ਸਿੱਖ ਕੌਮ ਮੁਸਲਿਮ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ-ਕੌਮੀ ਇਨਸਾਫ ਮੋਰਚਾ

author
0 minutes, 1 second Read

ਮੋਰਚੇ ਦੀ ਸਟੇਜ ਵੱਲੋਂ ਮੁਸਲਿਮ ਭਾਈਚਾਰੇ ਦਾ ਸਨਮਾਨ ਕਰਨ ਮੌਕੇ ਦੀਆਂ ਯਾਦਗਾਰ ਤਸਵੀਰਾਂ ।

ਕੌਮੀ ਇਨਸਾਫ ਮੋਰਚੇ ਦਾ 113ਵਾਂ ਦਿਨ

ਮੋਹਾਲੀ/ਮਲੇਰਕੋਟਲਾ, 01 ਮਈ (ਬਿਉਰੋ): ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਲਾਪਤਾ ਸਰੂਪਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਲਈ ਲੱਗੇ ਪੱਕੇ ਧਰਨੇ ਨੂੰ ਅੱਜ 113ਵਾਂ ਦਿਨ ਹੈ । 7 ਜਨਵਰੀ ਤੋਂ ਚੱਲ ਰਹੇ ਇਸ ਪੰਥਕ ਮੋਰਚੇ ਨੇ ਅਨੇਕਾਂ ਉਤਰਾਅ-ਚੜਾਅ ਦੇਖੇ । ਭਾਵੇਂ ਉਹ ਮੋਰਚੇ ਦਾ ਸਮਰਥਨ ਕਰਨ ਵਾਲਿਆਂ ਨੂੰ ਪੁਲਸ ਵੱਲੋਂ ਧਮਕਾਉਣ, ਬਾਪੂ ਸੂਰਤ ਸਿੰਘ ਖਾਲਸਾ ਦਾ ਮਾਮਲਾ, ਮੀਡੀਆ ਚੈਨਲ ਬੰਦ ਕਰਨ ਅਤੇ ਪੱਤਰਕਾਰਾਂ ਨੂੰ ਡਰਾਉਣ ਵਰਗੇ ਘਟੀਆ ਹੱਥਕੰਡੇ ਵਰਤੇ ਗਏ ਪਰੰਤੂ ਸੂਝਵਾਨ ਅਤੇ ਦੂਰਅੰਦੇਸ਼ ਪ੍ਰਬੰਧਕਾਂ ਨੇ ਹਰ ਕਠਿਨਾਈ ਨੂੰ ਸਹਿਨ ਕਰਦਿਆਂ ਨਿਮਰਤਾ ਅਤੇ ਸਬਰ ਨਾਲ ਸੰਗਤ ਨੂੰ ਜੋੜ ਕੇ ਰੱਖਿਆ । ਪੰਜਾਬ ਸਰਕਾਰ ਦੀ ਬਦਨਿਯਤੀ ਨੂੰ ਦੇਖਦਿਆਂ ਮੋਰਚੇ ਵੱਲੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਫਿਰ ਤੋਂ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਸੰਕੇਤਕ ਤੌਰ ਤੇ ਗੂੰਗੀ, ਬੋਲੀ ਪੰਜਾਬ ਸਰਕਾਰ ਦੇ ਕੰਨਾਂ ਤੱਕ ਮੋਰਚੇ ਦੀ ਆਵਾਜ਼ ਪਹੁੰਚਾੳਣ ਲਈ ਵਾਹਿਗੁਰੂ ਦਾ ਜਾਪ ਕਰਦਿਆਂ ਰੋਜ਼ਾਨਾ ਜਾਂਦਾ ਹੈ ਅਤੇ ਕੁਝ ਘੰਟੇ ਜਾਪ ਕਰਨ ਤੋਂ ਬਾਦ ਅਮਨ-ਸ਼ਾਂਤੀ ਨਾਲ ਵਾਪਸ ਮੋਰਚੇ ਵਿੱਚ ਆ ਜਾਂਦਾ ਹੈ ।

