ਮੋਹਾਲੀ/ਮਲੇਰਕੋਟਲਾ, 16 ਜੂਨ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ‘ਕੌਮੀ ਇਨਸਾਫ ਮੋਰਚਾ’ ਦੀ ਅਗਵਾਈ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਨਿਰਦੋਸ਼ ਜੇਲ੍ਹਾਂ ਡੱਕੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਲਈ ਲੱਗੇ ਪੰਥਕ ਮੋਰਚੇ ‘ਚ ਸਮਾਜਸੇਵੀ ਕਾਰਕੁੰਨ, ਹਿਊਮਨ ਰਾਈਟਸ ਐਕਟੀਵਿਸਟ, ਜਾਗਦੇ ਜ਼ਮੀਰ ਵਾਲੇ ਵੱਖ-ਵੱਖ ਧਰਮਾਂ ਦੇ ਲੋਕਾਂ ਸਮੇਤ ਦੇਸ਼-ਵਿਦੇਸ਼ ਤੋਂ ਸੰਗਤਾਂ ਹਾਜ਼ਰੀ ਲਗਵਾਉਣ ਲਈ ਆ ਰਹੀਆਂ ਹਨ । 31 ਮੈਂਬਰੀ ਸਿੰਘਾਂ ਦਾ ਜੱਥਾ ਰੋਜ਼ਾਨਾ ਮੋਰਚੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਜਾਂਦਾ ਹੈ ਅਤੇ ਸੂਬੇ ਦੀ ਅੰਨ੍ਹੀ, ਬੋਲੀ, ਗੂੰਗੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ।
ਅੱਜ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਕੌਮੀ ਇਨਸਾਫ ਮੋਰਚੇ ‘ਚ ਫਲਾਂ ਦੀ ਗੱਡੀ ਸੰਗਤਾਂ ਵਿੱਚ ਤਕਸੀਮ ਕਰਕੇ ਆਪਣੀ ਹਾਜ਼ਰੀ ਲਗਾਈ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਚੌਧਰੀ ਲਿਆਕਤ ਅਲੀ ਅਤੇ ਮੁਹੰਮਦ ਜਮੀਲ ਐਡਵੋਕੇਟ ਨੇ ਕਿਹਾ ਕਿ ਮੋਰਚੇ ਦੇ ਮੁੱਖ ਪ੍ਰਬੰਧਕ ਬਾਪੂ ਗੁਰਚਰਨ ਸਿੰਘ, ਬਾਬਾ ਰਾਜਾ ਰਾਜ ਸਿੰਘ, ਮਨਮੋਹਨ ਸਿੰਘ ਨੇ ਮੁਸਲਿਮ ਭਾਈਚਾਰੇ ਦਾ ਹਾਰਦਿਕ ਸਵਾਗਤ ਕਰਦਿਆਂ ਲਗਾਤਾਰ ਹਾਜ਼ਰੀ ਲਗਵਾਉਣ ਲਈ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਹ ਮੋਰਚਾ ਇਨਸਾਨੀਅਤ ਦਾ ਹੈ ਨਾ ਕਿ ਕਿਸੇ ਧਰਮ ਵਿਸ਼ੇਸ਼ ਦਾ ਇਸ ਲਈ ਹਰ ਜ਼ਿੰਮੇਵਾਰ ਨਾਗਰਿਕ ਨੂੰ ਇੱਥੇ ਹਾਜ਼ਰੀ ਲਗਵਾਉਣੀ ਚਾਹੀਦੀ ਹੈ ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮੁਹੰਮਦ ਜਮੀਲ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਆਪਣੀ ਕੌਮ ਦੇ ਵਜੂਦ ਅਤੇ ਸਨਮਾਨ ਦੀ ਲੜਾਈ ਲੜ ਰਹੇ ਯੋਧਿਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਤੁਰੰਤ ਬਾਦ ਛੱਡ ਦੇਣਾ ਚਾਹੀਦਾ ਸੀ ਪਰੰਤੂ ਸਰਕਾਰਾਂ ਆਪਣੇ ਸਿਆਸੀ ਮੰਤਵ ਲਈ ਇਸ ਮੁੱਦੇ ਨੂੰ ਲੰਬਾ ਕਰ ਰਹੀਆਂ ਹਨ । ਸਿੱਖ ਕੌਮ ਦੇ ਆਪਸੀ ਵਖਰੇਵੇਂ ਅਤੇ ਅਵੇਸਲੇਪਣ ਨੇ ਸੂਬੇ ਨੂੰ ਮਨਮਾਨੀਆਂ ਕਰਨ ਦਾ ਮੌਕਾ ਦਿੱਤਾ । ਭਾਵੇਂ ਕਿ ਮੋਰਚਾ ਲੱਗਣ ਤੋਂ ਬਾਅਦ ਸਰਕਾਰ ਤੇ ਦਬਾਅ ਬਣਿਆ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਦੋ ਬੰਦੀ ਸਿੰਘਾਂ ਨੂੰ ਪੱਕੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋ ਹੋਰ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣ ਦੀਆਂ ਸੂਚਨਾਵਾਂ ਆ ਰਹੀਆਂ ਹਨ । ਅੱਜ ਦੇਸ਼ ਅਤੇ ਦੁਨੀਆ ਵਿੱਚ ਵੱਸਦੇ ਸਿੱਖ ਅਤੇ ਸੁਹਿਰਦ ਲੋਕ ਮੋਰਚੇ ਦੇ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਬਹੁਤ ਜਲਦ ਮੋਰਚਾ ਫਤਿਹ ਹੋਵੇਗਾ । ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਸਦੀਆਂ ਪੁਰਾਣੀ ਹੈ ਜਿਸ ਨੂੰ ਇਤਿਹਾਸ ਦੇ ਪੰਨਿਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਨਬੀ ਖਾਂ, ਭਾਈ ਗਨੀ ਖਾਂ, ਸਾਈਂ ਮੀਆਂ ਮੀਰ ਵੱਲੋਂ ਸ੍ਰੀ ਹਰਮਿੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ, ਨਵਾਬ ਸ਼ੇਰ ਮੁਹੰਮਦ ਖਾਨ ਵੱਲੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮੁਸਲਮਾਨਾਂ ਦੀ ਬਾਣੀ ਸ਼ਾਮਲ ਕਰਨ ਸਮੇਤ ਅਨੇਕਾਂ ਰੂਪਾਂ ‘ਚ ਦੇਖਿਆ ਜਾ ਸਕਦਾ ਹੈ । ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨੀਂਦ ਤੋਂ ਜਾਗ ਕੇ ਸੜਕਾਂ ਤੇ ਰੁਲ ਰਹੀ ਜਨਤਾ ਦੀ ਆਵਾਜ਼ ਸੁਨਣ ਅਤੇ ਕੌਮੀ ਇਨਸਾਫ ਮੋਰਚੇ ਦੀਆਂ ਜਾਇਜ਼ ਮੰਗਾਂ ਮੰਨਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ।
ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚੇ ਤੋਂ 31 ਮੈਂਬਰੀ ਜੱਥਾ ਰਵਾਨਾ ਹੋਣ ਮੌਕੇ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਦੌਰਾਨ ਮੁਸਲਿਮ ਸਮਾਜ ਦੇ ਲੋਕ ।