ਮਲੇਰਕੋਟਲਾ, 16 ਅਗਸਤ (ਅਬੂ ਜ਼ੈਦ): ਅੱਜ ਵਸੀਕਾ ਨਵੀਸ ਇਰਸ਼ਾਦ ਅਹਿਮਦ ਦੇ ਸਮੂਹ ਪਰਿਵਾਰ ਅਤੇ ਸਨੇਹੀਆਂ ਨੂੰ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਨੂਰ ਮੁਹੰਮਦ (ਰਿਟਾ. ਕਾਨੂੰਗੋ) ਮੁਹੱਲਾ ਅਹਿਸਾਨਪੁਰਾ ਦਾ ਇੰਤਕਾਲ ਹੋ ਗਿਆ । ਉਹਨਾਂ ਨੂੰ ਅਜਾੜੂ ਤਕੀਆ ਕਬਰਿਸਤਾਨ ਵਿਖੇ ਸਪੁਰਦ ਏ ਖਾਕ ਕੀਤਾ ਗਿਆ । ਉਹਨਾਂ ਦੀ ਨਮਾਜ ਏ ਜਨਾਜ਼ਾ ‘ਚ ਪੰਜਾਬ ਦੀਆਂ ਧਾਰਮਿਕ, ਸਿਆਸੀ, ਸਮਾਜੀ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ । ਰਸਮੇ ਕੁਲ ਦੀ ਦੁਆ ਮਸਜਿਦ ਪਾਂਡੀਆਂ ਮਲੇਰ ‘ਚ 18 ਅਗਸਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਹੋਵੇਗੀ । ਜ਼ਿਕਰਯੋਗ ਹੈ ਕਿ ਜਿੱਥੇ ਪਰਿਵਾਰ ਸਦਮੇ ਵਿੱਚ ਹੈ ਉੱਥੇ ਹੀ ਪੰਜਾਬ ਮਾਲ ਵਿਭਾਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ । ਮਰਹੂਮ ਕਾਨੂੰਗੋ ਨੂਰ ਮੁਹੰਮਦ (91) ਮਾਲ ਮਹਿਕਮੇ ‘ਚ 1954 ਵਿੱਚ ਬਤੌਰ ਪਟਵਾਰੀ ਭਰਤੀ ਹੋਏ ਅਤੇ 1992 ‘ਚ ਬਤੌਰ ਕਾਨੂੰਗੋ ਸੇਵਾ ਮੁਕਤ ਹੋਏ ਜਿਸ ਦੌਰਾਨ ਉਹਨਾਂ ਮਹਿਕਮੇ ਲਈ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ, ਸਰਕਾਰ ਅਤੇ ਵਿਭਾਗ ਲਈ ਹਮੇਸ਼ਾ ਸਮਰਪਿਤ ਰਹੇ । ਵਿਭਾਗੀ ਕੰਮ ਦੀ ਡੂੰਘੀ ਜਾਣਕਾਰੀ ਅਤੇ ਬਾਰੀਕੀਆਂ ਬਾਰੇ ਜਾਣੂ ਸਨ । ਸ਼ਹਿਰ ਅਤੇ ਮਹਿਕਮੇ ਦੇ ਜ਼ਮੀਨਾਂ ਦੇ ਉਲਝੇ ਹੋਏ ਮਾਮਲੇ ਸੁਲਝਾਉਣ ‘ਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਮਾਲ ਮਹਿਕਮੇ ਦੇ ‘ਬਾਬਾ ਬੋਹੜ‘ ਸਨ ।



