ਮਲੇਰਕੋਟਲਾ, 04 ਜੁਲਾਈ (ਬਿਉੋਰੋ): ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਆਖਰ ਉਹ ਸਮਾਂ ਆ ਹੀ ਗਿਆ ਜਿਸਦਾ ਕਰੋੜਾਂ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਸੀ । ਜੰਮੂ ਕਸ਼ਮੀਰ ਦੇ ਲੋਕ ਸਭਾ ਹਲਕਾ ਬਾਰਾਮੂਲਾ ਤੋਂ ਚੁਣੇ ਗਏ ਸੰਸਦ ਮੈਂਬਰ ਇੰਜਨੀਅਰ ਸ਼ੇਖ ਅਬਦੁਲ ਰਸ਼ੀਦ ਅਤੇ ਪੰਜਾਬ ਦੇ ਖਡੂਰ ਸਾਹਿਬ ਤੋਂ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਲਕੇ ਸਹੁੰ ਚੁੱਕਣਗੇ । ਦੋਵਾਂ ਸੰਸਦ ਮੈਂਬਰਾਂ ਨੂੰ ਹਲਫਨਾਮਾ ਲਈ ਇਜਾਜ਼ਤ ਮਿਲ ਗਈ ਹੈ ਅਤੇ ਉਹਨਾਂ ਨੂੰ ਆਪਣਾ ਸੰਵਿਧਾਨਕ ਹੱਕ ਹਾਸਲ ਹੋਇਆ ।
ਸ਼ੇਖ ਰਸ਼ੀਦ ਨੇ ਜੇਲ੍ਹ ‘ਚ ਬੈਠੇ ਹੀ ਲੋਕ ਸਭਾ ਹਲਕਾ ਬਾਰਾਮੂਲਾ ਤੋਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਕੇ ਇਤਿਹਾਸ ਰਚ ਦਿੱਤਾ ਹੈ । ਸ਼ੇਖ ਰਸ਼ੀਦ ਤਿਹਾੜ ਜੇਲ੍ਹ ਵਿੱਚ ਬੰਦ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਸਹੁੰ ਚੁੱਕਣ ਲਈ ਕੁਝ ਕੁ ਘੰਟਿਆਂ ਦੀ ਹੀ ਪੈਰੋਲ ਮਿਲੀ ਹੈ ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ 4 ਦਿਨ ਦੀ ਪੈਰੋਲ ਮਿਲੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਪੁਲਸ ਪਾਰਟੀ ਉਹਨਾਂ ਨੂੰ ਹਲਫ ਲੈਣ ਲਈ ਦਿੱਲੀ ਲਿਆਉਣ ਵਾਸਤੇ ਨਿਕਲ ਚੁੱਕੀ ਹੈ । ਇਹਨਾਂ ਦੋਵਾਂ ਆਗੂਆਂ ਨੂੰ ਪੈਰੋਲ ਮਿਲਣ ‘ਤੇ ਉਹਨਾਂ ਦੇ ਪਰਿਵਾਰਾਂ, ਸਨੇਹੀਆਂ, ਦੇਸ਼ ਵਿਦੇਸ਼ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹਨਾਂ ਨੂੰ ਲਾਈਵ ਦੇਖਣ ਲਈ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ । ਦੋਵਾਂ ਸੰਸਦ ਮੈਂਬਰਾਂ ਦੇ ਸਮਰਥਕਾਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ, ਸੂਬਾ ਸਰਕਾਰਾਂ ਅਤੇ ਦੇਸ਼ ਦੀ ਨਿਆਂਪਾਲਿਕਾ ਨੂੰ ਪੁਰਜ਼ੋਰ ਗੁਜਾਰਿਸ ਹੈ ਕਿ ਲੋਕਾਂ ਦੇ ਫਤਵੇ ਨੂੰ ਦੇਖਦੇ ਹੋਏ ਦੋਵਾਂ ਦੀ ਰਿਹਾਈ ਕੀਤੀ ਜਾਵੇ ਤਾਂ ਜੋ ਉਹ ਆਪਣੇ ਹਲਕਿਆਂ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਣ ਅਤੇ ਜਨਤਾ ਦਾ ਲੋਕਤੰਤਰ ‘ਚ ਵਿਸ਼ਵਾਸ ਮਜ਼ਬੂਤ ਹੋਵੇ ।