ਰੁਸਿਆਂ ਨੂੰ ਮਨਾਉਣ ਦੀ ਰੁੱਤ ਆਈ, ਲੋਕ ਸਭਾ ਚੋਣਾਂ – 2024

author
0 minutes, 0 seconds Read

‘ਆਪ’ ਵੱਲੋਂ ਰੁੱਸੇ ਆਗੂਆਂ ਅਤੇ ਵਲੰਟੀਅਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ

ਚੇਅਰਮੈਨ ਮਿੰਕੂ ਜਵੰਧਾ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਸਮਾਇਲ ਸਮੇਤ ਰੁੱਸੇ ਪਾਰਟੀ ਆਗੂਆਂ ਦੇ ਸ਼ਿਕਵੇ ਸੁਣੇ

ਮਲੇਰਕੋਟਲਾ, 30 ਜਨਵਰੀ (ਬਿਉਰੋ): ਭਾਰਤੀ ਰਾਜਨੀਤਿਕ ਪ੍ਰਣਾਲੀ ਦੀ ਇਕ ਵਿਸ਼ੇਸ਼ਤਾ ਹੈ ਕਿ ਚੋਣਾਂ ਜਿੱਤਕੇ ਸੱਤਾ ਉੱਤੇ ਕਾਬਜ਼ ਹੋਈ ਪਾਰਟੀ ਆਪਣੇ ਕਰੀਬੀਆਂ ਨੂੰ ਅਣਗੌਲਿਆਂ ਕਰਕੇ ਬਾਹਰੀ ਲੋਕਾਂ ਨੂੰ ਤਰਜੀਹ ਦਿੰਦੀ ਹੈ । ਫਿਰ ਜਦੋਂ ਅਗਲੀਆਂ ਚੋਣਾਂ ਆਉਂਦੀਆ ਹਨ ਉਸ ਵੇਲੇ ਹੀ ਪੁਰਾਣੇ ਸਾਥੀਆਂ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ।

ਇਸ ਲੜੀ ਤਹਿਤ ਅਗਲੇ ਕੁੱਝ ਮਹੀਨਿਆਂ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਤ੍ਹਾਧਾਰੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਵਿਧਾਇਕਾਂ ਦੀ ਦੋ ਵਰ੍ਹਿਆਂ ਦੀ ਕਾਰਗੁਜਾਰੀ ਦਾ ਲੇਖਾਜੋਖਾ ਕਰਦਿਆਂ ਸਥਾਨਕ ਕਾਰਨਾਂ ਕਰਕੇ ਰੁੱਸੇ ਹੋਏ ਪਾਰਟੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸੁਰੂ ਕਰ ਦਿਤੀਆਂ ਹਨ ।  ਇਨਫੋਟੈੱਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ (ਮਿੰਕੂ ਜਵੰਧਾ) ਵੱਲੋਂ ਨਗਰ ਕੌਂਸਲ ਮਲੇਰਕੋਟਲਾ ਦੇ ਦੋ ਵਾਰ ਪ੍ਰਧਾਨ ਰਹੇ ਕੌਂਸਲਰ ਮੁਹੰਮਦ ਇਸਮਾਇਲ ਅਤੇ ਸਾਬਕਾ ਕੌਂਸਲਰ ਦਰਸ਼ਨਪਾਲ ਰਿਖੀ ਸਮੇਤ ਆਮ ਆਦਮੀ ਪਾਰਟੀ ਦੇ ਕਈ ਹੋਰ ਨਰਾਜ਼ ਬੈਠੇ ਸਥਾਨਕ ਆਗੂਆਂ ਨਾਲ ਕੀਤੀ ਲੰਬੀ ਮੁਲਾਕਾਤ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲਕੇ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ । ਰਾਸ਼ਟਰੀ ਪੱਧਰ ’ਤੇ ਕਾਂਗਰਸ ਪਾਰਟੀ ਨਾਲ ‘ਇੰਡੀਆ’ ਗੱਠਜੋੜ ਵਿਚ ਸ਼ਾਮਿਲ ਆਮ ਆਦਮੀ ਪਾਰਟੀ ਦੀ ਪੰਜਾਬ ਸੂਬਾਈ ਲੀਡਰਸ਼ਿੱਪ ਵੱਲੋਂ ਇੱਕਲਿਆਂ ਲੋਕ ਸਭਾ ਚੋਣ ਲੜਨ ਦੇ ਕੀਤੇ ਜਾ ਰਹੇ ਦਾਅਵਿਆਂ ਦੌਰਾਨ ਚੇਅਰਮੈਨ ਮਿੰਕੂ ਜਵੰਧਾ ਨੂੰ ਆਗਾਮੀ ਲੋਕ ਸਭਾ ਚੋਣ ਵਿਚ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ ।

ਮਲੇਰਕੋਟਲਾ ਵਿਖੇ ਪਾਰਟੀ ਦੇ ਨਰਾਜ਼ ਆਗੂਆਂ ਨਾਲ ਹੋਈਆਂ ਮੁਲਾਕਾਤਾਂ ਬਾਰੇ ਚੇਅਰਮੈਨ ਜਵੰਧਾ ਦੇ ਫੋਨ ’ਤੇ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼ ਦੌਰਾਨ ਬੇਸ਼ੱਕ ਉਨ੍ਹਾਂ ਦੇ ਜੀਂਦ ਰੈਲੀ ਵਿਚ ਹੋਣ ਕਾਰਨ ਗੱਲ ਨਹੀਂ ਹੋ ਸਕੀ ਪ੍ਰੰਤੂ ਸਾਬਕਾ ਪ੍ਰਧਾਨ ਮੁਹੰਮਦ ਇਸਮਾਇਲ ਨੇ ਇਨ੍ਹਾਂ ਮੁਲਾਕਾਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਸਾਥੀਆਂ ਸਾਬਕਾ ਕੌਂਸਲਰ  ਦਰਸ਼ਨਪਾਲ ਰਿਖੀ,  ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ ਅਤੇ ਮੀਡੀਆ ਸਕੱਤਰ  ਸ਼ਾਹਿਦ ਜ਼ੁਬੈਰੀ ਆਦਿ ਨੇ ਆਪਣੀ ਪਾਰਟੀ ਦੀ ਸਰਕਾਰ ਦੇ ਦੋ ਵਰ੍ਹਿਆਂ ਦੌਰਾਨ ਉਨ੍ਹਾਂ ਨਾਲ ਹੋਈਆਂ ਕਥਿਤ ਵਧੀਕੀਆਂ ਦਾ ਕੱਚਾ ਚਿੱਠਾ ਚੇਅਰਮੈਨ ਮਿੰਕੂ ਜਵੰਧਾ ਸਾਹਮਣੇ ਰੱਖਿਆ ਹੈ । ਕੌਂਸਲਰ  ਮੁਹੰਮਦ ਇਸਮਾਇਲ ਮੁਤਾਬਿਕ ਉਹ ਅਤੇ ਉਨ੍ਹਾਂ ਦੀ ਪਤਨੀ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵਿਚ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁਕੇ ਹਨ । 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਸਮੁੱਚੇ ਪਰਿਵਾਰ ਅਤੇ ਰਿਸਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਦੀ ਦਿਨ ਰਾਤ ਮੱਦਦ ਕਰਨ ਦਾ ਦਾਅਵਾ ਕਰਦਿਆਂ ਇਸਮਾਇਲ ਨੇ ਚੇਅਰਮੈਨ ਮਿੰਕੂ ਜਵੰਧਾ ਨੂੰ ਦੱਸਿਆ ਕਿ ਆਪਣੇ ਵਾਰਡ ਦੇ ਰੋਕੇ ਵਿਕਾਸ ਕਾਰਜਾਂ ਖਿਲਾਫ ਆਵਾਜ਼ ਉਠਾਉਣ ਦਾ ਖਮਿਆਜ਼ਾ ਉਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਉਸ ਵੇਲੇ ਭੁਗਤਣਾ ਪੈ ਗਿਆ ਜਦੋਂ ‘ਉਪਰੋਂ’ ਆਏ ਹੁਕਮਾਂ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਸ ਦੀ ਬੇਟੀ ਦੀ ਉਸਾਰੀ ਅਧੀਨ ਕੋਠੀ ਜੇ.ਸੀ.ਬੀ. ਮਸ਼ੀਨ ਨਾਲ ਕੁੱਝ ਮਿੰਟਾਂ ਅੰਦਰ ਹੀ ਬਿਨਾਂ ਕੋਈ ਨੋਟਿਸ ਦਿੱਤੇ ਢਹਿ ਢੇਰੀ ਕਰ ਦਿਤੀ ।

