ਸਾਂਸਦ ਇੰਜੀਨੀਅਰ ਰਸ਼ੀਦ ਨੂੰ ਮਿਲੀ ਜਮਾਨਤ, ਕਸ਼ਮੀਰ ਚੋਣਾਂ ‘ਚ ਕਰਨਗੇ ਪ੍ਰਚਾਰ

author
0 minutes, 3 seconds Read

ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜਮਾਨਤ ਦਿੱਤੀ ਜਾਵੇ-ਸਿੱਖ ਸੰਗਤ

ਨਵੀਂ ਦਿੱਲੀ/ਮਲੇਰਕੋਟਲਾ, 11 ਸਤੰਬਰ (ਬਿਉਰੋ): ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਸਾਂਸਦ ਸ਼ੇਖ ਅਬਦੁਲ ਰਸ਼ੀਦ ਇੰਜੀਨੀਅਰ ਨੂੰ ਬੁੱਧਵਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ਹਿੰਦੁਸਤਾਨ ਟਾਇਮਜ਼ ‘ਚ ਛਪੀ ਰਿਪੋਰਟ ਅਨੁਸਾਰ ਸ਼ੇਖ ਅਬਦੁਲ ਰਸ਼ੀਦ ਦੀ ਅਵਾਮੀ ਇਤੇਹਾਦ ਪਾਰਟੀ (ਏਆਈਪੀ) ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੀ ਹੈ, ਜੋ ਕਿ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਪੜਾਵਾਂ ਵਿੱਚ ਹੋਣਗੀਆਂ। ਉਸ ਦੀ ਰਿਹਾਈ ਸ਼ਰਤਾਂ ਨਾਲ ਹੋਈ ਹੈ, ਜਿਸ ਵਿੱਚ 2 ਲੱਖ ਰੁਪਏ ਦਾ ਮੁਚੱਲਕਾ, ਜ਼ਮਾਨਤ ਅਤੇ ਪਾਬੰਦੀ ਸ਼ਾਮਲ ਹੈ । ਸਾਂਸਦ ਸ਼ੇਖ ਰਸ਼ੀਦ ਨੂੰ 2017 ਦੇ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 2019 ਤੋਂ ਹਿਰਾਸਤ ਵਿੱਚ ਹੈ । ਲੋਕ ਸਭਾ ਚੋਣਾਂ 2024 ‘ਚ ਉਹਨਾਂ ਜੇਲ ‘ ਬੈਠੇ ਹੀ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੂੰ ਲੱਖਾਂ ਵੋਟਾਂ ਦੇ ਫਰਕ ਨਾਲ ਹਰਾਇਆ ਸੀ । ਅਦਾਲਤ ਨੇ ਰਸ਼ੀਦ ਨੂੰ ਅਸਥਾਈ ਤੌਰ ‘ਤੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੰਦੇ ਹੋਏ ਉਸ ਦੀ ਨਿਯਮਤ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ 5 ਅਕਤੂਬਰ ਤੱਕ ਟਾਲ ਦਿੱਤਾ ।

ਸ਼ੇਖ ਰਸ਼ੀਦ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਲਈ ਪ੍ਰਚਾਰ ਕਰਨ ਲਈ ਸ਼ਰਤਾਂ ਉੱਤੇ ਜਮਾਨਤ ਦਿੱਤੀ ਗਈ ਹੈ । ਜੰਮੂ-ਕਸ਼ਮੀਰ ਦੀਆਂ ਚੋਣਾਂ, ਜੋ 18 ਸਤੰਬਰ ਤੋਂ 1 ਅਕਤੂਬਰ ਤੱਕ ਤਿੰਨ ਪੜਾਵਾਂ ਵਿੱਚ ਹੋਣਗੀਆਂ, ਇੱਕ ਵੱਡੀ ਸਿਆਸੀ ਜੰਗ ਦਾ ਮੈਦਾਨ ਬਣਨ ਦੀ ਉਮੀਦ ਹੈ, ਜਿਸ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ ।

ਦੂਜੇ ਪਾਸੇ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਵੀ ਜੇਲ੍ਹ ‘ਚ ਬੈਠੇ ਹੀ ਚੋਣ ਜਿੱਤੇ ਸੀ ।ਉਹਨਾਂ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਮੌਜੂਦਾ ਮੰਤਰੀ ਅਤੇ ਕਈ ਵੱਡੇ ਆਗੂਆਂ ਨੂੰ ਧੁਲ ਚਟਾਈ ਸੀ । ਪਰੰਤੂ ਨਿਆਂਪਾਲਿਕਾ ਦੀ ਨਜ਼ਰੇ-ਕਰਮ ਇਸ ਪਾਸੇ ਆਉਂਦੀ ਦਿਖਾਈ ਨਹੀਂ ਦਿੰਦੀ ਜਿਸ ਨਾਲ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਦੀ ਸੁਪਰੀਮ ਦੇ ਚੀਫ ਜਸਟਿਸ ਨੂੰ ਪੁਰਜ਼ੋਰ ਅਪੀਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਵੀ ਸੁਮੋਟੋ ਲੈ ਕੇ ਉਹਨਾਂ ਨੂੰ ਜਮਾਨਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਣ ਅਤੇ ਦੇਸ਼ ਦੀ ਜਨਤਾ ਦਾ ਵਿਸ਼ਵਾਸ ਨਿਆਂਪਾਲਿਕਾ ਵਿੱਚ ਅਟੁੱਟ ਬਣਿਆ ਰਹੇ ।

 

Similar Posts

Leave a Reply

Your email address will not be published. Required fields are marked *