ਸਿਵਲ ਹਸਪਤਾਲ ਮਲੇਰਕੋਟਲਾ ਅੱਗੇ ਲੱਗਾ ਰੋਸ ਧਰਨਾ 6ਵੇਂ ਦਿਨ ‘ਚ ਦਾਖਲ

author
0 minutes, 0 seconds Read

ਸਰਕਾਰ ਵੱਲੋਂ ਚਾਰ ਡਾਕਟਰਾਂ ਦੀ ਤਾਇਨਾਤੀ ਦੇ ਹੁਕਮਾਂ ਦੇ ਬਾਵਜੂਦ ਫਰੰਟ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ

ਮਲੇਰਕੋਟਲਾ, 14 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਸੁਰੂ ਕੀਤਾ ਰੋਸ ਧਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ ਸੰਚਾਲਕਾਂ ਦੀ ਦ੍ਰਿੜਤਾ ਅਤੇ ਮਿਲ ਰਹੇ ਸਮਰਥਨ ਨੂੰ ਦੇਖਦੇ ਹੋਏ ਭਾਵੇਂ ਪੰਜਾਬ ਸਰਕਾਰ ਵੱਲੋਂ ਕੱਲ ਚਾਰ ਨਵੇਂ ਡਾਕਟਰਾਂ ਦੀਆਂ ਤਾਇਨਾਤੀ ਦੇ ਆਦੇਸ਼ ਜਾਰੀ  ਕਰ ਦਿਤੇ ਗਏ ਸਨ ਪ੍ਰੰਤੂ ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਤੇ ਪ੍ਰੈਸ ਸਕੱਤਰ ਸ਼ਾਹਿਦ ਜ਼ੁਬੈਰੀ ਨੇ ਸਰਕਾਰ ਵੱਲੋਂ ਚਾਰ ਡਾਕਟਰਾਂ ਦੀ ਤਾਇਨਾਤੀ ਦਾ ਸਵਾਗਤ ਕਰਦਿਆਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਿਵਲ ਸਰਜਨ ਜਾਂ ਕੋਈ ਵੱਡਾ ਅਧਿਕਾਰੀ ਧਰਨੇ ਵਿਚ ਆ ਕੇ ਇਨ੍ਹਾਂ ਡਾਕਟਰਾਂ ਨੂੰ ਘੱਟੋ ਘੱਟ ਡੇਢ ਸਾਲ ਤੱਕ ਇਥੇ ਹੀ ਤਾਇਨਾਤ ਰੱਖਣ ਅਤੇ ਹੋਰ ਖਾਲੀ ਪੋਸਟਾਂ ਭਰਨ ਦਾ ਭਰੋਸਾ ਨਹੀਂ ਦਿੰਦਾ ਉਦੋਂ ਤੱਕ ਇਹ ਰੋਸ ਧਰਨਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਵਿਵੇਕ ਪ੍ਰਤਾਪ ਸਿੰਘ ਨੇ ਦੋ ਵੱਖ-ਵੱਖ ਹੁਕਮ  ਜਾਰੀ ਕਰਕੇ ਛਾਤੀ ਅਤੇ ਟੀ.ਬੀ. ਰੋਗ ਦੇ ਮਾਹਿਰ ਡਾਕਟਰ ਨਰੇਸ਼ ਬਾਂਸਲ ਨੂੰ ਸਬ ਡਿਵੀਜਨਲ ਹਸਪਤਾਲ ਰਾਜਪੁਰਾ ਤੋਂ ਬਦਲ ਕੇ ਜਿਲ੍ਹਾ ਹਸਪਤਾਲ ਮਲੇਰਕੋਟਲਾ ਵਿਖੇ ਲਗਾ ਦਿਤਾ ਗਿਆ ਹੈ।  ਪ੍ਰਮੁੱਖ ਸਕਤਰ ਵੱਲੋਂ ਇਕ ਵੱਖਰੇ ਹੁਕਮ ਰਾਹੀਂ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਹੱਡੀਆਂ ਦੇ ਮਾਹਿਰ ਡਾ. ਮਨਦੀਪ ਸਿੰਘ ਅਤੇ ਮਨੋਰੋਗ ਮਾਹਿਰ ਡਾ. ਅਸ਼ੋਕ ਨੂੰ ਮਲੇਰਕੋਟਲਾ ਵਿਖੇ ਤਾਇਨਾਤ ਕਰ ਦਿਤਾ ਗਿਆ ਹੈ। ਜਦਕਿ ਆਈ ਮੋਬਾਇਲ ਯੂਨਿਟ ਲੁਧਿਆਣਾ ਵਿਖੇ ਕੰਮ ਕਰ ਰਹੇ ਅੱਖਾਂ ਦੇ ਮਾਹਿਰ ਡਾ. ਅਮਨਪ੍ਰੀਤ ਕੌਰ ਨੂੰ ਵੀ ਮਲੇਰਕੋਟਲੇ ਤਾਇਨਾਤ ਕੀਤਾ ਗਿਆ ਹੈ।ਅੱਜ ਧਰਨੇ ਦੇ ਛੇਵੇਂ ਦਿਨ ਧਰਨੇ ਨੂੰ ਸਮਰਥਨ ਦੇਣ ਲਈ ਕਾਂਗਰਸ, ਸ੍ਰੋਮਣੀ ਅਕਾਲੀ ਦਲ (ਬਾਦਲ), ਸੀ.ਪੀ.ਆਈ.