ਪੰਜਾਬ ਦਾ ਮੁਸਲਿਮ ਭਾਈਚਾਰਾ ਚੱਟਾਨ ਵਾਂਗ ਕਿਸਾਨਾਂ ਨਾਲ ਖੜਾ ਹੈ-ਐਡਵੋਕੇਟ ਮੁਹੰਮਦ ਜਮੀਲ
ਸ਼ੰਭੂ ਕਿਸਾਨ ਮੋਰਚਾ 131ਵੇਂ ਦਿਨ ‘ਚ ਪੁੱਜਾ
ਮਲੇਰਕੋਟਲਾ, 25 ਜੂਨ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ‘ਦਿੱਲੀ ਕੂਚ’ ਦੀ ਕਾਲ ‘ਤੇ ਹਜਾਰਾਂ ਦੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ, ਟਰੱਕ, ਗੱਡੀਆਂ ਲੈ ਕੇ ਦਿੱਲੀ ਵੱਲ ਚੱਲ ਪਏ ਸੀ । ਪਰੰਤੂ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਲੋਹੇ ਦੇ ਬੈਰੀਕੇਡ ਅਤੇ ਕੰਕਰੀਟ ਦੀਆਂ ਦੀਵਾਰਾਂ ਕਰਕੇ ਉਹਨਾਂ ਨੂੰ ਪੰਜਾਬ-ਹਰਿਆਣਾ ਦੀ ਹੱਦ ‘ਤੇ ਹੀ ਰੋਕ ਲਿਆ ਜਿੱਥੇ ਉਹ 131 ਦਿਨਾਂ ਤੋਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਵਿਰੁੱਧ ਧਰਨਾ ਦੇ ਰਹੇ ਹਨ । ਇਸ ਦੌਰਾਨ ਹਰਿਆਣਾ ਪੁਲਸ ਦੇ ਬਲ ਪ੍ਰਯੋਗ ਕਾਰਣ ਦਰਜਨ ਤੋਂ ਵੱਧ ਕਿਸਾਨ ਸ਼ਹੀਦ ਅਤੇ ਸੈਂਕੜੇ ਜ਼ਖਮੀ ਵੀ ਹੋਏ । ਅੱਜ ਸ਼ੰਭੂ ਬਾਰਡਰ ਉੱਤੇ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਰਾਏ ਪ੍ਰਧਾਨ ਬੀਕੇਯੂ ਦੁਆਬਾ, ਮਨਜੀਤ ਸਿੰਘ ਘੁਮਾਨਾ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਗੁਰਮੇਲ ਸਿੰਘ ਬੋਸਾਰ ਜਨਰਲ ਸਕੱਤਰ, ਰਣਜੀਤ ਸਿੰਘ ਅੱਕੜ ਜ਼ਿਲ੍ਹਾ ਪ੍ਰਧਾਨ ਪਟਿਆਲਾ, ਗੋਬਿੰਦਰ ਸਿੰਘ ਸਰਵਾਰਾ ਜਨਰਲ ਸਕੱਤਰ ਜ਼ਿਲ੍ਹਾ ਪਟਿਆਲਾ, ਮਨਜੀਤ ਸਿੰਘ ਸਰਪੰਚ ਜ਼ਿਲ੍ਹਾ ਵਾਇਸ ਪ੍ਰਧਾਨ, ਨਵਤੇਜ ਸਿੰਘ ਉਕਸੀ ਪ੍ਰਧਾਨ ਘਨੌਰ ਬਲਾਕ ਸਮੇਤ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਅਤੇ ਵੱਡੀ ਗਿਣਤੀ ‘ਚ ਕਿਸਾਨ ਪੁੱਜੇ ।
ਇਸ ਮੌਕੇ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇਕ ਵਫਦ ਮੁਹੰਮਦ ਜਮੀਲ ਐਡਵੋਕੇਟ ਅਤੇ ਸ਼ਮਸ਼ਾਦ ਅਲੀ ਸਕੀਮੀ ਦੀ ਸਰਪ੍ਰਸਤੀ ‘ਚ ਵਿਸ਼ੇਸ਼ ਤੌਰ ‘ਤੇ ਸ਼ੰਭੂ ਮੋਰਚੇ ‘ਚ ਪੁੱਜਾ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮੁਹੰਮਦ ਜਮੀਲ ਨੇ ਦੱਸਿਆ ਕਿ ਪੰਜਾਬ ਦਾ ਮੁਸਲਿਮ ਭਾਈਚਾਰਾ ਚੱਟਾਨ ਵਾਂਗ ਕਿਸਾਨਾਂ ਨਾਲ ਖੜਾ ਹੈ, ਸਮੇਂ-ਸਮੇਂ ‘ਤੇ ਜੋ ਵੀ ਜ਼ਿੰਮੇਵਾਰੀ ਮੋਰਚੇ ਵੱਲੋਂ ਲਗਾਈ ਜਾਵੇਗੀ ਅਸੀਂ ਪੂਰੀ ਕਰਾਂਗੇ । ਉਹਨਾਂ ਕਿਹਾ ਕਿ ਮਲੇਰਕੋਟਲਾ ਵਿੱਚ ਸਬਜ਼ੀ ਦੀ ਕਾਸ਼ਤ ਕਰਨ ਵਾਲਾ ਛੋਟਾ ਕਿਸਾਨ ਹੈ ਜਿਸ ਨੂੰ ਜਾਗਰੂਕ ਕਰਨ ਲਈ ਉਹ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਆਪਣੇ ਹੱਕਾਂ ਲਈ ਲੜਨ ਵਾਸਤੇ ਕਿਸਾਨ ਮੋਰਚੇ ਨਾਲ ਜੁੜਿਆ ਜਾਵੇ ।
