ਤਹਿਸੀਲ ਦਫਤਰ ਮਲੇਰਕੋਟਲਾ ‘ਚ ਭ੍ਰਿਸ਼ਟਾਚਾਰ ਦੀ ਭਰਮਾਰ, ਐਨਓਸੀ ਗਈ ਢੱਠੇ ਖੂਹ ‘ਚ
ਮਲੇਰਕੋਟਲਾ, 01 ਫਰਵਰੀ (ਅਬੂ ਜ਼ੈਦ): ਪੰਜਾਬ ਦੇ ਮੁੱੱਖ ਮੰਤਰੀ ਭਗਵੰਤ ਮਾਨ ਆਏ ਦਿਨ ਲੋਕਾਂ ਦੀ ਰਾਹਤ ਲਈ ਵੱਡੇ ਲੱਫਾਜ਼ੀ ਐਲਾਨ ਕਰਦੇ ਹਨ ਅਤੇ ਉਸ ਦਾ ਪ੍ਰਚਾਰ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਚੋਣ ਪ੍ਰਚਾਰ ਲਈ ਚਲੇ ਜਾਂਦੇ ਹਨ । ਉਹਨਾਂ ਕਦੇ ਪਿੱਛੇ ਮੁੜਕੇ ਇਹ ਨਹੀਂ ਦੇਖਿਆ ਕਿ ਜਮੀਨੀ ਪੱਧਰ ਉੱਤੇ ਕੁਝ ਹੋ ਵੀ ਰਿਹੈ ਜਾਂ “ਅੰਨ੍ਹੀ ਪੀਹਦੀਂ ਐ ਕੁੱਤੇ ਚੱਟੀ ਜਾਂਦੇ ਐ” ਵਾਲੀ ਕਹਾਵਤ ਹੀ ਠੀਕ ਹੈ । ਐਲਾਨ ਹੋਇਆ ਸੀ ਕਿ ਜਿਸਦੇ ਪਾਸ 31 ਜੁਲਾਈ ਤੋਂ ਪਹਿਲਾਂ ਦਾ ਇਕਰਾਰਾਨਾਮਾ ਹੈ ਉਹ ਬਿਨ੍ਹਾਂ ਐਨਓਸੀ ਤੋਂ ਆਪਣੇ ਪਲਾਟ ਵਗੈਰਾ ਦੀ ਰਜਿਸਟਰੀ 28 ਫਰਵਰੀ ਤੱਕ ਕਰਵਾ ਸਕਦਾ ਹੈ । ਸਾਡੇ ਪੱਤਰਕਾਰ ਨੇ ਤਹਿਸੀਲ ਦਫਤਰ ਮਲੇਰਕੋਟਲਾ ਜਾ ਕੇ ਜਮੀਨੀ ਪੱਧਰ ‘ਤੇ ਜਾਣਕਾਰੀ ਹਾਸਲ ਕੀਤੀ ਅਤੇ ਦਰਜਨਾਂ ਰਜਿਸਟਰੀਆਂ ਕਰਵਾਉਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਕਿ ਕੀ ਬਿਨ੍ਹਾਂ ਐਨਓਸੀ ਤੋਂ ਰਜਿਸਟਰੀਆਂ ਹੋ ਰਹੀਆਂ ਨੇ? ਤਾਂ ਜਵਾਬ ਮਿਲਿਆ ਕਿ ਨਹੀਂ । ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਕੋਈ ਵੀ ਰਜਿਸਟਰੀ ਬਿਨਾਂ ਰਿਸ਼ਵਤ ਲਏ ਤੋਂ ਨਹੀਂ ਕੀਤੀ ਜਾਂਦੀ । ਤਹਿਸੀਲ ਦਫਤਰ ਦੇ ਭ੍ਰਿਸ਼ਟਾਚਾਰ ਦਾ ਇਹ ਹਾਲ ਹੈ ਕਿ ਤਬਦੀਲ ਮਲਕੀਅਤ ਤੱਕ ਦੀਆਂ ਰਜਿਸਟਰੀਆਂ ਵੀ ਪੈਸੇ ਲੈ ਕੇ ਕੀਤੀਆਂ ਜਾਂਦੀਆਂ ਹਨ । ਮਲੇਰਕੋਟਲਾ ਤਹਿਸੀਲ ਅੰਦਰ ਫੈਲੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਦਿਖਾਈ ਦੇ ਰਹੀਆਂ ਹਨ । ਜੇਕਰ ਕੋਈ ਵਿਅਕਤੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਕੋਲ ਜਾਂਦਾ ਹੈ ਤਾਂ ਅਨੇਕਾਂ ਕਮੀਆਂ ਗਿਣਵਾਈਆਂ ਜਾਂਦੀਆਂ ਹਨ ਅਤੇ ਦੂਜੇ ਦਿਨ 20-30 ਹਜ਼ਾਰ ਰੁਪਏ ਦਾ ਭੁਗਤਾਨ ਕਰਕੇ ਉਹੀ ਰਜਿਸਟਰੀ ਅਸਾਨੀ ਨਾਲ ਹੋ ਜਾਂਦੀ ਹੈ । ਸੱਤਾਧਾਰੀ ਚੇਅਰਮੈਨਾਂ ਤੱਕ ਦੀ ਸਿਫਾਰਸ਼ ਵਾਲੀਆਂ ਰਜਿਸਟਰੀਆਂ ਵੀ ਬਿਨਾਂ ਪੈਸੇ ਤੋਂ ਪਟਕਾ ਕੇ ਮਾਰੀਆਂ ਜਾਂਦੀਆਂ ਹਨ ਅਤੇ ਅਗਲੇ ਹਫਤੇ ਰਿਸ਼ਵਤ ਦੀ ਰਸਮੀ ਕਾਰਵਾਈ ਪੂਰੀ ਕਰਕੇ ਉਹੀ ਰਜਿਸਟਰੀ ਹੋ ਜਾਂਦੀ ਹੈ । ਆਮ ਆਦਮੀ ਪਾਰਟੀ ਦੇ ਵਿਧਾਇਕ, ਚੇਅਰਮੈਨ, ਕੌਂਸਲਰ, ਅਹੁੱਦੇਦਾਰ, ਵਲੰਟੀਅਰ ਮੂਕ ਦਰਸ਼ਕ ਬਣਕੇ ਆਪਣੀ ਸਰਕਾਰ ‘ਚ ਆਪਣੇ ਆਪ ਨੂੰ ਬੇਬਸ਼ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ । ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਇੱਕ ਪੀੜਿਤ ਵਿਅਕਤੀ ਨੇ ਦੱਸਿਆ ਕਿ ਮੈਂ ਆਮ ਆਦਮੀ ਪਾਰਟੀ ਦਾ ਮੁੱਢਲਾ ਮੈਂਬਰ ਹਾਂ, ਆਪਣੇ ਘਰ ਦੀ ਰਜਿਸਟਰੀ (ਤਬਦੀਲ ਮਲਕੀਅਤ) ਲਈ ਵੱਡੇ-ਵੱਡੇ ਲੀਡਰਾਂ ਦੀ ਸਿਫਾਰਸ਼ ਕਰਵਾਈ ਪਰੰਤੂ ਟਾਲ-ਮਟੋਲ ‘ਚ ਮਹੀਨਾ ਨਿਕਲ ਗਿਆ, ਫਿਰ ਪੈਸੇ ਦੇ ਕੇ ਰਾਤ ਨੂੰ ਰਜਿਸਟਰੀ ਹੋ ਗਈ । ਇਸ ਸਬੰਧੀ ਸ਼ਹਿਰ ਦੇ ਕੁਝ ਸੁਹਿਰਦ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ, ਮੁੱਖ ਮੰਤਰੀ ਅਤੇ ਮਾਲ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪਰੰਤੂ ਕੋਈ ਅਸਰ ਨਹੀਂ ਹੋਇਆ, ਇਸ ਤੋਂ ਬਾਦ ਜਲਦ ਹੀ ਮਲੇਰਕੋਟਲਾ ਤੋਂ ਇੱਕ ਵਫਦ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ । ਮਲੇਰਕੋਟਲਾ ਦੇ ਲੋਕਾਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਾਲ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਹੈ ਕਿ ਤਹਿਸੀਲ ਦਫਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਉੱਤੇ ਨੱਥ ਪਾਈ ਜਾਵੇ ਕਿਉਂਕਿ ਇਹ ਆਮ ਲੋਕਾਂ ਦੇ ਨਾਲ ਜੁੜਿਆ ਦਫਤਰ ਹੈ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ 2027 ਦੀਆਂ ਚੋਣਾਂ ‘ਚ ਲੋਕਾਂ ਨੇ ਪਾਰਟੀ ਦੇ ਵਜੂਦ ਨੂੰ ਹੀ ਖਤਮ ਕਰ ਦੇਣੈ ।



