ਕੌਮੀ ਇਨਸਾਫ ਮੋਰਚੇ ‘ਚ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ
ਮਲੇਰਕੋਟਲਾ, 20 ਮਾਰਚ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਵਿੱਚ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ । ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਦੀ ਸਰਪ੍ਰਸਤੀ ‘ਚ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਉਲ ਮੁਬਾਰਕ ਨੂੰ ਸਮਰਪਿਤ ਰੋਜ਼ਾ ਇਫਤਾਰੀ ਦਾ ਆਯੋਜਨ ਕੀਤਾ ਜਿਸ ਵਿੱਚ ਪੰਜਾਬ ਭਰ ਵਿੱਚੋਂ ਵੱਖ-ਵੱਖ ਧਰਮਾਂ, ਜਾਤਾਂ, ਵਰਗਾਂ, ਖਿੱਤਿਆਂ ਅਤੇ ਜੱਥੇਬੰਦੀਆਂ ਦੇ ਪਤਵੰਤਿਆਂ ਨੇ ਇੱਕ ਦਸਤਰਖਾਨ ਉੱਤੇ ਬੈਠਕੇ ਰੋਜ਼ਾ ਇਫਤਾਰ ਕੀਤਾ । ਜਿਸਨੇ ਸਮਾਜ ਵਿਰੋਧੀ ਨਫਰਤ ਫੈਲਾਉਣ ਵਾਲਿਆਂ ਦੇ ਮੂੰਹ ਬੰਦ ਕਰਦਿਆਂ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ । ਇਫਤਾਰੀ ਤੋਂ ਪਹਿਲਾਂ ਵਿਸ਼ਵ ਸਾਂਤੀ, ਸਰਬਤ ਦੇ ਭਲੇ ਲਈ ਦੁਆ ਵੀ ਕੀਤੀ ਗਈ ।
ਮੇਰੇ ਵਤਨ ਕੇ ਸਭੀ ਲੋਗ ਭਾਈ-ਭਾਈ ਹੈਂ
ਯੇ ਦੂਰੀਯੋਂ ਕੀ ਸਿਆਸਤ, ਕਿਸੀ ਕਮੀਨ ਕੀ ਹੈ
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਹਬੀਬ ਭੋਲਾ, ਚੌਧਰੀ ਲਿਆਕਤ ਅਲੀ ਅਤੇ ਹਾਜੀ ਮੁਹੰਮਦ ਬਾਬੂ ਢੋਟ ਨੇ ਦੱਸਿਆ ਕਿ ਮੋਰਚਾ ਪ੍ਰਬੰਧਕਾਂ ਵੱਲੋਂ ਰੋਜ਼ਾ ਇਫਤਾਰੀ ਦਾ ਆਯੋਜਨ ਕਰਕੇ ਦਿਨੋਂ-ਦਿਨ ਸਮਾਜ ਵਿੱਚ ਭਰੀ ਜਾ ਰਹੀ ਕੁੜੱਤਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ । ਦੇਸ਼ ਅੰਦਰ ਸਾਰੇ ਸਮਾਜ ਦੇ ਲੋਕ ਆਪਸ ਵਿੱਚ ਇੱਕ ਦੂਜੇ ਦੇ ਸਾਥੀ ਅਤੇ ਹਮਦਰਦ ਹਨ । ਬਸ ਕੁਝ ਸਿਆਸੀ ਲੋਕ ਆਪਣਾ ਮਤਲਬ ਸਾਧਨ ਲਈ ਸਮਾਜ ਨੂੰ ਨਫਤਰ ਦੀ ਭੱਠੀ ਵਿੱਚ ਝੋਕ ਰਹੇ ਹਨ । ਅੱਜਕਲ ਦੀ ਜਨਤਾ ਬਹੁਤ ਸੂਝਵਾਨ ਹੋ ਚੁੱਕੀ ਹੈ ਅਤੇ ਸਿਆਸੀ ਲੋਕਾਂ ਦੇ ਅਜਿਹੇ ਹੱਥਕੰਡੇ ਸਮਝ ਵੀ ਚੁੱਕੀ ਹੈ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦੇ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਕੌਮੀ ਇਨਸਾਫ ਮੋਰਚੇ ਦੀ ਇਫਤਾਰ ਪਾਰਟੀ ਹੈ ਜਿਸ ਨੇ ਨਫਰਤ ਫੈਲਾਉਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ । ਇਸ ਮੌਕੇ ਬਾਪੂ ਗੁਰਚਰਨ ਸਿੰਘ ਤੋਂ ਇਲਾਵਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਾਥੀ ਬੰਦੀ ਸਿੰਘ ਬਲਜੀਤ ਸਿੰਘ ਭਾਊ, ਜੱਥੇਦਾਰ ਬਲਬੀਰ ਸਿੰਘ ਬੈਰੋਂਪੁਰ, ਗੁਰਜੰਟ ਸਿੰਘ ਪਟਿਆਲਾ, ਮਨਮੋਹਨ ਸਿੰਘ ਰਾਜਪੁਰਾ, ਭਾਈ ਪਵਨਦੀਪ ਸਿੰਘ ਖਾਲਸਾ, ਮੇਜਰ ਸਿੰਘ ਪੰਜਾਬੀ, ਨਿਊਜ਼ ਐਂਕਰ ਸੰਸਾਰਦੀਪ ਸਿੰਘ, ਜੀਤ ਸਿੰਘ ਔਲਖ ਕੁੱਪ ਕਲਾਂ, ਕਿਸਾਨ ਆਗੂ ਗੋੋਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ ।