ਸਿਵਲ ਹਸਪਤਾਲ ਨੂੰ ਐਮਆਰਆਈ, ਸੀਟੀ ਸਕੈਨ ਅਤੇ ਸਪੈਸ਼ਲ ਡਾਕਟਰ ਵੀ ਹੋਣਗੇ ਉਪਲਬਧ : ਐਡਵੋਕੇਟ ਕਿੰਗਰ
ਮਾਲੇਰਕੋਟਲਾ 15 ਮਈ (ਅਬੂ ਜ਼ੈਦ): ਲੰਬੇ ਅਰਸੇ ਤੋਂ ਮਲੇਰਕੋਟਲਾ ਦੇ ਲੋਕ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਸਨ । ਸਮੇਂ-ਸਮੇਂ ‘ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰੰਤੂ ਸਿਵਲ ਹਸਪਤਾਲ ਮਲੇਰਕੋਟਲਾ ਦੀ ਹਾਲਤ ਜਿਉਂ ਦੀ ਤਿਉਂ ਰਹੀ ਭਾਵੇਂਕਿ ਸਿਆਸੀ ਆਗੂ ਅਤੇ ਵਿਧਾਇਕ ਆਪਣੀ ਰਾਜਨੀਤੀ ਚਮਕਾਉਣ ਲਈ ਲੱਫਾਜ਼ੀ ਕਰਦੇ ਰਹੇ ਹਨ । ਪਿਛਲੇ ਦਿਨੀਂ ਮਲੇਰਕੋਟਲਾ ਦੇ ਇੱਕ ਜੁਝਾਰੂ ਸਮਾਜਸੇਵੀ ਬੇਅੰਤ ਕਿੰਗਰ ਸਾਬਕਾ ਕੌਂਸਲਰ ਦੇ ਸਾਹਿਬਜ਼ਾਦੇ ਨੌਜਵਾਨ ਵਕੀਲ ਭੀਸ਼ਮ ਕਿੰਗਰ ਨੇ ਸ਼ਹਿਰ ਦੀ ਗਰੀਬ, ਮਿਹਨਤਕਸ਼ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦਿਲਵਾਉਣ ਦਾ ਬੀੜਾ ਚੁੱਕਿਆ । ਵਕੀਲ ਕਿੰਗਰ ਨੇ ਮਾਣਯੋਗ ਪੰਜਾਬ ਐਂਡ ਰਹਿਆਣਾ ਹਾਈਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ ਲਾਜਵਾਬ ਕਰ ਦਿੱਤਾ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਭੀਸ਼ਮ ਕਿੰਗਰ ਨੇ ਦੱਸਿਆ ਕਿ 13 ਮਈ ਨੂੰ ਹੋਈ ਸੁਣਵਾਈ ‘ਚ ਮਲੇਰਕੋਟਲਾ ਸਮੇਤ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ । ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀਆਂ 39 ਪੋਸਟਾਂ ਚੋਂ 20 ਤੇ ਡਾਕਟਰ ਨਿਯੁਕਤ ਹੋ ਚੁੱਕੇ ਹਨ ਪਰੰਤੂ ਅਜੇ ਵੀ 19 ਪੋਸਟਾਂ ਖਾਲੀ ਹਨ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਕਿ ਬਹੁਤ ਜਲਦ ਖਾਲੀ ਪੋਸਟਾਂ ਤੇ ਡਾਕਟਰ ਪੁਰੇ ਕਰ ਦਿੱਤੇ ਜਾਣਗੇ । ਉਹਨਾਂ ਦੱਸਿਆ ਕਿ ਉਹਨਾਂ ਦੀ ਪੀਆਈਐਲ ਦਾ ਦਾਇਰਾ ਵਧਾਉਂਦੇ ਹੋਏ ਮਾਨਯੋਗ ਹਾਈਕੋਰਟ ਨੇ ਉਸਨੂੰ ਪੰਜਾਬ ਪੱਧਰ ਦੀ ਪੀਆਈਐਲ ਦਾ ਦਰਜਾ ਦੇ ਦਿੱਤਾ ਹੈ। ਸਰਕਾਰ ਦਾ ਪੱਖ ਰੱਖਦਿਆਂ ਵਕੀਲ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 6 ਹਜ਼ਾਰ ਪੋਸਟਾਂ ਵਿੱਚੋਂ 2956 ਮੈਡੀਕਲ ਅਫਸਰਾਂ ਅਤੇ ਸਪੈਸ਼ਲ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ ਜਿਸ ਦੇ ਮੱਦੇ ਨਜ਼ਰ ਚੀਫ ਸਕੱਤਰ ਵੱਲੋਂ ਪੇਸ਼ ਕੀਤੇ ਗਏ ਹਲਫੀਆ ਬਿਆਨ ਵਿੱਚ ਦੱਸਿਆ ਕਿ 1000 ਡਾਕਟਰਾਂ ਦੀ ਨਿਯੁਕਤੀ ਲਈ ਇਸ਼ਤਿਆਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਉਹਨਾਂ ਦੀ ਭਰਤੀ ਹੋ ਜਾਵੇਗੀ ਇਸ ਮੌਕੇ ਉਹਨਾਂ ਭਰਤੀ ਸਬੰਧੀ ਦਿੱਤੇ ਗਏ ਇਸ਼ਤਿਆਰ ਦੀ ਨਕਲ ਵੀ ਪੇਸ਼ ਕੀਤੀ । ਐਡਵੋਕੇਟ ਭੀਸ਼ਮ ਕਿੰਗਰ ਵੱਲੋਂ ਮਲੇਰਕੋਟਲਾ ਸਿਵਲ ਹਸਪਤਾਲ ਵਿਖੇ ਸਪੈਸ਼ਲ ਡਾਕਟਰ ਜਿਵੇਂ ਕਿ ਗਾਇਨੀ, ਸਕਿਨ, ਰੇਡੀਓਲੌਜਿਸਟ, ਬੀਟੀਓ ਅਤੇ ਅੱਖਾਂ ਦੀ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਬਾਰੇ ਦੱਸਣ ਤੇ ਪੰਜਾਬ ਸਰਕਾਰ ਨੇ ਭਰੋਸਾ ਦਵਾਇਆ ਕਿ ਇਹਨਾਂ ਤੇ ਜਲਦ ਅਮਲ ਹੋਵੇਗਾ । ਮਲੇਰਕੋਟਲੇ ਲਈ ਐਮਆਰਆਈ ਅਤੇ ਸੀਟੀ ਸਕੈਨ ਦੀ ਵੀ ਮੰਗ ਕੀਤੀ ਸੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਅਨੁਸਾਰ ਪੂਰੇ ਪੰਜਾਬ ਨੂੰ ਤਿੰਨ ਕਲਸਟਰਾਂ ਵਿੱਚ ਵੰਡ ਕੇ ਐਮਆਰਆਈ ਅਤੇ ਸਿਟੀ ਸਕੈਨ ਮਸ਼ੀਨਾਂ ਦੀ ਉਪਲਬਧੀ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਹੈ ਅਤੇ ਸਮੁੱਚੇ ਪੰਜਾਬ ਲਈ ਟੈਂਡਰ ਦੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਜਲਦ ਹੀ ਮਲੇਰਕੋਟਲਾ ਸਿਵਲ ਹਸਪਤਾਲ ਸਮੇਤ ਬਾਕੀ ਜ਼ਿਲ੍ਹਿਆਂ ਲਈ ਐਮਆਰਆਈ ਅਤੇ ਸਿਟੀ ਸਕੈਨ ਮਸ਼ੀਨਾਂ ਦੀ ਉਪਲਬਧੀ ਹੋ ਜਾਵੇਗੀ।
ਫੋਟੋ ਕੈਪਸ਼ਨ: ਮਲੇਰਕੋਟਲਾ ਸਮਾਜਸੇਵੀ ਬੇਅੰਤ ਕਿੰਗਰ ਸਾਬਕਾ ਕੌਂਸਲਰ ਦੇ ਸਾਹਿਬਜ਼ਾਦੇ ਨੌਜਵਾਨ ਵਕੀਲ ਭੀਸ਼ਮ ਕਿੰਗਰ ਦੀ ਤਸਵੀਰ ।



