ਜ਼ਿਲ੍ਹਾ ਮਲੇਰਕੋਟਲਾ ਦੇ 66 ਸਰਕਲਾਂ ਵਿੱਚ ਸਿਰਫ 23 ਪਟਵਾਰੀ, ਬਾਕੀ 43 ਸਰਕਲਾਂ ‘ਚ ਠਨ-ਠਨ ਗੋਪਾਲ
ਮਲੇਰਕੋਟਲਾ, 09 ਨਵੰਬਰ (ਅਬੂ ਜ਼ੈਦ): ਮਲੇਰਕੋਟਲਾ ਦੀ ਸਥਿਤੀ ਅੱਜ ਇੱਕ ਲਾਵਾਰਿਸ ਸ਼ਹਿਰ ਵਾਂਗ ਹੋ ਗਈ ਹੈ, ਕੋਈ ਇਸ ਦਾ ਵਾਲੀ ਵਾਰਸ ਨਹੀਂ ਦਿਖ ਰਿਹਾ।ਹਰ ਦਫਤਰ, ਮਹਿਕਮੇ ਵਿੱਚ ਆਮ ਜਨਤਾ ਖੱਜਲ-ਖੁਆਰ ਹੋ ਰਹੀ ਹੈ । ਸਥਾਨਕ ਵਿਧਾਇਕ ਅਤੇ ਸਿਵਲ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਕੇ ਆਪਣੀ ਹੀ ਜਨਤਾ ਦਾ ਤਮਾਸ਼ਾ ਦੇਖ ਰਹੇ ਹਨ । “ਮਲੇਰਕੋਟਲਾ ਜ਼ਿਲ੍ਹਾ ਤਾਂ ਬਣ ਗਿਆ ਪਰੰਤੂ ਅਗਲੇ ਨੇ ਮੰਨਿਆ ਨਹੀਂ” ਭਾਵ ਅੱਜ ਲੱਖਾਂ ਦੀ ਅਬਾਦੀ ਵਾਲੇ ਜ਼ਿਲ੍ਹੇ ਵਿੱਚ ਇੱਕ ਵੀ ਤਹਿਸੀਲਦਾਰ ਨਹੀਂ ਹੈ ਜਦੋਂਕਿ ਤਹਿਸੀਲ ਅਹਿਮਦਗੜ੍ਹ ਅਤੇ ਸਬ ਤਹਿਸੀਲ ਅਮਰਗੜ੍ਹ ਵਿਖੇ ਦੋ-ਦੋ ਤਹਿਸੀਲਦਾਰ ਮੌਜੂਦ ਹਨ । ਮਲੇਰਕੋਟਲਾ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਤਹਿਸੀਲਦਾਰ ਅਹਿਮਦਗੜ੍ਹ ਨੂੰ ਵਾਧੂ ਚਾਰਜ ਦੇ ਕੇ ਡੰਗ ਟਪਾਇਆ ਜਾ ਰਿਹੈ ਜੋ ਕਿ ਚੌਦਵੀਂ ਦੇ ਚੰਦ ਵਾਂਗ ਕਦੇ ਹੀ ਦਿਖਾਈ ਦਿੰਦੇ ਹਨ । ਇਸੇ ਤਰ੍ਹਾਂ ਹੀ ਪਟਵਾਰਖਾਨੇ ਦਾ ਹਾਲ ਹੈ । ਜ਼ਿਲ੍ਹਾ ਮਲੇਰਕੋਟਲਾ ਦੇ 66 ਸਰਕਲਾਂ ਵਿੱਚ ਸਿਰਫ 23 ਪਟਵਾਰੀ ਕੰਮ ਕਰ ਰਹੇ ਹਨ ਅਤੇ ਬਾਕੀ 43 ਸਰਕਲ ਖਾਲੀ ਪਏ ਹਨ ਜਿਸ ਕਾਰਣ ਲੋਕਾਂ ਨੂੰ ਰੋਜ਼ਮੱਰਾ ਦੇ ਕੰਮਕਾਜ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਟਵਾਰੀ ਸਾਡੇ ਸਮਾਜ ਦਾ ਧੁਰਾ ਹੁੰਦੇ ਹਨ, ਆਮ ਜਰੂਰਤ ਦੇ ਹਰ ਦਸਤਾਵੇਜ਼ ਲਈ ਪਟਵਾਰੀ ਦੀ ਤਸਦੀਕ ਜਰੂਰੀ ਹੁੰਦੀ ਹੈ । ਪਿਛਲੇ ਲੰਬੇ ਸਮੇਂ ਤੋਂ ਪਟਵਾਰੀ ਜਿਵੇਂ-ਕਿਵੇਂ ਕਰਕੇ ਵਾਧੂ ਸਰਕਲਾਂ ਦਾ ਕੰਮ ਕਰਕੇ ਲੋਕਾਂ ਦੇ ਮਸਲੇ ਹੱਲ ਕਰਦੇ ਰਹੇ । ਪਰੰਤੂ ਪਿਛਲੇ ਦਿਨੀਂ “ਦੀ ਰੈਵਨਿਊ ਪਟਵਾਰ ਯੂਨੀਅਨ” ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਅਤੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਤੰਜ਼ ਕਰਨੇ ਸ਼ੁਰੂ ਕਰ ਦਿੱਤੇ । ਸਟੇਜਾਂ ਤੋਂ ਪਟਵਾਰੀਆਂ ਦਾ ਮਜ਼ਾਕ ਬਣਾਉਣ ਲੱਗੇ । ਮੁੱਖ ਮੰਤਰੀ ਨੂੰ ਆਪਣੀ ਹੱਕੀ ਮੰਗਾਂ ਪ੍ਰਤੀ ਸੰਜੀਦਾ ਨਾ ਹੁੰਦੇ ਦੇਖ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ ਅਤੇ ਵਾਧੂ ਸਰਕਲਾਂ ਦੇ ਕੰਮ ਛੱਡ ਦਿੱਤੇ । ਪਟਵਾਰੀਆਂ ਅਤੇ ਮੁੱਖ ਮੰਤਰੀ ਦੀ ਇਸ ਖਿਚੋਤਾਨ ਵਿੱਚ ਆਮ ਜਨਤਾ ਪਿਸ ਕੇ ਰਹਿ ਗਈ । ਕਈ ਮਹੀਨਿਆਂ ਤੋਂ ਦਫਤਰਾਂ ਵਿੱਚ ਖੱਜਲ-ਖੁਆਰ ਹੋ ਰਹੀ ਹੈ । ਮਲੇਰਕੋਟਲਾ ਦੇ ਲੋਕਾਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਅਤੇ ਮਾਲ ਮੰਤਰੀ ਪੰਜਾਬ ਨੂੰ ਅਪੀਲ ਹੈ ਕਿ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਭਰਕੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਅਤੇ ਉਦੋਂ ਤੱਕ ਕੰਮ ਕਰ ਰਹੇ ਪਟਵਾਰੀਆਂ ਨੂੰ ਬਣਦਾ ਮਿਹਨਤਾਨਾ ਦੇ ਕੇ ਜਨਤਾ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ।



