39 ਮਹੀਨੇ ਤੋਂ ਇਕਲੌਤੇ ਮੁਸਲਿਮ ਵਿਧਾਇਕ ਨੂੰ ਮੰਤਰੀ ਨਹੀਂ ਬਣਾਇਆ ਅਤੇ ਅੱਜ ਲੁਧਿਆਣਾ ਵਾਸੀਆਂ ਮੰਤਰੀ ਬਣਾਉਣ ਦੀਆਂ ਨੂੰ ਝੂਠੀਆਂ ਗਰੰਟੀਆਂ ਦੇ ਰਹੇ ਨੇ-ਮੁਹੰਮਦ ਜਮੀਲ ਐਡਵੋਕੇਟ
ਮਲੇਰਕੋਟਲਾ, 14 ਜੂਨ (ਅਬੂ ਜ਼ੈਦ): ਆਮ ਆਦਮੀ ਪਾਰਟੀ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਣਾ ਵੱਕਾਰੀ ਸਵਾਲ ਬਣ ਚੁੱਕਾ ਹੈ । ਪਾਰਟੀ ਪੰਜਾਬ ਸਰਕਾਰ ਦੀ ਪੂਰੀ ਤਾਕਤ ਲਗਾਕੇ ਇਸ ਚੋਣ ਨੂੰ ਜਿੱਤਣਾ ਚਾਹੁੰਦੀ ਹੈ । ਪਾਰਟੀ ਦੇ ਸੀਨੀਅਰ ਆਗੂ ਹਲਕੇ ਲਈ ਕੋਈ ਵੀ ਐਲਾਨ ਕਰਨ ਨੂੰ ਤਿਆਰ ਹਨ ਅਤੇ ਕਰ ਵੀ ਰਹੇ ਹਨ ਕਿ ਤੁਸੀਂ ਸਾਡੇ ਉਮੀਦਵਾਰ ਨੂੰ ਜਿਤਾਓ ਇਸ ਨੂੰ ਫੋਰਨ ਕੈਬਿਨਟ ਮੰਤਰੀ ਬਣਾ ਦਿੱਤਾ ਜਾਵੇਗਾ ਜਦੋਂਕਿ ਇਸ ਤੋਂ ਪਹਿਲਾਂ ਸਵਾ ਤਿੰਨ ਸਾਲ ਬੀਤ ਜਾਣ ‘ਤੇ ਵੀ ਲੁਧਿਆਣਾ ਤੋਂ ਕੋਈ ਮੰਤਰੀ ਨਹੀਂ ਬਣਾਇਆ ਗਿਆ । ਪਾਰਟੀ ਦੇ ਸਾਰੇ ਮੰਤਰੀ, ਵਿਧਾਇਕ, ਚੇਅਰਮੈਨ, ਵਲੰਟੀਅਰ ਘਰ-ਘਰ ਜਾ ਕੇ ਆਪਣੇ ਵੱਕਾਰ ਨੂੰ ਬਚਾਉਣ ਲਈ ਮਿੰਨਤ-ਖੁਸ਼ਾਮਦ ਕਰ ਰਹੇ ਹਨ ਪਰੰਤੂ ਜ਼ਮੀਨੀ ਪੱਧਰ ਤੋਂ ਦੇਖਿਆ ਜਾਵੇ ਤਾਂ ਸਾਰੇ ਯਤਨ ਬੇਅਸਰ ਨਜ਼ਰ ਆ ਰਹੇ ਹਨ । ਸੱਤਾ ‘ਚ ਹੁੰਦਿਆਂ ਸਾਰਾ ਸਰਕਾਰੀ ਤੰਤਰ ਵਰਤਕੇ ਵੀ ਪਾਰਟੀ ਇੱਕ ਸੀਟ ਲਈ ਆਪਣੀ ਲਹਿਰ ਨਹੀਂ ਬਣਾ ਸਕੀ ।
ਹਲਕੇ ਦੇ ਮੁਸਲਿਮ ਵੋਟਰਾਂ ਨੂੰ ਲੁਭਾਉਣ ਲਈ ਮਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ, ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਉਵੈਸ ਅਤੇ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਬੇਨਤੀਆਂ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਕੀਤਾ ।
