ਮਲੇਰਕੋਟਲਾ, 18 ਨਵੰਬਰ (ਬਿਉਰੋ): ਪਿਛਲੇ ਦਿਨੀਂ ਮਲੇਰਕੋਟਲਾ ਦੀ ਧਰਤੀ ਉੱਤੇ “ਵਿਰਸਾ ਸਪੋਰਟਸ ਕਲੱਬ” ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਦੇ ਸੁਪਰ ਸਟਾਰ ਰਹੇ ਪਹਿਲਵਾਨ ਸਿਕੰਦਰ ਸ਼ੇਖ ਨੇ ਭਾਰਤ ਦਾ ਸਭ ਤੋਂ ਵੱਡਾ ਖਿਤਾਬ ਰੁਸਤਮ-ਏ-ਹਿੰਦ 2024 ਜਿੱਤ ਲਿਆ ਹੈ । ਰੁਸਤਮ-ਏ-ਹਿੰਦ 2024 ਮੁਕਾਬਲਾ ਪੰਜਾਬ ਦੇ ਰੂਪਨਗਰ (ਨੰਗਲ) ਜ਼ਿਲੇ ਦੇ ਜੰਡਲਾ ਵਿਖੇ ਹੋਇਆ ਜਿਸ ਵਿੱਚ ਭਾਰਤ ਭਰ ਦੇ ਚੋਟੀ ਦੇ ਪਹਿਲਵਾਨਾਂ ਨੇ ਆਪਣੇ ਜ਼ੌਹਰ ਦਿਖਾਏ । ਸਿਕੰਦਰ ਸ਼ੇਖ ਇਹ ਖਿਤਾਬ ਹਾਸਲ ਕਰਨ ਵਾਲੇ ਚੌਥੇ ਮਹਾਰਾਸ਼ਟਰੀ ਦੇ ਰੂਪ ਵਿੱਚ ਸ਼ਾਮਲ ਹੋ ਗਏ ਹਨ।
ਟੂਰਨਾਮੈਂਟ ਵਿੱਚ ਸਿਕੰਦਰ ਸ਼ੇਖ ਦਾ ਮੁਕਾਬਲਾ ਖਾਸ ਤੌਰ ‘ਤੇ ਰੋਸ਼ਨ ਕਿਰਲਗੜ ਅਤੇ ਬੱਗਾ ਕੋਹਲੀ ਦੇ ਖਿਲਾਫ ਹੋਇਆ । ਸ਼ੇਖ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੋਹਲੀ ਨੂੰ ਚਿੱਤ ਕਰਕੇ ਰੁਸਤਮ-ਏ-ਹਿੰਦ ਦਾ ਖਿਤਾਬ ਆਪਣੇ ਨਾਮ ਕੀਤਾ । ਉਸਦੇ ਜੇਤੂ ਇਨਾਮ ਵਿੱਚ ਇੱਕ ਰਸਮੀ ਗਦਾ, ਇੱਕ ਟਰੈਕਟਰ ਅਤੇ ਨਕਦ ਇਨਾਮ ਸ਼ਾਮਲ ਸੀ।
ਸਿਕੰਦਰ ਸ਼ੇਖ ਦੀ ਇਸ ਸ਼ਾਨਮੱਤੀ ਪ੍ਰਾਪਤੀ ਉੱਤੇ ਦੇਸ਼ ਵਿਦੇਸ਼ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਮਲੇਰਕੋਟਲਾ ਤੋਂ ਕੁਸ਼ਤੀ ਪ੍ਰੇਮੀ ਅਤੇ ਮਹਾਨ ਦੰਗਲਾਂ ਦੇ ਪ੍ਰਬੰਧਕ ਮੁਹੰਮਦ ਸ਼ਫੀਕ ਭੋਲਾ, ਮੁਹੰਮਦ ਆਮਿਰ ਬਾਵਾ, ਮੁਹੰਮਦ ਅਨਵਰ ਪੱਮੀ, ਮੁਹੰਮਦ ਸਲੀਮ ਕੌਮਾਂਤਰੀ ਬੈਡਮਿੰਟਨ ਖਿਡਾਰੀ, ਮੁਹੰਮਦ ਨਜ਼ੀਰ ਕੌਮਾਂਤਰੀ ਫੁੱਟਬਾਲਰ, ਮੁਹੰਮਦ ਸ਼ਰੀਫ ਏਅਰਫੋਰਸ ਫੁੱਟਬਾਲ ਖਿਡਾਰੀ, ਮੁਹੰਮਦ ਅਰਸ਼ਦ ਲੱਈਕ ਸਾਊਦੀ ਅਰਬ, ਮੁਹੰਮਦ ਰਾਸ਼ਿਦ ਕੁਵੈਤ, ਰੁਸਤਮ-ਏ-ਮਲੇਰਕੋਟਲਾ ਵਾਨੀ ਪਹਿਲਵਾਨ, ਚੌਧਰੀ ਲਿਆਕਤ ਅਲੀ ਬਨਭੌਰਾ ਨੇ ਸਿਕੰਦਰ ਸ਼ੇਖ ਦੀ ਇਸ ਖਿਤਾਬ ਜਿੱਤਣ ਉੱਤੇ ਜਿੱਥੇ ਦਿਲੀ ਮੁਬਾਰਕਬਾਦ ਦਿੱਤੀ ਉੱਥੇ ਹੀ ਦੁਆ ਕੀਤੀ ਕਿ ਉਹ ਦੇਸ਼ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕਰੇ ।