ਪ੍ਰਬੰਧਕ ਬਾਬਾ ਹਿੰਦ ਸਿੰਘ ਖਾਲਸਾ ਨੂੰ ਕੀਤਾ ਹਾਊਸ ਅਰੈਸਟ
ਅਮ੍ਰਿਤਸਰ/ਮਲੇਰਕੋਟਲਾ, 07 ਅਪ੍ਰੈਲ (ਬਿਉਰੋ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਮੁਖੀ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਨਾਲ ਜੇਲ੍ਹ ਪ੍ਰ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦੁਰਵਿਹਾਰ ਦੇ ਖਿਲਾਫ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਸੀ । ਉਸੇ ਦੇ ਰੋਸ ਵਜੋਂ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਪਰੀਵਾਰਾਂ ਨੇ ਅਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ਵਿਖੇ ਭੁੱਖ ਹੜਤਾਲ ਕਰ ਦਿੱਤੀ ਅਤੇ ਪੱਕਾ ਧਰਨਾ ਲਗਾ ਲਿਆ । ਕਈ ਹਫਤਿਆਂ ਤੋਂ ਬਾਦ ਐਸਜੀਪੀਸੀ ਅਤੇ ਸਿੱਖ ਸੰਗਤ ਦੀ ਬੇਨਤੀ ‘ਤੇ ਭੁੱਖ ਹੜਤਾਲ ਖਤਮ ਕਰ ਦਿੱਤੀ । ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਇਸ ਧਰਨੇ ਨੂੰ ਚੁੱਕਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਭਾਈ ਅਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੂੰ ਵੀ ਨਜ਼ਰਬੰਦ ਕਰ ਲਿਆ ਹੈ, ਭਾਵੇਂਕਿ ਪੁਲਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪੁਲਸ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਸਿੱਖ ਜਗਤ ਵਿੱਚ ਜਮਕੇ ਆਲੋਚਨਾ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ ਮੋਰਚੇ ਦੇ ਪ੍ਰਬੰਧਕ ਬਾਬਾ ਹਿੰਦ ਸਿੰਘ ਖਾਲਸਾ ਨੇ ਅਦਾਰਾ ‘ਅਬੂ ਜ਼ੈਦ ਨਿਊਜ਼’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰ ਤੋਂ ਉਹਨਾਂ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ । ਉਹਨਾਂ ਕਿਹਾ ਕਿ ਸਰਕਾਰ ਸਾਨੂੰ ਸੰਵਿਧਾਨ ਰਾਹੀਂ ਮਿਲੇ ਬੋਲਣ ਦੀ ਅਜ਼ਾਦੀ ਦਾ ਅਧਿਕਾਰ ਖੋਹ ਰਹੀ ਹੈ । ਘੱਟਗਿਣਤੀਆਂ ਨੂੰ ਦੇਸ਼ ਅੰਦਰ ਦਬਾਇਆ ਜਾ ਰਿਹਾ ਹੈ । ਸਿੱਖਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਤੱਕ ਨਹੀਂ ਕਰਨ ਦਿੱਤਾ ਜਾ ਰਿਹਾ, ਪ੍ਰਚਾਰਕਾਂ ਨੂੰ ਦੂਰ-ਦੁਰਾਡੇ ਡਿਬਰੂਗੜ੍ਹ ਜੇਲ ਵਿੱਚ ਡੱਕਿਆ ਜਾ ਰਿਹੈ, ਉਹਨਾਂ ਦੇ ਰਿਹਾਈ ਦੀ ਮੰਗ ਕਰਨ ਵਾਲਿਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹੈ । ਲੋਕਤੰਤਰ ਨਾਂਅ ਦੀ ਕੋਈ ਸ਼ੈਅ ਦੇਸ਼ ਜਾਂ ਸੂਬੇ ਵਿੱਚ ਨਹੀਂ ਰਹਿ ਗਈ ਹੈ । ਬਾਬਾ ਹਿੰਦ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਗਵਰਨਰ ਅਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਦੇਸ਼ ਅੰਦਰ ਸੰਵਿਧਾਨ ਦਾ ਸ਼ਾਸਨ ਸਥਾਪਤ ਕੀਤਾ ਜਾਵੇ ਤਾਂ ਜੋ ਘੱਟਗਿਣਤੀਆਂ ਦਾ ਵਿਸ਼ਵਾਸ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਵਿੱਚ ਬਣਿਆ ਰਹੇ ।