ਮੁਹੰਮਦ  ਇਸਮਾਇਲ ਮੁਤਾਬਿਕ ਸਾਬਕਾ ਕੌਂਸਲਰ ਦਰਸ਼ਨਪਾਲ ਨੇ ਆਪਣੇ ਉਪਰ ਦਰਜ ਕੀਤੇ ਇਕ ਕਥਿਤ ਨਾਜ਼ਾਇਜ ਪਰਚੇ ਅਤੇ ਸ਼ਾਹਿਦ ਜ਼ੁਬੈਰੀ ਨੇ ਉਸ ਦੇ ਦਫਤਰ ਨੂੰ ਕਥਿਤ ਤੌਰ ’ਤੇ ਢਾਹੁਣ ਦੀ ਮਨਸ਼ੂਬਾਬੰਦੀ ਤਹਿਤ ਨਗਰ ਕੌਂਸਲ ਵੱਲੋਂ ਕੰਧਾਂ ਉਪਰ ਲਾਈਆਂ ਲਾਲ ਲਕੀਰਾਂ ਬਾਰੇ ਚੇਅਰਮੈਨ ਜਵੰਧਾ ਨੂੰ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਮਲੇਰਕੋਟਲਾ ਸਹਿਰ ਅੰਦਰ ‘ਉਪਰੋਂ’ ਆਉਂਦੇ ਜ਼ੁਬਾਨੀ ਹੁਕਮਾਂ ’ਤੇ ਹੋ ਰਹੀਆਂ ਕਥਿਤ ਨਾਜਾਇਜ਼ ਉਸਾਰੀਆਂ ਅਤੇ ਵਿਭਾਗਾਂ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ ਬਾਰੇ ਕੀਤੇ ਖੁਲਾਸਿਆਂ ਨੂੰ ਸੁਣ ਕੇ ਚੇਅਰਮੈਨ ਜਵੰਧਾ ਸੰਨ ਰਹਿ ਗਏ । ਪ੍ਰਾਪਤ ਜਾਣਕਾਰੀ ਮੁਤਾਬਿਕ ਜਿਲ੍ਹੇ ਦੇ ਇਕ ਵੱਡੇ ਸਿਵਲ ਅਧਿਕਾਰੀ ਦੀ ਕਥਿਤ ਭ੍ਰਿਸ਼ਟ ਕਾਰਗੁਜਾਰੀ ਦੇ ਕਿੱਸੇ ਵੀ ਮੀਟਿੰਗ ਵਿਚ ਛਾਏ ਰਹੇ । ਇਸਮਾਇਲ ਨੇ ਦੱਸਿਆ ਕਿ ਚੇਅਰਮੈਨ ਜਵੰਧਾ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਉਨ੍ਹਾਂ ਨਾਲ ਹੋਈਆਂ ਕਥਿਤ ਵਧੀਕੀਆਂ ਅਤੇ ਉਠਾਏ ਮਸਲੇ ਮੁੱਖ ਮੰਤਰੀ ਸਾਹਮਣੇ ਰੱਖਣਗੇ ।

Similar Posts

Leave a Reply

Your email address will not be published. Required fields are marked *