ਦੇਸ਼ ਅੰਦਰ ਕੁਝ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਦੈ ਅਤੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਨਹੀਂ-ਬਾਪੂ ਗੁਰਚਰਨ ਸਿੰਘ
ਇਸਰਾਈਲ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਤੇ ਕੀਤੇ ਜਾ ਰਹੇ ਰਹੇ ਤਸ਼ੱਦਦ ਨੂੰ ਰੋਕਣ ਲਈ ਗਲੋਬਲ ਇੱਕਜੁਟਤਾ ਦੀ ਲੋੜ
ਮਲੇਰਕੋਟਲਾ, 11 ਦਸੰਬਰ (ਬਿਉਰੋ): ਵਿਸ਼ਵ ਮਨੁੱਖੀ ਅਧਿਕਾਰ ਦਿਵਸ ਯਾਨੀ 10 ਦਸੰਬਰ ਹਰ ਸਾਲ ਪੰਜਾਬੀਆਂ ਦੇ ਜ਼ਖਮਾਂ ਉੱਤੇ ਨਮਕ ਵਾਂਗ ਲੜਦਾ ਹੈ । ਇਸ ਦਿਨ ਹਰ ਵਿਅਕਤੀ ਦੀ ਅਜ਼ਾਦੀ, ਮਨੁੱਖੀ ਅਧਿਕਾਰ, ਸਮਾਨਤਾ ਦੀ ਗੱਲ ਵਿਸ਼ਵ ਭਰ ਵਿੱਚ ਕੀਤੀ ਜਾਂਦੀ ਹੈ ਪਰੰਤੂ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਡੱਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਯਾਦ ਕਰਕੇ ਸਿੱਖ ਕੌਮ ਦੇ ਹਿਰਦੇ ਬਲੂਧਰੇ ਜਾਂਦੇ ਹਨ । ਬਲਾਕ ਤੋਂ ਲੈ ਕੇ ਕੌਮੀ ਪੱਧਰ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਲੱਛੇਦਾਰ ਭਾਸ਼ਣ ਦੇ ਕੇ ਦੁਨੀਆ ਨੂੰ ਦਿਖਾਇਆ ਜਾਂਦਾ ਹੈ ਕਿ ਭਾਰਤ ਅੰਦਰ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ ਪਰੰਤੂ ਅਜਿਹਾ ਕੁਝ ਵੀ ਨਹੀਂ ਹੈ । ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਆਪਣੇ ਧਰਮ ਦਾ ਪ੍ਰਚਾਰ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਯਤਨਸ਼ੀਲ ਹੋਏ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਅਤੇ ਕੁਝ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ । ਇਸੇ ਸਬੰਧ ‘ਚ ਪ੍ਰਸਿੱਧ ਮੀਡੀਆ ਅਦਾਰੇ ‘ਗਲੋਬਲ ਪੰਜਾਬ ਟੀਵੀ’ ਨੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਜੋ ਕਿ ਮੋਹਾਲੀ ‘ਚ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਦੇ ਸਰਪ੍ਰਸਤ ਵੀ ਹਨ ਦੀ ਇੰਟਰਵਿਊ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਪਹਿਲਾਂ 2013 ਵਿੱਚ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਮਰਨ ਵਰਤ ਰੱਖ ਕੇ ਸ਼ੁਰੂ ਕੀਤੀ ਸੀ । ਜਿਸ ਦੇ ਨਤੀਜੇ ਵਜੋਂ ਤਿੰਨ ਬੰਦੀ ਸਿੰਘਾਂ ਨੂੰ ਪੈਰੋਲ ਵੀ ਮਿਲੀ । ਉਸ ਤੋਂ ਬਾਦ ਬਾਪੂ ਸੂਰਤ ਸਿੰਘ ਨੇ ਮੋਰਚਾ ਸੰਭਾਲਿਆ ਅਤੇ ਅੱਜ ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚਾ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ 11 ਮਹੀਨੇ ਤੋਂ ਡਟਿਆ ਹੋਇਆ ਹੈ । ਇੱਕ ਸਵਾਲ ਦੇ ਜਵਾਬ ‘ਚ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੱਥੇਦਾਰ ਹਵਾਰਾ ਦੇ ਪਰੀਵਾਰ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਤੋਂ ਕਾਨੂੰਨੀ ਲੜਾਈ ਲੜਨ ਲਈ ਜਾਂ ਕਿਸੇ ਹੋਰ ਕਾਰਜ ਲਈ ਇੱਕ ਟਕੇ ਦੀ ਵੀ ਮਾਲੀ ਮਦਦ ਨਹੀਂ ਲਈ ਹੈ । ਉਹਨਾਂ ਕਿਹਾ ਕਿ ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਹਾਲੀ ਮੋਰਚੇ ਦੀ ਵੀ ਐਸਜੀਪੀਸੀ ਨੇ ਕੋਈ ਮਾਲੀ ਜਾਂ ਜੱਥੇਬੰਧਕ ਤੌਰ ਤੇ ਮਦਦ ਨਹੀਂ ਕੀਤੀ ਹੈ । ਸ੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਖਾਸਕਰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਅਪੀਲ ਲਈ ਬਣਾਈ ਗਈ ਕਮੇਟੀ ਉੱਤੇ ਸ਼ਿਕਵਾ ਕਰਦਿਆਂ ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵਿੱਚੋਂ ਵੀ ਮੈਂਬਰ ਲੈਣਾ ਚਾਹੀਦਾ ਸੀ ਅਤੇ ਸਿੱਖ ਜਗਤ ਨੂੰ ਆਪਸੀ ਮਤਭੇਦ ਭੁਲਾਕੇ ਕੌਮ ਦੇ ਯੋਧਿਆਂ ਨੂੰ ਰਿਹਾਅ ਕਰਵਾਉਣ ਲਈ ਇੱਕ ਪਲੇਟਫਾਰਮ ਉੱਤੇ ਇਕੱਠੇ ਹੋਣਾ ਚਾਹੀਦਾ ਹੈ । ਬਾਪੂ ਗੁਰਚਰਨ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਸਮਾਨਤਾ ਦਾ ਇਹ ਹਾਲ ਹੈ ਕਿ ਕਈ ਸੰਗੀਨ ਦੋਸ਼ਾਂ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਅਤੇ ਸਾਡੇ ਸਿੱਖ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਦਹਾਕੇ ਬਾਦ ਵੀ ਨਹੀਂ ਛੱਡਿਆ ਜਾ ਰਿਹਾ ਜੋ ਕਿ ਸਿੱਖ ਕੌਮ ਨਾਲ ਵਿਤਕਰੇ ਦਾ ਵਤੀਰਾ ਹੈ । ਇਸ ਮੌਕੇ ਉਹਨਾਂ ਫਸਲਤੀਨ ਦੇ ਮੁਸਲਮਾਨਾਂ ਉੱਤੇ ਇਸਰਾਈਲ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਰੋਕਣ ਲਈ ਵੀ ਦੁਨੀਆ ਨੂੰ ਇੱਕਜੁਟ ਹੋ ਕੇ ਕੰਮ ਕਰਨ ਲਈ ਕਿਹਾ ।



