ਪੁਲਸ ਦਾ ਵਕੀਲ ‘ਤੇ ਅਣਮਨੁੱਖੀ ਤਸ਼ੱਦਦ ਨਾ ਕਾਬਿਲੇ ਬਰਦਾਸ਼ਤ, ਆਰੋਪੀ ਪੁਲਸ ਮੁਲਾਜ਼ਮਾਂ ਖਿਲਾਫ ਹੋਵੇ ਸਖਤ ਕਾਰਵਾਈ- ਮੁਹੰਮਦ ਜਮੀਲ
ਮਲੇਰਕੋਟਲਾ, 27 ਸਤੰਬਰ (ਬਿਉਰੋ): ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਵੱਲੋ ਇੱਕ ਵਕੀਲ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਮਾਮਲੇ ਨੇ ਕਈ ਦਹਾਕੇ ਪਿਛਲੇ ਦੌਰ ਨੂੰ ਦੁਹਰਾ ਦਿੱਤਾ ਹੈ । ਪੁਲਸ ਦੇ ਇਸ ਗੈਰ ਇਨਸਾਨੀ ਵਤੀਰੇ ਨੇ ਵਿਸ਼ਵ ਭਰ ਵਿੱਚ ਪੰਜਾਬ ਪੁਲਸ ਦਾ ਅਕਸ਼ ਖਰਾਬ ਕੀਤਾ ਹੈ । ਹਿਊਮਨ ਰਾਈਟਸ ਐਕਟੀਵਿਸਟ, ਸਮਾਜਸੇਵੀ ਜੱਥੇਬੰਦੀਆਂ ਅਤੇ ਜਾਗਦੇ ਜ਼ਮੀਰ ਵਾਲੇ ਲੋਕ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਪੁਲਸ ਦੇ ਇਸ ਰਵੱਈਏ ਦੀ ਘੋਰ ਨਿੰਦਾ ਕਰਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਦਾਰਾ ਅਬੂ ਜ਼ੈਦ ਦੇ ਬਿੳਰੋ ਚੀਫ ਮੁਹੰਮਦ ਜਮੀਲ ਐਡਵੋਕੇਟ ਨੇ ਪ੍ਰੈਸ ਕਰਕੇ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਿਸੇ ਵੀ ਦੇਸ਼, ਸੂਬੇ ਅਤੇ ਸ਼ਹਿਰ ਅੰਦਰ ਜੁਰਮ ਨੂੰ ਠੱਲ ਪਾਉਣ ਲਈ ਪੁਲਸ, ਵਕੀਲ, ਪ੍ਰੈਸ ਅਤੇ ਜਨਤਾ ਦਾ ਤਾਲਮੇਲ ਬਹੁਤ ਜਰੂਰੀ ਹੈ । ਪਰੰਤੂ ਪੁਲਸ ਦੇ ਇਸ ਘੁਮੰਡੀ ਰਵੱਈਏ ਨੇ ਸਮਾਜ ਦੇ ਇਸ ਤਾਣੇ-ਬਾਣੇ ਨੂੰ ਢਾਹ ਲਗਾ ਦਿੱਤੀ ਹੈ । ਅੱਜ ਪੰਜਾਬ ਅੰਦਰ ਪੁਲਸ ਅਤੇ ਵਕੀਲ ਭਾਈਚਾਰਾ ਆਹਮਣੇ ਸਾਹਮਣੇ ਹੈ । ਪੁਲਸ ਦੇ ਕਹਿਣ ਮੁਤਾਬਕ ਜੇਕਰ ਵਕੀਲ ਵਰਿੰਦਰ ਸਿੰਘ ਦੀ ਕਿਸੇ ਕਿਸਮ ਦੀ ਕੇਸ ਵਿੱਚ ਸ਼ਮੂਲੀਅਤ ਸੀ ਤਾਂ ਪੁਲਸ ਉਸ ਉੱਪਰ ਕਾਨੂੰਨੀ ਤਰੀਕੇ ਨਾਲ ਪਰਚਾ ਦੇ ਦਿੰਦੀ ਪਰੰਤੂ ਜਿਸ ਤਰ੍ਹਾਂ ਪੁਲਸ ਨੇ ਵਕੀਲ ਵਰਿੰਦਰ ਸਿੰਘ ਨੂੰ ਥਰਡ ਡਿਗਰੀ ਦੇ ਕੇ ਗੈਰ ਇਨਸਾਨੀ ਤਸ਼ੱਦਦ ਕੀਤਾ ਹੈ ਬਹੁਤ ਹੀ ਸ਼ਰਮਨਾਕ ਹੈ ਜਿਸ ਨੂੰ ਇੱਕ ਸੱਭਿਅਕ ਸਮਾਜ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰੋਪੀ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਤੁਰੰਤ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿਛੇ ਸੁੱਟਿਆ ਜਾਵੇ ਤਾਂ ਜੋ ਸੂਬੇ ਦੀ ਪੁਲਸ ਦਾ ਅਕਸ ਹੋਰ ਖਰਾਬ ਨਾ ਹੋਵੇ ਅਤੇ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ।
ਕੀ ਹੈ ਪੂਰਾ ਮਾਮਲਾ?
