ਪ੍ਰਾਪਰਟੀ ਦੀ ਰਜਿਸਟਰੀ ‘ਤੇ 2.25 ਫੀਸਦੀ ਦੀ ਛੋਟ 31 ਮਾਰਚ ਦੇ ਬਾਅਦ ਵੀ ਰਹੇਗੀ ਜਾਰੀ
ਚੰਡੀਗੜ੍ਹ/ਮਲੇਰਕੋਟਲਾ, 29 ਮਾਰਚ (ਅਬੂ ਜ਼ੈਦ): ਪੰਜਾਬ ਸਰਕਾਰ ਨੇ ਸੂਬੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਸ਼ਟਾਮ ਡਿਊਟੀ ਤੇ ਫੀਸ ਵਿਚ ਦਿੱਤੀ ਗਈ 2.25 ਫੀਸਦੀ ਦੀ ਛੋਟ ਨੂੰ 31 ਮਾਰਚ ਦੇ ਬਾਅਦ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਹੈ । ਮੁੱਖ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਦੇ ਬਾਅਦ ਜਲਦ ਹੀ ਹੁਕਮ ਜਾਰੀ ਹੋ ਜਾਵੇਗਾ।
ਸੂਬਾ ਸਰਕਾਰ ਨੇ ਪਿਛਲੀ 2 ਮਾਰਚ ਨੂੰ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ 31 ਮਾਰਚ ਤੱਕ ਡਿਊਟੀ ਤੇ ਫੀਸ ਵਿਚ ਕੁੱਲ 2.25 ਫੀਸਦੀ ਦੀ ਛੋਟ ਦਾ ਐਲਾਨ ਕੀਤਾ ਸੀ। ਇਸ ਵਿਚ ਇਕ ਫੀਸਦੀ ਵਾਧੂ ਅਸ਼ਟਾਮ ਡਿਊਟੀ, ਇਕ ਫੀਸਦੀ ਪੰਜਾਬ ਡਿਵੈਲਪਮੈਂਟ ਇੰਡਸਟ੍ਰੀਅਲ ਬੋਰਡ ਫੀਸ ਤੇ 0.25 ਫੀਸਦੀ ਸਪੈਸ਼ਲ ਡਿਊਟੀ ਵਿਚ ਕਟੌਤੀ ਕੀਤੀ ਗਈ ਸੀ ।
ਉਕਤ ਛੋਟ ਤੋਂ ਪਹਿਲਾਂ ਸੂਬੇ ਵਿਚ ਔਰਤਾਂ ਦੇ ਨਾਂ ‘ਤੇ ਪ੍ਰਾਪਰਟੀ ਦੀ ਰਜਿਸਟਰੀ ਫੀਸ 4 ਫੀਸਦੀ ਸੀ ਤੇ ਪੁਰਸ਼ਾਂ ਦੇ ਨਾਂ ‘ਤੇ ਰਜਿਸਟਰੀ ਫੀਸ 6 ਫੀਸਦੀ ਸੀ। ਜੁਆਇੰਟ ਰਜਿਸਟਰੀ ਦੀ ਫੀਸ 5 ਫੀਸਦੀ ਸੀ। ਸਰਕਾਰ ਨੇ 2 ਮਾਰਚ ਨੂੰ ਨਵੇਂ ਫੈਸਲੇ ਤਹਿਤ ਤਿੰਨੋਂ ਮਾਮਲਿਆਂ ਵਿਚ ਰਜਿਸਟਰੀ ਫੀਸ 1-1 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਨਾਲ ਹੀ ਇਕ ਫੀਸਦੀ ਪੰਜਾਬ ਡਿਵੈਲਪਮੈਂਟ ਇੰਡਸਟ੍ਰੀਅਲ ਬੋਰਡ ਫੀਸ ਤੇ 0.25 ਫੀਸਦੀ ਸਪੈਸ਼ਲ ਡਿਊਟੀ ਵੀ ਘੱਟ ਕਰ ਦਿੱਤੀ ਸੀ। ਛੋਟ ਦੀ ਉਕਤ ਮਿਆਦ 31 ਮਾਰਚ ਨੂੰ ਖਤਮ ਹੋ ਰਹੀ ਹੈ ਤੇ ਇਨ੍ਹੀਂ ਦਿਨੀਂ ਤਹਿਸੀਲ ਦਫਤਰਾਂ ਵਿਚ ਰਜਿਸਟੀ ਕਰਾਉਣ ਵਾਲਿਆਂ ਦੀ ਕਾਫੀ ਭੀੜ ਲੱਗੀ ਹੈ।