(ਐਮ) ਅਤੇ ਬਹੁਜਨ ਸਮਾਜ ਪਾਰਟੀ ਸਮੇਤ ਕਈ ਹੋਰ ਸਿਆਸੀ, ਸਮਾਜ ਸੇਵੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮਲੇਰਕੋਟਲਾ ਹਸਪਤਾਲ ਵਿਚ ਡਾਕਟਰਾਂ ਦੀ ਮੰਗ ਲਈ ਚੱਲ ਰਹੇ ਧਰਨੇ ਨੂੰ ਹਰ ਪੱਖੋਂ ਸਰਗਰਮ ਹਿਮਾਇਤ ਦਾ ਐਲਾਨ ਕਰਦਿਆਂ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਜਨਹਿੱਤ ਦੇ ਮੁੱਦਿਆਂ ਲਈ ਡਟੀ ਰਹੇਗੀ ਜਦੋਂ ਤੱਕ ਸਾਰੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ। ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਹਲਕਾ ਇੰਚਾਰਜ ਜਾਹਿਦਾ ਸੁਲੇਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਹਸਪਤਾਲ ਵਿਚ ਡਾਕਟਰ ਪੂਰੇ ਨਹੀਂ ਕਰ ਸਕਦੀ ਤਾਂ ਹਸਪਤਾਲ ਨੂੰ ਜਿੰਦਰਾ ਲਾ ਦੇਣਾ ਚਾਹੀਦਾ ਹੈ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਮਸ਼ਾਦ ਅਨਸਾਰੀ ਤੇ ਗੁਰਜੀਤ ਸਿੰਘ ਚੱਕ,  ਸੀ.ਪੀ.ਆਈ.(ਐਮ) ਦੇ ਕਾ. ਮੁਹੰਮਦ ਸਤਾਰ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਵਰਿੰਦਰਪਾਲ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਫੀਕ ਚੌਹਾਨ, ਗੁਰਮੀਤ ਸਿੰਘ ਮਾਹਮਦਪੁਰ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰੈਸ਼ ਸਕੱਤਰ ਮਲਕੀਤ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤ੍ਰਿਲੋਚਨ ਸਿੰਘ ਧਲੇਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਛੰਨਾ ਆਦਿ ਨੇ ਸੰਬੋਧਨ ਕੀਤਾ। ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ, ਪ੍ਰੈਸ ਸਕੱਤਰ ਸ਼ਾਹਿਦ ਜ਼ੁਬੈਰੀ, ਮੁਹੰੰਮਦ ਫੈਸਲ ਰਾਣਾ, ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ, ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸੀਨ ਘੁੱਗੀ, ਕੌਂਸਲਰ ਸਬ੍ਹਾਨਾ ਨਸੀਮ ਅਤੇ ਮੁਹੰਮਦ ਸਲੀਮ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਸਾਰੀਆਂ ਖਾਲੀ ਪੋਸਟਾਂ ਭਰੀਆਂ ਨਹੀਂ ਜਾਂਦੀਆਂ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।

Similar Posts

Leave a Reply

Your email address will not be published. Required fields are marked *