ਮਲੇਰਕੋਟਲਾ, 19 ਸਤੰਬਰ (ਅਬੂ ਜ਼ੈਦ): ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਉਪਰਾਲੇ ਕਰ ਰਹੀ ਸਮਾਜਸੇਵੀ ਸੰਸਥਾ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਅੱਜ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਕੁਝ ਗੰਭੀਰ ਮੁੱਦਿਆਂ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਰਾਹੀਂ ਨਸ਼ਾ ਮੁਕਤੀ ਮੁਹਿੰਮ ‘ਡਰੱਗਜ਼ ਫ਼ਰੀ ਪੰਜਾਬ’ ਤਹਿਤ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ”ਨਸ਼ਾ ਛੁਡਾਊ ਕੇਂਦਰ” ਵਿੱਚ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ, ਮੈਡੀਕਲ ਸਟੋਰਾਂ ‘ਤੇ ਸਰਿੰਜਾਂ ਅਤੇ ਨੀਡਲਾਂ ਦੀ ਵਿਕਰੀ ਡਾਕਟਰ ਦੀ ਪਰਚੀ ਤੋਂ ਬਿਨਾ ਬੰਦ ਕਰਵਾਉਣ ਤੇ ਸ਼ੱਕੀ ਮੈਡੀਕਲ ਸਟੋਰਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕਰਵਾਉਣ ਸਬੰਧੀ ਵਰਗੇ ਗੰਭੀਰ ਮੁੱਦਿਆਂ ਸਬੰਧੀ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਗਿਆ ।
ਇਸ ਸਬੰਧੀ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਵਸੀਮ ਸ਼ੇਖ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਿਤੀ 23-08-2023 ਨੂੰ ਉਕਤ ਮੰਗ ਪੱਤਰ ਦਿੱਤਾ ਗਿਆ ਸੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15 ਅਗਸਤ 2023 ਤੋਂ ਨਸ਼ਾ ਵਿਰੋਧੀ ਚਲਾਈ ਜਾ ਰਹੀ ਮੁਹਿੰਮ ‘ਡਰੱਗਜ਼ ਫ਼ਰੀ ਪੰਜਾਬ’ ਵਿੱਚ ਯੋਗਦਾਨ ਪਾਉਂਦਿਆਂ ਸਾਡੀ ਉਕਤ ਸੰਸਥਾ ਵੱਲੋਂ ਮਿਤੀ 18 ਅਗਸਤ 2023 ਤੋਂ ‘ਡਰੱਗ ਫ਼ਰੀ’ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ। ਜਿਸ ਤਹਿਤ ਸਾਡੀ ਸੰਸਥਾ ਵੱਲੋਂ ਮਾਲੇਰਕੋਟਲਾ ਸ਼ਹਿਰ ਅੰਦਰ ਅਤੇ ਮਾਲੇਰਕੋਟਲਾ ਹਲਕੇ ਅਧੀਨ ਆਉਂਦੇ ਪਿੰਡਾਂ ਵਿੱਚ ਜਾ ਕੇ ਨਾਗਰਿਕਾਂ ਨੂੰ ਨਸ਼ਿਆਂ ਦਾ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀ ਸੰਸਥਾ ਵੱਲੋਂ ਆਰੰਭ ਕੀਤੀ ਗਈ ‘ਡਰੱਗ ਫ਼ਰੀ’ ਮੁਹਿੰਮ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਸ਼ਾਸਨ ਵੱਲੋਂ ਸਾਡੀ ਸੰਸਥਾ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ।