ਭਾਵੇਂ ਕਿ ਸਰਕਾਰ ਆਪਣੇ ਘੁਮੰਡ ਅਤੇ ਹਉਮੈਂ ਕਾਰਣ ਦੇਸ਼ ਦੀ ਜਨਤਾ ਨੂੰ ਇਹ ਦਿਖਾ ਰਹੀ ਹੈ ਕਿ ਮੋਰਚੇ ਦਾ ਉਸ ਉੱਤੇ ਕੋਈ ਅਸਰ ਨਹੀਂ ਹੈ ਪਰੰਤੂ ਹਕੀਕਤ ਵਿੱਚ ਕੌਮੀ ਇਨਸਾਫ ਮੋਰਚਾ ਪੰਜਾਬ ਸਰਕਾਰ ਅਤੇ ਕੇਂਦਰ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ । ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਅਤੇ ਜਾਗਦੀ ਜ਼ਮੀਰ ਵਾਲੇ ਲੋਕ ਸਰਕਾਰ ਦੀ ਤਿੱਖੀ ਆਲੋਚਨਾ ਕਰ ਰਹੇ ਹਨ ਕਿ ਆਖਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਜਦੋਂਕਿ ਕਾਨੂੰਨ ਅਨੁਸਾਰ ਉਨਾਂ ਨੂੰ ਜੇਲ੍ਹਾਂ ‘ਚ ਰੱਖਣਾ ਗੈਰ ਸੰਵਿਧਾਨਕ ਵਤੀਰਾ ਹੈ । ਮੋਰਚਾ ਲੱਗਣ ਤੋਂ ਬਾਦ ਕੁਝ ਸਿੰਘਾਂ ਨੂੰ ਪੈਰੋਲ ਵੀ ਦੇਣੀ ਸ਼ੁਰੂ ਕੀਤੀ ਹੈ ।

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਪਹਿਲੇ ਦਿਨ ਤੋਂ ਹੀ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕੀਤਾ ਜਾ ਰਿਹਾ ਹੈ । ਹਰ ਹਫਤੇ ਇੱਕ ਜੱਥਾ ਮਲੇਰਕੋਟਲਾ ਤੋਂ ਮਿੱਠੇ ਚੌਲਾਂ ਦੀਆਂ ਦੇਗਾਂ ਤਿਆਰ ਕਰਕੇ ਮੋਹਾਲੀ ਧਰਨੇ ‘ਚ ਸੰਗਤਾਂ ਨੂੰ ਪਰੋਸਦਾ ਹੈ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਕੌਮੀ ਇਨਸਾਫ ਮੋਰਚੇ ਦੀ ਵਿਸ਼ਾਲ ਸਟੇਜ ਤੋਂ ਮੁੱਖ ਪ੍ਰਬੰਧਕਾਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ, ਬਾਬਾ ਰਾਜਾ ਰਾਜ ਸਿੰਘ ਵੱਲੋਂ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਇਸ ਪਿਆਰ ਅਤੇ ਜਜ਼ਬੇ ਨੂੰ ਦੇਖਦੇ ਹੋਏ ਐਡਵੋਕੇਟ ਮੁਹੰਮਦ ਜਮੀਲ, ਹਾਜੀ ਮੁਹੰਮਦ ਬਾਬੂ, ਚੌਧਰੀ ਲਿਆਕਤ ਅਲੀ, ਮੁਹੰਮਦ ਨਦੀਮ ਰਾਹੀਂ ਵਿਸ਼ੇਸ ਸਨਮਾਨ ਕਰਦਿਆਂ ਕਿਹਾ ਕਿ ਸਿੱਖ ਕੌਮ ਮੁਸਲਿਮ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ । ਇਸ ਮੌਕੇ ਉਨਾਂ ਨਵਾਬ ਸ਼ੇਰ ਮੁਹੰਮਦ ਖਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਲਈ ਮਾਰੇ ਗਏ ‘ਹਾਅ ਦੇ ਨਾਅਰੇ’ ਦਾ ਵੀ ਜ਼ਿਕਰ ਕੀਤਾ ।

ਇਸ ਮੌਕੇ ਉਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਮੋਰਚੇ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ । ਉਨਾਂ ਕਿਹਾ ਕਿ ਸਿਰਫ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿੱਚੋਂ ਹਰ ਪਿੰਡ ਦੀ ਇੱਕ ਟਰਾਲੀ ਅਤੇ ਪੰਜ ਵਿਅਕਤੀ ਪੱਕੇ ਤੌਰ ਤੇ ਮੋਰਚੇ ਵਿੱਚ ਸ਼ਾਮਲ ਰਹਿਣ ਕਿਉਂ ਜੋ ਲੋਕਾਂ ਦੀ ਤਾਕਤ ਨੂੰ ਦੇਖਦਿਆਂ ਸਰਕਾਰਾਂ ਦੇ ਤੇਵਰ ਨਰਮ ਪੈਂਦੇ ਹਨ । ਲੋਕਾਂ ਦੀ ਤਾਕਤ ਅੱਗੇ ਵੱਡੇ ਤੋਂ ਵੱਡੇ ਤਾਨਾਸ਼ਾਹ ਵੀ ਗੋਡੇ ਟੇਕ ਦਿੰਦੇ ਹਨ ਜੋ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਰਾਹੀਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਰ ਦਿਖਾਇਆ ਹੈ ।

Similar Posts

Leave a Reply

Your email address will not be published. Required fields are marked *