ਚੰਡੀਗੜ੍ਹ/ਮਲੇਰਕੋਟਲਾ, 11 ਨਵੰਬਰ (ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 20 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ । ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿੱਥੇ ਵੱਖ ਵਿਭਾਗਾਂ, ਵਿਧਾਇਕਾਂ ਨੂੰ ਮੁਬਾਰਕਬਾਦ ਦੇ ਕਾਰਡ ਭੇਜੇ ਗਏ ਉੱਥੇ ਹੀ ਸਮੁੱਚੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਮੁੱਖ ਮੰਤਰੀ ਵੱਲੋਂ ਆਪਣੇ ਦਸਤਖਤ ਨਾਲ ਕਾਰਡ ਭੇਜਿਆ ਗਿਆ ਹੈ । ਭਾਵ ਅੱਜ ਪੰਜਾਬ ਦੇ ਹਰ ਪੱਤਰਕਾਰ ਦੇ ਟੇਬਲ ਉੱਤੇ ਭਗਵੰਤ ਮਾਨ ਦੀ ਫੋਟੋ ਮੌਜੂਦ ਹੈ । ਮੁੱਖ ਮੰਤਰੀ ਦੇ ਇਸ ਉਪਰਾਲੇ ਦੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ । ਕੁਝ ਕੁ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਵੱਡਾਪਣ ਹੈ ਕਿ ਤਿਉਹਾਰ ਦੇ ਮੌਕੇ ‘ਤੇ ਹਰ ਛੋਟੇ ਵੱਡੇ ਅਦਾਰਿਆਂ ‘ਚ ਕੰਮ ਕਰਦੇ ਪੱਤਰਕਾਰਾਂ ਨੂੰ ਮੁਬਾਰਕਬਾਦ ਭੇਜੀ ਹੈ ਦੂਜੇ ਪਾਸੇ ਇਹ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਆਪਣਾ ਪ੍ਰਚਾਰ ਕਰ ਰਹੇ ਹਨ ਸਿਰਫ ਕਾਰਡ ਭੇਜੇ ਗਏ ਹਨ ਕੋਈ ਮਿਠਾਈ ਜਾਂ ਹੋਰ ਖਾਧ ਪਦਾਰਥ ਨਹੀਂ ਭੇਜਿਆ ਗਿਆ ਜਦੋਂਕਿ ਦੀਵਾਲੀ ਨੂੰ ਤਾਂ ਸੁਭਾਵਿਕ ਹੀ ਮਿਠਾਈ ਨਾਲ ਜੋੜਕੇ ਦੇਖਿਆ ਜਾਂਦਾ ਹੈ ਸ਼ਾਇਦ ਬਜਟ ਨਹੀਂ ਹੋਵੇਗਾ ਪਰੰਤੂ ਸਾਦਗੀ ਅਤੇ ਆਮ ਆਦਮੀ ਦੀ ਦੁਹਾਈ ਦੇਣ ਵਾਲੇ ਭਗਵੰਤ ਮਾਨ ਖੁਦ, ਆਪਣੇ ਪਰੀਵਾਰ ਅਤੇ ਚਹੇਤਿਆਂ ਦਿੱਲੀ ਤੱਕ ਦੇ ਪਾਰਟੀ ਆਗੂਆਂ ਨੂੰ ਹਜ਼ਾਰਾਂ ਪੁਲਸ ਮੁਲਾਜ਼ਮਾਂ ਅਤੇ ਗੱਡੀਆਂ ਦੇ ਲਾਮ-ਲਸ਼ਕਰ ਦਿੱਤੇ ਗਏ । ਦੂਜੇ ਪਾਸੇ ਪੰਜਾਬ ਸਮੇਤ ਦੇਸ਼ ਭਰ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਹਵਾਈ ਸਫਰ, ਇਸ਼ਤਿਹਾਰਬਾਜ਼ੀ ਉੱਤੇ ਕਰੋੜਾਂ ਰੁਪਏ ਪੰਜਾਬੀਆਂ ਦੇ ਟੈਕਸ ਦੀ ਕਮਾਈ ਲੁਟਾਈ ਜਾ ਰਹੀ ਹੈ । ਦੀਵਾਲੀ ਦੀ ਸ਼ੂਗਰ ਫਰੀ ਮੁਬਾਰਕਬਾਦ ਪੱਤਰਕਾਰਾਂ ਵੱਲੋਂ ਕਬੂਲ ਤਾਂ ਕਰ ਲਈ ਗਈ ਹੈ ਪਰੰਤੂ ਸ਼ੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
