ਮਲੇਰਕੋਟਲਾ, 04 ਸਤੰਬਰ (ਅਬੂ ਜ਼ੈਦ): ਲੰਬੇ ਅਰਸੇ ਤੋਂ ਮਸਜਿਦ ਹੁਜ਼ੈਫਾ ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ । ਪ੍ਰਬੰਧਕ ਕਮੇਟੀ ਮਸਜਿਦ ਹੁਜ਼ੈਫਾ ਅਤੇ ਮਸਜਿਦ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ‘ਚ ਕਿਰਾਇਆ ਵਧਾਉਣ ਨੂੰ ਲੈ ਕੇ ਤਨਾਜ਼ਾ ਹੋ ਗਿਆ ਸੀ ਜਿਸ ਨੂੰ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਆਪਣੀ ਜ਼ਹਾਨਤ, ਦੂਰਅੰਦੇਸ਼ੀ ਸੋਚ ਅਤੇ ਸੂਝਬੂਝ ਨਾਲ ਸੁਲਝਾ ਦਿੱਤਾ ਹੈ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਸਜਿਦ ਕਮੇਟੀ ਦੇ ਮੌਜੂਦਾ ਪ੍ਰਧਾਨ ਮੁਹੰਮਦ ਜਮੀਲ ਜੌੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਮਸਜਿਦ ਪ੍ਰਬੰਧਕ ਕਮੇਟੀ ਅਤੇ ਮਸਜਿਦ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਦਰਮਿਆਨ ਕਿਰਾਏ ਵਧਾਉਣ ਨੂੰ ਲੈ ਕੇ ਤਨਾਜ਼ਾ ਹੋ ਗਿਆ ਸੀ ਜੋ ਥਾਣੇ ਕਚਹਿਰੀ ਤੱਕ ਵੀ ਜਾ ਪਹੁੰਚਿਆ । ਕਿਰਾਏਦਾਰ ਅਤੇ ਮਸਜਿਦ ਕਮੇਟੀ ਕਈ ਮਹੀਨਿਆਂ ਤੋਂ ਕੋਰਟ ਕਚਹਿਰੀ ਦੇ ਚੱਕਰਾਂ ‘ਚ ਫਸੇ ਹੋਏ ਸਨ । ਡਾ. ਜਮੀਲ ਉਰ ਰਹਿਮਾਨ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਉਨਾਂ ਕਈ ਮੀਟਿੰਗਾਂ ਕਰਕੇ ਦੁਕਾਨਦਾਰਾਂ ਅਤੇ ਮਸਜਿਦ ਕਮੇਟੀ ਦਰਮਿਆਨ ਸੁਲਾਹ ਕਰਵਾ ਦਿੱਤੀ ਅਤੇ ਨਵੇਂ ਕਿਰਾਏਨਾਮੇ ਲਿਖੇ ਕੇ ਆਪਣੇ ਦਫਤਰ ਵਿਖੇ ਦੋਵਾਂ ਧਿਰਾਂ ਨੂੰ ਸੌਂਪ ਦਿੱਤੇ । ਇਸ ਮੌਕੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਧਾਰਮਿਕ ਸਥਾਨ ਸਭ ਦੇ ਸਾਂਝੇ ਹਨ ਉਹਨਾਂ ਦੇ ਮਾਮੂਲੀ ਝਗੜਿਆਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ ਨਾ ਕਿ ਥਾਣੇ ਕਚਿਹਰੀ ਦਾ ਸਹਾਰਾ ਲੈ ਕੇ । ਇਸ ਮੌਕੇ ਗੁਰਮੁੱਖ ਸਿੰਘ ਪੀਏ, ਚੌਧਰੀ ਸ਼ਮਸੁਦੀਨ, ਜ਼ਾਫਰ ਅਲੀ, ਅਬਦੁਲ ਸ਼ਕੂਰ ਪ੍ਰਧਾਨ, ਯਾਸਰ ਅਲੀ, ਮੁਹੰਮਦ ਹਲੀਮ, ਲਿਆਕਤ ਅਲੀ ਬਨਭੌਰੇ ਵਾਲੇ, ਮੁਹੰਮਦ ਬਾਬੂ, ਮੁਹੰਮਦ ਹਬੀਬ ਭੋਲਾ, ਮੁਹੰਮਦ ਜਮੀਲ, ਅਜ਼ਹਰ ਅਲੀ, ਮੁਹੰਮਦ ਅਰਸ਼ਦ, ਮੁਹੰਮਦ ਹਨੀਫ ਮਾਸਟਰ, ਮੁਹੰਮਦ ਅਖਤਰ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।