ਉਹਨਾਂ ਕਿਹਾ, ਕਿੰਨੀ ਹਾਸੋਹੀਣੀ ਗੱਲ ਹੈ ਕਿ ਮਲੇਰਕੋਟਲਾ ਤੋਂ ਸਾਰੇ ਪਾਰਟੀ ਵਲੰਟੀਅਰ ਜਾ ਕੇ ਲੁਧਿਆਣਾ ਵਾਸੀਆਂ ਨੂੰ ਤਸੱਲੀਆਂ ਦੇ ਰਹੇ ਹਨ ਕਿ ਸਾਡੇ ਉਮੀਦਵਾਰ ਨੂੰ ਜਿਤਾਓ ਉਸ ਨੂੰ ਕੈਬਿਨਟ ਮੰਤਰੀ ਬਣਾਇਆ ਜਾਵੇਗਾ ਜਦੋਂਕਿ ਪਹਿਲੀਆਂ ਸਰਕਾਰਾਂ ਦੀ ਰਿਵਾਇਤ ਨੂੰ ਛਿੱਕੇ ‘ਤੇ ਟੰਗ ਭਗਵੰਤ ਮਾਨ ਦੀ ਸਰਕਾਰ ਨੇ ਮੁਸਲਿਮ ਭਾਈਚਾਰੇ ਦਾ ਹੱਕ ਮਾਰਿਆ ਹੈ । ਮੁਸਲਿਮ ਭਾਈਚਾਰੇ ਦੇ ਇਕਲੌਤੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਅਜੇ ਤੱਕ ਮੰਤਰੀ ਨਹੀਂ ਬਣਾਇਆ ਗਿਆ । ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਨੁਸਰਤ ਖਾਨ, ਅਤੇ ਨੁਸਰਤ ਇਕਰਾਮ ਖਾਨ ਨੂੰ ਮੰਤਰੀ ਅਤੇ ਫਰਜ਼ਾਨਾ ਆਲਮ ਨੂੰ ਚੀਫ ਪਾਰਲੀਮਾਨੀ ਸਕੱਤਰ, ਕਾਂਗਰਸ ਪਾਰਟੀ ਦੀ ਸਰਕਾਰ ਨੇ ਮੈਡਮ ਰਜ਼ੀਆ ਸੁਲਤਾਨਾ ਨੂੰ ਮੰਤਰੀ ਬਣਾਇਆ ਸੀ । ਉਹਨਾਂ ਲੁਧਿਆਣਾ ਪੱਛਮੀ ਦੇ ਮੁਸਲਿਮ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਤੋਂ ਪਹਿਲਾਂ ਆਗੂਆਂ ਤੋਂ ਸਵਾਲ ਜਰੂਰ ਪੁੱਛੋ ਕਿ ਇਕਲੌਤੇ ਮੁਸਲਿਮ ਵਿਧਾਇਕ ਨੂੰ ਅਜੇ ਤੱਕ ਮੰਤਰੀ ਕਿਉਂ ਨਹੀਂ ਬਣਾਇਆ ਗਿਆ? ਬਾਕੀ ਪਾਰਟੀ ਆਗੂਆਂ ਦੀਆਂ ਗਰੰਟੀਆਂ ਦਾ ਸੱਚ-ਝੂਠ 23 ਜੂਨ ਤੋਂ ਬਾਦ ਹੀ ਪਤਾ ਚੱਲੇਗਾ ਜੇਕਰ ਪਾਰਟੀ ਉਮੀਦਵਾਰ ਜਿੱਤ ਹਾਸਲ ਕਰੇ ਤਾਂ!!