ਉਹਨਾਂ ਦੱਸਿਆ ਕਿ ਸ਼ੰਭੂ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਸਰਕਾਰਾਂ ਦੀਆਂ ਏਜੰਸੀਆਂ ਲਗਾਤਾਰ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ ਕਿ ਧਰਨਾ ਖਤਮ ਕਰਵਾਇਆ ਜਾਵੇ । ਲੋਕ ਸਭਾ ਚੋਣਾਂ 2024 ‘ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਓਛੀਆਂ ਹਰਕਤਾਂ ‘ਤੇ ਉੱਤਰ ਆਈ ਹੈ । ਅਜਿਹਾ ਹੀ ਇੱਕ ਵਰਤਾਰਾ ਕੱਲ 23 ਜੂਨ ਨੂੰ ਵਾਪਰਿਆ ਜਿਸ ਵਿੱਚ ਏਜੰਸੀਆਂ ਨੇ ਆਪਣੇ ਬੰਦਿਆਂ ਨੂੰ ਭੇਜਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਸ ਧਰਨੇ ਤੋਂ ਬਹੁਤ ਪ੍ਰੇਸ਼ਾਨ ਹਨ ਸੋ ਇਸ ਨੂੰ ਖਤਮ ਕੀਤਾ ਜਾਵੇ । ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਤੋਂ ਵੀ ਮਾੜਾ ਹਾਲ ਕਰਾਂਗੇ ।
ਇਸ ਮੌਕੇ ਸੰਬੋਧਨ ਕਰਦਿਆਂ ਮਨਜੀਤ ਸਿੰਘ ਘੁਮਾਨ ਨੇ ਕਿਹਾ ਕਿ ਕਿਸਾਨ 131 ਦਿਨਾਂ ਤੋਂ 50 ਡਿਗਰੀ ਤਾਪਮਾਨ ਵਿੱਚ ਰਾਜਧਾਨੀ ਦੇ ਮਾਰਗ ‘ਤੇ ਬੈਠੇ ਹਨ । ਗਰਮੀ,ਸਰਦੀ, ਧੁੱਪ, ਮੀਂਹ, ਹਨੇਰੀ, ਝੱਖੜ ਬਰਦਾਸ਼ਤ ਕਰਕੇ ਸੜਕਾਂ ਉੱਤੇ ਬੈਠੇ ਹਨ ਪਰੰਤੂ ਸਰਕਾਰਾਂ ਇਸ ਨੂੰ ਅਣਗੌਲਿਆ ਕਰ ਰਹੀਆਂ ਹਨ । ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹਲਕੇ ਵਿੱਚ ਨਾ ਲਵੇ ਜਿਵੇਂ ਦਿੱਲੀ ਕਿਸਾਨ ਮੋਰਚੇ ਵਿੱਚ ਸਰਕਾਰ ਦੀ ਗੋਡੀ ਲਗਵਾਕੇ ਵਾਪਸ ਆਏ ਸੀ ਹੁਣ ਵੀ ਆਰ ਪਾਰ ਦੀ ਲੜਾਈ ਲੜੀ ਜਾਵੇਗੀ । ਉਹਨਾਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ, ਕਿਸਾਨ ਆਪਣੇ ਖੇਤ, ਕਾਰੋਬਾਰ ਛੱਡਕੇ ਆਪਣੇ ਹੱਕਾਂ ਲਈ ਕਰੋੜਾਂ ਰੁਪਏ ਦੇ ਟਰੈਕਟਰ, ਟਰਾਲੀਆਂ ਸਮੇਤ ਗੱਡੀਆਂ ਆਦਿ ਲੈ ਕੇ ਸੜਕਾਂ ‘ਤੇ ਰੁਲ ਰਹੇ ਹਨ ।
ਕੈਪਸ਼ਨ: ਸ਼ੰਭੂ ਮੋਰਚੇ ‘ਤੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਰਾਸ਼ਟਰੀ ਪ੍ਰਧਾਨ ਨੂੰ ਮਿਲਦਾ ਹੋਇਆ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ।