ਮੁਸਲਿਮ ਭਾਈਚਾਰੇ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਖਬਰਗੀਰੀ, ਮੋਰਚੇ ਨੂੰ ਸਮਰਥਨ ਦਾ ਦਿੱਤਾ ਪੂਰਾ ਭਰੋਸਾ
ਮਲੇਰਕੋਟਲਾ, 02 ਦਸੰਬਰ (ਬਿਉੋਰੋ): 13 ਫਰਵਰੀ 2024 ਤੋਂ ਕਿਸਾਨ ਯੂਨੀਅਨਾਂ ਦੇ ‘ਦਿੱਲੀ ਕੂਚ’ ਨੂੰ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਬਾਰਡਰਾਂ ਸ਼ੰਭੂ ਅਤੇ ਖਨੌਰੀ ਉੱਤੇ ਰੋਕ ਲਿਆ । ਉਦੋਂ ਤੋਂ ਹੀ ਕਿਸਾਨ ਪੱਕੇ ਮੋਰਚੇ ਲਗਾਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਬੈਠੇ ਹਨ । 9 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਉੱਤੇ ਵੀ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ । ਇੱਕ ਪਾਸੇ ਸੰਭੂ ਬਾਰਡਰ ਉੱਤੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 6 ਦਸੰਬਰ ਤੋਂ ਪੈਦਲ ਜੱਥਿਆਂ ਦੇ ਰੂਪ ਵਿੱਚ ਕਿਸਾਨ ਦਿੱਲੀ ਕੂਚ ਕਰਨਗੇ ਅਤੇ ਦੂਜੇ ਪਾਸੇ ਸਰਕਾਰਾਂ ਦੇ ਇਸ ਘੁਮੰਡੀ ਰਵੱਈਏ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ (ਸਿਧੂਪੁਰ) ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਰਾਸ਼ਟਰੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਉੱਤੇ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਖਬਰਗੀਰੀ ਅਤੇ ਕਿਸਾਨ ਮੋਰਚੇ ਨੂੰ ਸਮਰਥਨ ਦੇਣ ਲਈ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ਹਾਜੀ ਮੁਹੰਮਦ ਬਾਬੂ, ਚੌਧਰੀ ਲਿਆਕਤ ਅਲੀ ਬਨਭੌਰਾ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ‘ਚ ਖਨੌਰੀ ਪਹੁੰਚਿਆ ਅਤੇ ਉਹਨਾਂ ਦੀ ਸਿਹਤਯਾਬੀ ਲਈ ਦੁਆ ਕੀਤੀ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਆਗੂ ਸ. ਡੱਲੇਵਾਲ ਦੀ ਸਿਹਤ ਠੀਕ ਹੈ, ਭਾਵੇਂ ਛੇ ਦਿਨਾਂ ਦੇ ਮਰਨ ਵਰਤ ਕਾਰਣ ਵਜ਼ਨ ਘਟ ਗਿਆ ਹੈ ਪਰੰਤੂ ਉਹਨਾਂ ਦਾ ਜਜ਼ਬਾ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ । ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਸਮੇਤ ਸਾਰੀਆਂ ਕਿਸਾਨੀ ਮੰਗਾਂ ਨਹੀਂ ਮੰਨਦੀ ਮਰਨ ਵਰਤ ਜਾਰੀ ਰਹੇਗਾ । ਜੇਕਰ ਮੇਰੀ ਸ਼ਹਾਦਤ ਹੋ ਜਾਂਦੀ ਹੈ ਤਾਂ ਹਜ਼ਾਰਾਂ ਡੱਲੇਵਾਲ ਮਰਨ ਵਰਤ ਉੱਤੇ ਬੈਠਣ ਲਈ ਕਤਾਰ ਵਿੱਚ ਹਨ । ਇਸ ਮੌਕੇ ਸ. ਡੱਲੇਵਾਲ ਨੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਮੋਰਚਿਆਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰੋ ਕਿਉਂਕਿ ਇਹ ਮੋਰਚਾ ਕਿਸੇ ਧਰਮ, ਜਾਤ, ਨਸਲ ਜਾਂ ਖਿੱਤੇ ਦਾ ਨਹੀਂ ਹੈ ਬਲਕਿ ਸਮਾਜ ਦੇ ਹਰ ਵਰਗ ਦਾ ਹੈ । ਉਹਨਾਂ ਕਿਹਾ ਕਿ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ 2021 ਦੇ ਦਿੱਲੀ ਕਿਸਾਨ ਮੋਰਚੇ ਵਿੱਚ, ਅਜੋਕੇ ਮੋਰਚਿਆਂ ਖਨੌਰੀ ਅਤੇ ਸ਼ੰਭੂ ਵਿਖੇ ਕੀਤੀ ਲੰਗਰ ਸੇਵਾ ਲਈ ਕਿਸਾਨ ਯੂਨੀਅਨਾਂ ਹਮੇਸ਼ਾ ਰਿਣੀ ਰਹਿਣਗੀਆਂ । ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਅਭਿਮੰਨਯੂ ਕੋਹਾੜ, ਹਰਸ਼ਦੀਪ ਸਿੰਘ ਹਰਿਆਣਾ ਵੀ ਮੌਜੂਦ ਸਨ ।