ਪੰਜਾਬ ਦੇ ਥਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਕੀਲ ਆਪਣੇ ਕਿਸੇ ਕੇਸ ਸਬੰਧੀ ਜਾਣਕਾਰੀ ਲੈਣ ਲਈ ਜਾਂਦਾ ਹੈ ਅਤੇ ਪੁਲਸ ਮੁਲਾਜ਼ਮਾਂ ਨਾਲ ਉਸ ਦੀ ਤਕਰਾਰ ਹੋ ਜਾਂਦੀ ਹੈ, ਜਿਸ ਕਾਰਣ ਪੁਲਸ ਉਸ ਦੀ ਕੁੱਟਮਾਰ ਕਰਦੀ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ ਸੁੱਟ ਦਿੰਦੀ ਹੈ । ਪੰਜਾਬ ਦੇ ਮਾਰੂਫ ਮੀਡੀਆ ਅਦਾਰੇ ਅਜੀਤ ਦੇ ਹਵਾਲੇ ਨਾਲ ਇੰਸਪੈਕਟਰ ਰਮਨ ਕੁਮਾਰ ਕੰਬੋਜ਼ ਇੰਚਾਰਜ ਸੀ.ਆਈ.ਏ. ਸਟਾਫ, ਰਮਨਦੀਪ ਸਿੰਘ ਭੁੱਲਰ ਐਸ.ਪੀ. (ਇਨਵੈਸਟੀਗੇਸ਼ਨ) ਡੀ.ਪੀ.ਓ. ਆਫਿਸ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਪੀ.ਐਚ.ਜੀ. ਦਾਰਾ ਸਿੰਘ ਸਾਰੇ ਕਰਮਚਾਰੀ ਸੀ.ਆਈ.ਏ. ਸਟਾਫ ਖਿਲਾਫ ਆਈ.ਪੀ.ਸੀ. ਦੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ । ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਪੀੜਤ ਵਕੀਲ ਵਰਿੰਦਰ ਸਿੰਘ ਦੀ ਹੱਡਬੀਤੀ ਸੁਣਨ ਮਗਰੋਂ ਉਹਨਾਂ ਦਾ ਦੁਬਾਰਾ ਮੈਡੀਕਲ ਕਰਵਾਇਆ ਗਿਆ ਸੀ । ਜਿਸ ਵਿੱਚ ਸੱਟਾਂ ਦੇ ਕਈ ਨਿਸ਼ਾਨ ਆਏ ਹਨ । ਇਸ ਤੋਂ ਇਲਾਵਾ ਸਰੀਰਕ ਸ਼ੋਸ਼ਣ ਅਤੇ ਅਣਮਨੁੱਖੀ ਤਸ਼ੱਦਦ ਦੀ ਗੱਲ ਸਾਹਮਣੇ ਆਈ ਸੀ । ਜਿਸ ਨੂੰ ਲੈ ਕੇ ਜੱਜ ਸਾਹਿਬਾਨ ਨੇ ਸਤੰਬਰ ਨੂੰ ਦੋਸ਼ੀ ਅਧਿਕਾਰੀਆਂ, ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ ਪਰ ਸੋਮਵਾਰ ਤੱਕ ਪਰਚਾ ਦਰਜ ਨਾ ਕਰਨ ਕਰਕੇ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਸਖਤ ਨੋਟਿਸ ਲੈਂਦਿਆਂ ਜ਼ਿਲ੍ਹਾ ਕਚਿਹਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਕਰ ਦਿੱਤੀ ਤੇ ਵਕੀਲਾਂ ਨੇ ਆਪਣਾ ਕੰਮਕਾਜ ਠੱਪ ਕਰਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਰੱਖੀ ਸੀ । ਇਸ ਤੋਂ ਇਲਾਵਾ ਬਾਰ ਕੌਂਸਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੇ ਵੀ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦੇ ਦਿੱਤੀ ਸੀ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਕੀਲ ਹੜਤਾਲ ਤੇ ਚਲੇ ਵੀ ਗਏ ਸੀ । ਜਿਸ ਮਗਰੋਂ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ । ਜ਼ਿਕਰਯੋਗ ਹੈ ਕਿ ਵਕੀਲ ਵਰਿੰਦਰ ਸਿੰਘ ਖਿਲਾਫ ਵੀ ਵੱਖ-ਵੱਖ ਧਾਰਾਵਾਂ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਸ ਦਰਜ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ । ਦੂਜੇ ਪਾਸੇ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਅਤੇ ਹੋਰ ਮੰਗਾਂ ਨੂੰ ਲੈ ਕੇ ਵਕੀਲ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ ।
ਫੋਟੋ ਕੈਪਸ਼ਨ: ਵਕੀਲ ਸਾਹਿਬਾਨ ਸ੍ਰੀ ਮੁਕਤਸਰ ਸਾਹਿਬ ਸਾਥੀ ਪੀੜ੍ਹਤ ਵਕੀਲ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ।



