂਰ, ਪਲੰਬਰ, ਇਲੈਕਟ੍ਰੀਸ਼ਨ, ਰੇਤ, ਬਜ਼ਰੀ, ਸੀਮਿੰਟ ਵਿਕਰੇਤਾ, ਸੈਨੀਟਰੀ, ਨਗਰ ਕੌਂਸਲ ਅਤੇ ਤਹਿਸੀਲ ਦਫਤਰ ਦਾ ਮਾਲੀਆ ਵਧਦਾ ਹੈ ।
ਉਹਨਾਂ ਕਿਹਾ ਕਿ ਜ਼ਿਲ੍ਹਾ ਹੋਣ ਦੇ ਬਾਵਜੂਦ ਲੰਬੇ ਅਰਸੇ ਤੋਂ ਕੋਈ ਤਹਿਸੀਲਦਾਰ ਮਲੇਰਕੋਟਲਾ ਵਿਖੇ ਤਾਇਨਾਤ ਨਹੀਂ ਹੈ ਤਹਿਸੀਲ ਦਫਤਰ ਅਹਿਮਦਗੜ੍ਹ ਦੇ ਤਹਿਸੀਲਦਾਰ ਹੀ ਵਾਧੂ ਚਾਰਜ ਨਾਲ ਮਲੇਰਕੋਟਲਾ ਦਾ ਡੰਗ ਟਪਾ ਰਹੇ ਹਨ ।